ਖੁਸ਼ੀ ਮੌਕੇ ਸਮਾਜ ਨੂੰ ਸੇਧ ਦੇਣ ਵਾਲੇ ਉਪਰਾਲੇ ਕਰਨਾ ‘ਦੂਰ ਅੰਦੇਸ਼ਤਾ ਦਾ ਪ੍ਰਤੀਕ’: ਜਥੇਦਾਰ
Wednesday, Nov 20, 2019 - 03:06 PM (IST)

ਫਤਿਹਗੜ੍ਹ ਸਾਹਿਬ (ਜਗਦੇਵ, ਬਿਪਨ ) - ਖੁਦਕਸ਼ੀਆਂ ਨੂੰ ਠੱਲ ਪਾਉਣ ਲਈ ਲੋਕਾਂ ਨੂੰ ਮਹਿੰਗੇ ਵਿਆਹਾਂ ਸਮਾਗਮਾਂ ਨੂੰ ਛੱਡ ਕੇ ਸਾਦੇ ਵਿਆਹ ਕਰਨ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਮਾਜ ’ਚ ਨਿਵੇਕਲੀ ਕਿਸਮ ਦਾ ਵਿਆਹ ਰਚਾਉਣ ਵਾਲੇ ਜੋੜਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਕਿਹਾ। ਜਾਣਕਾਰੀ ਅਨੁਸਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਪੰਜੋਲੀ ਵਿਖੇ ਗੁਰੂ ਮਰਿਆਦਾ ਅਨੁਸਾਰ ਸਾਦਾ ਵਿਆਹ ਕਰਾਉਣ ਵਾਲੇ ਦੋ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਸਨ ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜੋਲੀ ਕਲਾਂ ਦੇ ਨੌਜਵਾਨ ਜਗਜੀਤ ਸਿੰਘ ਪੰਜੋਲੀ ਤੇ ਪਰਵਿੰਦਰ ਸਿੰਘ ਬਾਠ ਚਚੇਰੇ ਭਰਾਵਾਂ ਵਲੋਂ ‘ਸਾਦੇ ਵਿਆਹ, ਸਾਦੇ ਭੋਗ, ਨਾ ਚਿੰਤਾ, ਨਾ ਕਰਜ਼ੇ ਦਾ ਬੋਝ’ ਵਾਲੀਆਂ ਸਤਰਾਂ ’ਤੇ ਪਹਿਰਾ ਦਿੰਦੇ ਹੋਏ ਆਨੰਦ ਕਾਰਜ ਕਰਵਾਏ ਗਏ ਸਨ। ਅਨੰਦ ਕਾਰਜ ਉਪਰੰਤ ਦੋਵੇਂ ਜੋੜਿਆਂ ਨੇ ਪੁਨਰਜੋਤ ਆਈ ਬੈਂਕ ਪਾਸ ਨੇਤਰ ਦਾਨ ਦੇ ਫਾਰਮ ਭਰਕੇ ਸਮਾਜ ਨੂੰ ਇਕ ਵਿਲੱਖਣ ਕਿਸਮ ਦੀ ਸੇਧ ਦੇਣ ਦਾ ਯਤਨ ਕੀਤਾ, ਜੋ ਮੀਡੀਆ ’ਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਥੇਦਾਰ ਨੇ ਪਰਿਵਾਰ ਨਾਲ ਸਾਦੇ ਵਿਆਹ ਬਾਰੇ ਗੱਲਾਂ-ਬਾਤਾਂ ਕਰਦਿਆਂ ਸਮੁੱਚੇ ਪਰਿਵਾਰ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਅਤੇ ਵਧਾਈਆਂ ਦਿੱਤੀਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਸਾਹਿਬ ਭਾਈ ਹਰਪ੍ਰੀਤ ਸਿੰਘ ਨੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਕੋਰੀਡਰ ਤੱਕ ਦੇ ਕਰੀਬ ਡੇਢ ਕਿਲੋਮੀਟਰ ਦੇ ਸਫ਼ਰ ਨੂੰ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਸਪੈਸ਼ਲ ਵਾਹਨ ਚਲਾਏ ਜਾਣ ਦੀ ਅਪੀਲ ਕੀਤੀ ਹੈ। ਇਹ ਅਪੀਲ ਉਨ੍ਹਾਂ ਨੇ ਇਸ ਕਰਕੇ ਕੀਤੀ ਹੈ ਤਾਂਕਿ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਆਉਣ ਜਾਣ ਵਾਲੀ ਸੰਗਤ ਨੂੰ ਪੈਦਲ ਤੁਰਨ ’ਚ ਕੋਈ ਪਰੇਸ਼ਾਨੀ ਨਾ ਆਵੇ। ਜਥੇਦਾਰ ਸਾਹਿਬ ਨੇ ਪਾਕਿ ਸਰਕਾਰ ਤੋਂ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਲਈ ਸ਼ਰਧਾਲੂਆਂ ਪਾਸੋਂ ਪਾਸਪੋਰਟ ਦੀ ਸ਼ਰਤ ਖ਼ਤਮ ਕਰਕੇ ਆਧਾਰ ਕਾਰਡ ਨਾਲ ਜਾਣ ਦੀ ਇਜ਼ਾਜਤ ਅਤੇ 20 ਡਾਲਰ ਰਕਮ ਅਦਾ ਕਰਨ ਦੀ ਰੱਖੀ ਸ਼ਰਤ ਨੂੰ ਮੁੰਕਮਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਇਸ ਅਪੀਲ ਦੇ ਸਦਕਾ ਸ਼ਰਧਾਲੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਸ੍ਰੀ ਕਰਤਾਰਪੁਰ ਦੇ ਦਰਸ਼ਨ ਕਰ ਸਕਦੇ ਹਨ।