ਭਾਜਪਾ ਦੀ ਨਵੀਂ ਟੀਮ ਦਾ ਐਲਾਨ, ਤਰੁਣ ਚੁੱਘ ਬਣੇ ਨੈਸ਼ਨਲ ਜਨਰਲ ਸੈਕਟਰੀ
Saturday, Sep 26, 2020 - 04:45 PM (IST)
ਨਵੀਂ ਦਿੱਲੀ/ਜਲੰਧਰ— ਭਾਰਤੀ ਜਨਤਾ ਪਾਰਟੀ ਵੱਲੋਂ ਅਧਿਕਾਰੀਆਂ ਦੀ ਨਵੀਂ ਟੀਮ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਟੀਮ ਦਾ ਐਲਾਨ ਪਾਰਟੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਵੱਲੋਂ ਕੀਤਾ ਗਿਆ ਹੈ। ਜੇ. ਪੀ. ਨੱਡਾ ਨੇ ਆਪਣੀ ਟੀਮ 'ਚ ਭਾਜਪਾ ਆਗੂ ਤਰੁਣ ਚੁੱਘ ਨੂੰ ਵੀ ਸ਼ਾਮਲ ਕੀਤਾ ਹੈ। ਤਰੁਣ ਚੁੱਘ ਨੂੰ ਨੈਸ਼ਨਲ ਜਨਰਲ ਸੈਕਟਰੀ ਵਜੋ ਨਿਯੁਕਤੀ ਕੀਤਾ ਗਿਆ ਹੈ।
ਇਸ ਦੇ ਇਲਾਵਾ ਪੰਜਾਬ ਦੇ ਇਕਬਾਲ ਸਿੰਘ ਲਾਲਪੁਰਾ ਨੂੰ ਵੀ ਬੁਲਾਰੇ ਵਜੋ ਨਿਯੁਕਤ ਕੀਤਾ ਗਿਆ ਹੈ। ਇਥੇ ਦੱਸ ਦਈਏ ਕਿ ਇਸ ਵਾਰ ਨਵੀਂ ਟੀਮ 'ਚ ਸਾਰੇ ਸੂਬਿਆਂ ਤੋਂ ਨੌਜਵਾਨਾਂ ਅਤੇ ਔਰਤਾਂ ਨੂੰ ਮੌਕਾ ਦਿੱਤਾ ਗਿਆ ਹੈ। ਜੇ. ਪੀ. ਨੱਡਾ ਦੇ ਪ੍ਰਧਾਨ ਬਣਨ ਤੋਂ ਬਾਅਦ ਇਹ ਪਹਿਲਾ ਵੱਡਾ ਬਦਲਾਅ ਹੈ।
ਪਹਿਲੀ ਵਾਰ 12 ਰਾਸ਼ਟਰੀ ਉੱਪ ਪ੍ਰਧਾਨ
ਭਾਜਪਾ ਨੇ ਪਹਿਲੀ ਵਾਰ ਰਾਸ਼ਟਰੀ ਉੱਪ ਪ੍ਰਧਾਨ ਬਣਾਏ ਹਨ। ਤੇਜਸਵੀ ਸੂਰਿਆ ਨੂੰ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦਾ ਪ੍ਰਧਾਨ ਚੁਣਿਆ ਗਿਆ ਹੈ। ਭਾਜਪਾ ਨੇ ਰਾਸ਼ਟਰੀ ਜਨਰਲ ਸਕੱਤਰ ਰਾਮ ਮਾਧਵ, ਪੀ. ਮੁਰਲੀਧਰ ਰਾਓ, ਅਨਿਲ ਜੈਨ ਅਤੇ ਸੂਰਜ ਪਾਂਡੇ ਦੀ ਜਗ੍ਹਾ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ। ਉਨ੍ਹਾਂ ਦੀ ਥਾਂ 8 ਜਗ੍ਹਾ ਨਵੇਂ ਰਾਸ਼ਟਰੀ ਜਨਰਲ ਸਕੱਤਰ ਬਣਾਏ ਗਏ ਹਨ।
ਦੱਸਣਯੋਗ ਹੈ ਕਿ ਜੇ. ਪੀ. ਨੱਡਾ ਨੇ ਆਪਣੀ ਨਵੀਂ ਟੀਮ ਦਾ ਐਲਾਨ ਅਜਿਹੇ ਸਮੇਂ 'ਚ ਕੀਤਾ ਹੈ ਜਦੋਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਤਾਰੀਖ਼ਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਇਹ ਹੀ ਨਹੀਂ ਸਗੋਂ ਦੇਸ਼ ਦੇ ਕਈ ਸੂਬਿਆਂ 'ਚ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਸੀਟਾਂ 'ਤੇ ਉੱਪ ਚੋਣ ਵੀ ਹੋਣ ਵਾਲੀ ਹੈ।