ਜੁਗਿੰਦਰ ਸੰਧੂ ਮਨੁੱਖੀ ਸਰੋਕਾਰਾਂ ਦੇ ਸ਼ਾਇਰ ਹਨ : ਪ੍ਰੋ. ਔਜਲਾ

07/16/2019 3:14:47 PM

ਜਲੰਧਰ (ਜ. ਬ.)— ਸਾਹਿਤਕ ਅਤੇ ਸੱਭਿਆਚਾਰਕ ਸੰਸਥਾ 'ਫੁਲਕਾਰੀ' ਵੱਲੋਂ ਜੁਗਿੰਦਰ ਸੰਧੂ ਦੀ ਕਾਵਿ-ਕਿਤਾਬ 'ਸਿਰ ਵਿਹੂਣੇ ਧੜ' ਉੱਤੇ ਬੀਤੇ ਦਿਨ ਵਿਚਾਰ ਚਰਚਾ ਕਰਵਾਈ ਗਈ। ਇਸ ਚਰਚਾ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਕੁਲਵੰਤ ਔਜਲਾ ਨੇ ਕਿਹਾ ਕਿ 'ਸਿਰ ਵਿਹੂਣੇ ਧੜ' ਦੀ ਕਵਿਤਾ ਦਾ ਜੋ ਰੰਗ ਰੰਗ ਹੈ, ਉਹ ਲੋਕ-ਰੰਗ ਹੈ। ਸੰਧੂ ਮਨੁੱਖੀ ਸਰੋਕਾਰਾਂ ਦੇ ਸ਼ਾਇਰ ਹਨ। ਉਨ੍ਹਾਂ ਦੇ ਸਰੋਕਾਰ ਕਿਸਾਨੀ ਦਾ ਸੰਕਟ ਹਨ, ਖੇਤ ਮਜ਼ਦੂਰ ਹਨ, ਵਾਤਾਵਰਣ ਹੈ, ਵਿਵੇਕ ਗੁਆ ਰਿਹਾ ਮਨੁੱਖ ਹੈ, ਸੰਵੇਦਨਾ ਗੁਆ ਰਿਹਾ ਬੰਦਾ ਹੈ, ਆਪਣਾ ਸੱਭਿਆਚਾਰ ਹੈ, ਅਮਨ ਦਾ ਪੈਗਾਮ ਹੈ।ਉਨ੍ਹਾਂ ਕਿਹਾ ਕਿ ਜੁਗਿੰਦਰ ਸੰਧੂ ਦੀ ਕਵਿਤਾ ਜੋ ਹੈ ਉਹ ਲੈਅ ਵਾਲੀ ਹੈ ਅਤੇ ਰਿਦਮ ਵਾਲੀ ਹੈ। ਇਸੇ ਕਰਕੇ ਇਹ ਸਟੇਜੀ ਸ਼ਾਇਰੀ ਦੇ ਵੀ ਬਹੁਤ ਨਜ਼ਦੀਕ ਹੈ ਅਤੇ ਪੜ੍ਹਨ 'ਚ ਰੌਚਕ ਲੱਗਦੀ ਹੈ।ਇਸ ਪੁਸਤਕ 'ਤੇ ਪੇਪਰ ਪੇਸ਼ ਕਰਨ ਵਾਲੇ ਡਾ. ਰਾਮ ਮੂਰਤੀ ਨੇ ਕਿਹਾ ਕਿ ਅੱਜ ਪੰਜਾਬੀ ਕਵਿਤਾ ਦੋ ਧਾਰਾਵਾਂ 'ਚ ਵਹਿ ਰਹੀ ਹੈ। ਇਕ ਧਾਰਾ ਲੋਕਾਂ ਦੀ ਕਵਿਤਾ ਦੀ ਹੈ ਅਤੇ ਦੂਜੀ ਉਨ੍ਹਾਂ ਕਵਿਤਾਵਾਂ ਦੀ, ਜਿਨ੍ਹਾਂ ਨੇ ਸਾਡੇ ਸਿਲੇਬਸਾਂ ਦਾ ਹਿੱਸਾ ਬਣਨਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਜਾਤੀ/ਜਮਾਤੀ ਸ਼ਾਇਰੀ ਨਾਲੋਂ ਅੱਜ ਜੇਕਰ ਵਾਤਾਵਰਣ ਨੂੰ ਸੰਬੋਧਿਤ ਸ਼ਾਇਰੀ ਕੀਤੀ ਜਾਵੇ ਤਾਂ ਉਹ ਇਕ ਸਮਾਜਿਕ ਸੰਘਰਸ਼ ਦਾ ਹਥਿਆਰ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜੁਗਿੰਦਰ ਸੰਧੂ ਦੀ ਸ਼ਾਇਰੀ 'ਚ ਇਹ ਵਿਸ਼ੇਸ਼ਤਾ ਹੈ ਕਿ ਇਹ ਬਹੁ-ਵੰਨੀ ਅਤੇ ਬਹੁ-ਧਾਰਾਵੀ ਵੀ ਹੈ। ਇਸ 'ਚ ਵਿਸ਼ਿਆਂ ਦੀ ਭਰਮਾਰ ਹੈ। ਸੰਧੂ ਆਪਣੇ ਸਮਾਜਿਕ ਸਰੋਕਾਰਾਂ ਨਾਲੋਂ ਕਿਤੇ ਵੀ ਤੋੜ-ਵਿਛੋੜਾ ਨਹੀਂ ਕਰਦੇ।

ਦੂਜੇ ਪੇਪਰ ਪੇਸ਼ਕਰਤਾ ਧਰਮਪਾਲ ਸਾਹਿਲ ਨੇ ਸੰਧੂ ਦੀ ਕਵਿਤਾ ਨੂੰ ਪੰਜਾਬੀ ਮਨ ਦੇ ਨੇੜਲੀ ਕਵਿਤਾ ਕਿਹਾ। ਦੇਸ ਰਾਜ ਕਾਲੀ ਨੇ ਕਿਹਾ ਕਿ ਸੰਧੂ ਕਿਉਂਕਿ ਪੱਤਰਕਾਰ ਵੀ ਹਨ, ਇਸ ਕਰਕੇ ਉਨ੍ਹਾਂ ਦੀ ਕਵਿਤਾ ਇਕ ਨਿੱਗਰ ਨਿਰਣੇ ਵਾਲੀ ਅਤੇ ਔਥੈਂਟਿਕ ਜਾਣਕਾਰੀਆਂ ਵਾਲੀ ਹੈ। ਕਿਸਾਨੀ ਸਰੋਕਾਰ ਇਸ ਕਵਿਤਾ ਦਾ ਧੁਰਾ ਹੈ। ਕੁਲਦੀਪ ਸਿੰਘ ਬੇਦੀ ਨੇ ਕਿਹਾ ਕਿ ਸੰਧੂ ਦੀ ਕਵਿਤਾ ਅਮਨ ਦਾ ਸੁਨੇਹਾ ਹੈ, ਇਤਿਹਾਸਕ ਹਵਾਲਿਆਂ ਰਾਹੀਂ ਸੰਵੇਦਨਾ ਜਗਾਉਣ ਦਾ ਉਪਰਾਲਾ ਹੈ।

'ਸਿਰ ਵਿਹੂਣੇ ਧੜ' ਉੱਤੇ ਵਿਚਾਰ ਦਿੰਦੇ ਪ੍ਰੋ. ਗੋਪਾਲ ਬੁੱਟਰ ਨੇ ਕਿਹਾ ਕਿ ਸੰਧੂ ਦੀ ਕਵਿਤਾ ਉੱਪਰ ਕੁਝ ਪੁਰਾਣੇ ਕਵੀਆਂ ਦੇ ਪ੍ਰਭਾਵ ਨਜ਼ਰ ਆਉਂਦੇ ਹਨ, ਜੋ ਕਿਸੇ ਵੀ ਕਵੀ ਲਈ ਉਲ੍ਹਾਮਾ ਨਹੀਂ, ਬਲਕਿ ਇਕ ਪ੍ਰਵਾਹ ਦੀ ਲਗਾਤਾਰਤਾ ਹੀ ਹੁੰਦੀ ਹੈ। ਸੰਧੂ ਦੀ ਕਵਿਤਾ ਸਿੱਖ ਧਰਮ 'ਚੋਂ ਕੁਝ ਅਕੀਦੇ ਲੈ ਕੇ ਉਨ੍ਹਾਂ ਉੱਤੇ ਪਹਿਰਾ ਦਿੱਤੇ ਜਾਣ ਦੀ ਗਵਾਹੀ ਦਿੰਦੀ ਹੈ। ਇਸ ਮੌਕੇ ਜੁਗਿੰਦਰ ਸੰਧੂ ਨੇ ਆਪਣੀਆਂ ਕੁਝ ਕਵਿਤਾਵਾਂ ਵੀ ਸੁਣਾਈਆਂ। ਇਸ ਸਮਾਗਮ 'ਚ ਹੋਰਨਾਂ ਤੋਂ ਇਲਾਵਾ ਨਰਿੰਦਰ ਕੰਗ, ਨਰਿੰਦਰ ਸੱਤੀ, ਰਕੇਸ਼ ਅਨੰਦ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।


shivani attri

Content Editor

Related News