3 ਦਿਨ ਪਹਿਲਾਂ ਜੁਆਇਨ ਕੀਤੀ ਸੀ ਨੌਕਰੀ, ਪ੍ਰਾਈਵੇਟ ਹਸਪਤਾਲ ’ਚ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ
Thursday, Sep 01, 2022 - 07:32 PM (IST)
 
            
            ਪਠਾਨਕੋਟ (ਸ਼ਾਰਦਾ)-ਬੀਤੀ ਰਾਤ ਸ਼੍ਰੀ ਰਾਮ ਮਾਰਕੀਟ ਕੋਲ ਸਥਿਤ ਪ੍ਰਾਈਵੇਟ ਚਿਲਡ੍ਰਨ ਹਸਪਤਾਲ ’ਚ ਤਾਇਨਾਤ 22 ਸਾਲਾ ਲੜਕੀ ਦੀ ਲਾਸ਼ ਸ਼ੱਕੀ ਹਾਲਾਤ ’ਚ ਪੱਖੇ ਨਾਲ ਲਟਕਦੀ ਹੋਈ ਮਿਲੀ, ਜਿਸ ਕਾਰਨ ਹਸਪਤਾਲ ’ਚ ਹੜਕੰਪ ਮਚ ਗਿਆ। ਇਸ ਸਬੰਧ ’ਚ ਜਾਂਚ ਕਰ ਰਹੇ ਡਵੀਜ਼ਨ ਨੰ. 1 ਦੇ ਮੁਖੀ ਸ਼ੋਹਰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਲੜਕੀ ਜੋ ਪਹਿਲਾਂ ਕਿਸੇ ਹੋਰ ਹਸਪਤਾਲ ’ਚ ਬਤੌਰ ਹੈਲਥ ਵਰਕਰ ਕੰਮ ਕਰ ਰਹੀ ਸੀ। ਉਸ ਨੇ ਇਸ ਹਸਪਤਾਲ ’ਚ 28 ਅਗਸਤ ਨੂੰ ਜੁਆਇਨ ਕੀਤਾ ਸੀ ਅਤੇ ਬੀਤੀ ਰਾਤ ਉਹ 8 ਵਜੇ ਡਿਊਟੀ ’ਤੇ ਆਈ ਪਰ ਕੁਝ ਦੇਰ ਬਾਅਦ ਉਹ ਸੈਕੰਡ ਫਲੋਰ ’ਤੇ ਖਾਣਾ ਖਾਣ ਚਲੀ ਗਈ। ਜਦੋਂ ਤਕਰੀਬਨ 11 ਵਜੇ ਸਟਾਫ਼ ਨੇ ਦੇਖਿਆ ਕਿ ਉਹ ਡਿਊਟੀ ’ਤੇ ਨਹੀਂ ਆਈ ਤਾਂ ਉਸ ਨੂੰ ਉਪਰ ਜਾ ਕੇ ਲੱਭਿਆ ਤਾਂ ਕਮਰਾ ਬੰਦ ਮਿਲਿਆ।
ਇਸ ਦੌਰਾਨ ਜਦੋਂ ਸਟਾਫ਼ ਵੱਲੋਂ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਲਾਸ਼ਾ ਪੱਖੇ ਨਾਲ ਲਟਕਦੀ ਹੋਈ ਮਿਲੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਹਿਮਾਚਲ ਦੇ ਚੰਬਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਉਥੇ ਹੀ ਸ਼ੱਕੀ ਹਾਲਾਤ ’ਚ ਲਾਸ਼ ਮਿਲਣ ਦੇ ਚੱਲਦਿਆਂ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਕਤਲ ਦਾ ਖ਼ਦਸ਼ਾ ਜਤਾਇਆ, ਜਿਸ ਦੇ ਚੱਲਦਿਆਂ ਪੁਲਸ ਨੇ ਸੀ. ਆਰ. ਪੀ. ਸੀ. ਦੀ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            