ਪਿੰਡ ਝਬਾਲ ਵਿਖੇ ਚੋਰਾਂ ਨੇ 2 ਘਰਾਂ ਨੂੰ ਬਣਾਇਆ ਨਿਸ਼ਾਨਾ
Friday, Oct 25, 2019 - 04:17 PM (IST)
ਝਬਾਲ (ਨਰਿੰਦਰ)- ਬੀਤੀ ਰਾਤ ਚੋਰਾਂ ਵਲੋਂ ਝਬਾਲ ਪਿੰਡ ਦੇ ਹਰਕ੍ਰਿਸ਼ਨ ਸਕੂਲ਼ ਨੇੜੇ ਸਥਿਤ ਦੋ ਘਰਾਂ 'ਚ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਸੋਨਾ ਆਦਿ ਚੋਰੀ ਕਰਕੇ ਲੈ ਜਾਣ ਦਾ ਮਾਮਲ ਸਾਹਮਣੇ ਆਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫੌਜੀ ਬਲਵਿੰਦਰ ਸਿੰਘ ਅਤੇ ਉਸ ਦੀ ਪਤਨੀ ਮੈਂਬਰ ਪੰਚਾਇਤ ਲਖਬੀਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਕਮਰੇ 'ਚ ਸੁੱਤੇ ਹੋਏ ਸਨ ਤਾਂ ਚੋਰਾਂ ਨੇ ਉਨ੍ਹਾਂ ਦੇ ਘਰ ਦਾ ਪਿਛਲਾ ਕਮਰਾ ਖੋਲ੍ਹ ਲਿਆ। ਉਨ੍ਹਾਂ ਨੇ ਕਮਰੇ ਦੇ ਅੰਦਰ ਪਈ ਗੋਦਰੇਜ਼ ਦੀ ਅਲਮਾਰੀ ਦੇ ਤਾਲੇ ਤੋੜ ਕੇ ਅੰਦਰੋ 12 ਹਜ਼ਾਰ ਰੁਪਏ ਦੀ ਨਕਦੀ, 1 ਸੋਨੇ ਦੀ ਚੇਨ, 1 ਸੋਨੇ ਦੀ ਛਾਪ, 1 ਘੜੀ, ਚਾਂਦੀ ਦੀਆਂ ਸਕੁੰਤਲਾ ਅਤੇ ਹੋਰ ਜਰੂਰੀ ਸਾਮਾਨ ਚੋਰੀ ਕਰ ਲਿਆ। ਚੋਰੀ ਦਾ ਖੜਾਕਾ ਸੁਣ ਕੇ ਜਦੋਂ ਉਨ੍ਹਾਂ ਦੀ ਜਾਗ ਖੁੱਲ੍ਹੀ ਤਾਂ ਚੋਰ ਸਾਮਾਨ ਸਣੇ ਕੰਧ ਟੱਪ ਕੇ ਦੌੜ ਗਏ। ਪਰਿਵਾਰ ਦੇ ਮੈਂਬਰਾਂ ਨੇ ਚੋਰੀ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਨ੍ਹਾਂ ਵਲੋਂ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਇਸੇ ਤਰ੍ਹਾਂ ਕੁਲਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਦੇ ਘਰ ਦਾਖਲ ਹੋ ਕੇ ਜਦੋਂ ਚੋਰਾਂ ਨੇ ਅਲਮਾਰੀ ਦੇ ਜਿੰਦੜੇ ਤੋੜਨੇ ਸ਼ੁਰੂ ਕੀਤੇ ਤਾਂ ਪਰਿਵਾਰ ਵਾਲਿਆਂ ਦੀ ਜਾਗ ਖੁੱਲ੍ਹ ਗਈ। ਘਰਦਿਆਂ ਦੇ ਅਚਾਨਕ ਉੱਠ ਜਾਣ ਕਰਕੇ ਚੋਰ ਭੱਜ ਗਏ, ਜਿਸ ਕਾਰਨ ਕੀਮਤੀ ਸਾਮਾਨ ਚੋਰੀ ਹੋਣ ਤੋਂ ਬਚ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਝਬਾਲ ਦੇ ਐਡੀਸ਼ਨਲ ਥਾਣਾ ਮੁਖੀ ਕਰਨਜੀਤ ਸਿੰਘ ਪੁਲਸ ਫੋਰਸ ਸਣੇ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਸੀ.ਸੀ.ਟੀ.ਵੀ. ਦੀ ਫੁਟੇਜ ਖੰਗਾਲੀ ਜਾ ਰਹੀ ਹੈ।