ਪੱਤਰਕਾਰੀ ਕਰ ਰਹੇ ਅਧਿਆਪਕਾਂ ਦੀ ਹੁਣ ਖੈਰ ਨਹੀਂ, ਸਿੱਖਿਆ ਵਿਭਾਗ ਵਲੋਂ ਚਿਤਾਵਨੀ ਜਾਰੀ
Wednesday, Nov 13, 2019 - 09:28 PM (IST)
ਜਲੰਧਰ,(ਨਰਿੰਦਰ ਮੋਹਨ): ਪੰਜਾਬ ਦੇ ਸਿੱਖਿਆ ਵਿਭਾਗ 'ਚ ਸਰਕਾਰੀ ਨੌਕਰੀ ਕਰਨ ਵਾਲੇ ਉਨ੍ਹਾਂ ਲੋਕਾਂ ਦੀ ਖੈਰ ਨਹੀਂ, ਜੋ ਨੌਕਰੀ ਦੇ ਨਾਲ-ਨਾਲ ਪੱਤਰਕਾਰੀ ਵੀ ਕਰ ਰਹੇ ਹਨ। ਸਿੱਖਿਆ ਵਿਭਾਗ ਨੇ ਇਕ ਚਿੱਠੀ ਜਾਰੀ ਕਰ ਕੇ ਅਜਿਹੇ ਮੁਲਾਜ਼ਮਾਂ ਲਈ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਉਲੰਘਣਾ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਬੀਤੇ ਸਮੇਂ ਦੌਰਾਨ ਜੇ ਕਿਸੇ ਅਧਿਕਾਰੀ ਨੇ ਮੁਲਾਜ਼ਮ ਨੂੰ ਪੱਤਰਕਾਰੀ ਕਰਨ ਦੀ ਆਗਿਆ ਦਿੱਤੀ ਤਾਂ ਉਸ ਨੂੰ ਵੀ ਰੱਦ ਮੰਨਿਆ ਜਾਏਗਾ।
ਸਿੱਖਿਆ ਵਿਭਾਗ ਦੀ ਅਪੁਸ਼ਟ ਸੂਚੀ ਮੁਤਾਬਕ 270 ਤੋਂ ਵੱਧ ਅਜਿਹੇ ਮੁਲਾਜ਼ਮ ਹਨ, ਜੋ ਸਿੱਖਿਆ ਵਿਭਾਗ ਵਿਚ ਅਧਿਆਪਕ ਦੀ ਨੌਕਰੀ ਦੇ ਨਾਲ-ਨਾਲ ਪੱਤਰਕਾਰੀ ਵੀ ਕਰ ਰਹੇ ਹਨ। ਕੁਝ ਆਪਣੀ ਪਤਨੀ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਨਾਂ 'ਤੇ ਇਹ ਪੱਤਰਕਾਰੀ ਕਰਦੇ ਹਨ। ਸਿੱਖਿਆ ਵਿਭਾਗ ਨੂੰ ਸਰਕਾਰ ਨੇ ਚੌਕਸ ਕੀਤਾ ਸੀ ਕਿ ਵਿਭਾਗ ਦੇ ਕੁਝ ਮੁਲਾਜ਼ਮ ਅਧਿਕਾਰੀਆਂ 'ਤੇ ਆਪਣਾ ਪ੍ਰਭਾਵ ਪਾਉਣ ਦੇ ਇਰਾਦੇ ਨਾਲ ਪੱਤਰਕਾਰੀ ਕਰਦੇ ਹਨ। ਅਜਿਹੇ ਕੁਝ ਮੁਲਾਜ਼ਮ ਕਮ ਪੱਤਰਕਾਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਵੀ ਲਿਖ ਰਹੇ ਹਨ। ਕੁਝ ਪੱਤਰਕਾਰੀ ਤੋਂ ਆਨਰੇਰੀਅਮ ਜਾਂ ਤਨਖਾਹ ਵੀ ਲੈ ਰਹੇ ਹਨ। ਉਹ ਆਪਣੀ ਮੂਲ ਡਿਊਟੀ ਕਰਨ ਵਿਚ ਨਾਕਾਮ ਹੋ ਰਹੇ ਹਨ। ਇਨ੍ਹਾਂ ਵਿਚੋਂ ਕੁਝ ਕਾਲਮ ਲੇਖਕ, ਕੁਝ ਪੁਸਤਕ ਲੇਖਕ ਅਤੇ ਕੁਝ ਟੀ. ਵੀ. ਚੈਨਲਾਂ 'ਤੇ ਬਹਿਸ ਵਿਚ ਹਿੱਸਾ ਲੈਣ ਵਾਲੇ ਹਨ। ਸਿੱਖਿਆ ਵਿਭਾਗ ਦੇ ਡਾਇਰੈਕਟੋਰੇਟ ਵਲੋਂ ਜਾਰੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਸਰਕਾਰੀ ਮੁਲਾਜ਼ਮ ਬਿਨਾਂ ਆਗਿਆ ਤੋਂ ਕਿਸੇ ਅਖਬਾਰ, ਟੀ. ਵੀ. ਜਾਂ ਬਹਿਸ ਵਿਚ ਪੂਰਨ ਜਾਂ ਅੰਸ਼ਕ ਰੂਪ ਵਿਚ ਹਿੱਸਾ ਨਹੀਂ ਲੈ ਸਕਦਾ। ਕੁਝ ਸਰਕਾਰੀ ਮੁਲਾਜ਼ਮ ਪੁਸਤਕਾਂ ਪ੍ਰਕਾਸ਼ਿਤ ਕਰਵਾ ਰਹੇ ਹਨ ਜਾਂ ਅਖਬਾਰਾਂ ਲਈ ਕੰਮ ਕਰ ਰਹੇ ਹਨ। ਅਜਿਹੇ ਮੁਲਾਜ਼ਮਾਂ ਵਿਰੁੱਧ ਹੁਣ ਕਾਰਵਾਈ ਕੀਤੀ ਜਾਏਗੀ।