ਪਹਿਲੀ ਵਾਰ ਸਾਹਮਣੇ ਆਈ ਰੇਹੜੀ ਵਾਲੇ ‘ਜਸਪ੍ਰੀਤ’ ਦੀ ਮਾਂ, ਦੱਸਿਆ ਮਾਸੂਮ ਬੱਚਿਆਂ ਨੂੰ ਛੱਡ ਕਿਉਂ ਚਲੀ ਗਈ ਪੇਕੇ ?

Tuesday, May 14, 2024 - 01:19 PM (IST)

ਪਹਿਲੀ ਵਾਰ ਸਾਹਮਣੇ ਆਈ ਰੇਹੜੀ ਵਾਲੇ ‘ਜਸਪ੍ਰੀਤ’ ਦੀ ਮਾਂ, ਦੱਸਿਆ ਮਾਸੂਮ ਬੱਚਿਆਂ ਨੂੰ ਛੱਡ ਕਿਉਂ ਚਲੀ ਗਈ ਪੇਕੇ ?

ਜਲੰਧਰ (ਵੈੱਬਡੈਸਕ)- ਬੀਤੇ ਕੁਝ ਦਿਨਾਂ ਤੋਂ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਮਾਸੂਮ ਬੱਚਾ ਖਾਣੇ ਦੀ ਰੇਹੜੀ ਲਗਾ ਕੇ ਆਪਣਾ ਤੇ ਆਪਣੀ ਭੈਣ ਗੁਜ਼ਾਰਾ ਕਰ ਰਿਹਾ ਹੈ। ਉਸ ਬੱਚੇ ਦਾ ਨਾਂ ਹੈ ਜਸਪ੍ਰੀਤ ਤੇ ਉਹ ਦਿਨ ਵੇਲੇ ਸਕੂਲ ਪੜ੍ਹਨ ਜਾਂਦਾ ਹੈ ਤੇ ਸ਼ਾਮ ਨੂੰ ਸਕੂਲ ਤੋਂ ਵਾਪਸ ਆ ਕੇ ਰੇਹੜੀ ਲਗਾਉਂਦਾ ਹੈ। ਬੀਤੇ ਮਹੀਨੇ 14 ਅਪ੍ਰੈਲ ਨੂੰ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਉਸ ਦੀ ਮਾਂ ਉਸ ਨੂੰ ਛੱਡ ਕੇ ਚਲੀ ਗਈ ਸੀ। ਇਸ ਕਾਰਨ ਉਹ ਆਪਣਾ ਗੁਜ਼ਾਰਾ ਕਰਨ ਲਈ ਇਕ ਰੇਹੜੀ ਲਗਾਉਂਦਾ ਹੈ, ਤਾਂ ਜੋ ਆਪਣੀ ਪੜ੍ਹਾਈ ਦਾ ਖ਼ਰਚਾ ਚੁੱਕ ਸਕੇ ਤੇ ਆਪਣਾ ਤੇ ਆਪਣੀ ਭੈਣ ਦਾ ਤੋਰੀ-ਫੁਲਕਾ ਚਲਾ ਸਕੇ। 

ਉਸ ਦੀ ਮਿਹਨਤ ਦੀਆਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਉਸ ਦੀ ਮਦਦ ਲਈ ਹੱਥ ਵਧਾਇਆ ਸੀ ਤੇ ਉਸ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਚੁੱਕਣ ਤੋਂ ਇਲਾਵਾ ਉਸ ਦੀ ਹਰੇਕ ਲੋੜ ਪੂਰਾ ਕਰਨ ਦਾ ਜ਼ਿੰਮਾ ਉਠਾਇਆ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਸਿਤਾਰੇ ਉਸ ਨੂੰ ਆ ਕੇ ਮਿਲਦੇ ਰਹੇ ਹਨ ਤੇ ਉਸ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਵਾਅਦਾ ਕਰ ਰਹੇ ਹਨ। 

ਪਰ ਇਸ ਦੌਰਾਨ ਹਰ ਕਿਸੇ ਦੇ ਦਿਮਾਗ 'ਚ ਇਹੀ ਸਵਾਲ ਘੁੰਮ ਰਿਹਾ ਹੈ ਕਿ ਆਖ਼ਿਰ ਕੋਈ ਮਾਂ ਇੰਨੀ ਪੱਥਰ ਦਿਲ ਕਿਵੇਂ ਹੋ ਸਕਦੀ ਹੈ ਕਿ ਆਪਣੇ ਮਾਸੂਮ ਬੱਚਿਆਂ ਨੂੰ ਇਸ ਤਰ੍ਹਾਂ ਛੱਡ ਕੇ ਚਲੀ ਜਾਵੇ ? ਤੇ ਬਾਅਦ 'ਚ ਆ ਕੇ ਉਨ੍ਹਾਂ ਦੀ ਕੋਈ ਖ਼ਬਰ-ਸਾਰ ਵੀ ਨਾ ਲਵੇ। ਇਨ੍ਹਾਂ ਹੀ ਸਵਾਲਾਂ ਦਾ ਜਵਾਬ ਲੈਣ ਲਈ 'ਜਗ ਬਾਣੀ' ਨੇ ਉਸ ਦੀ ਮਾਂ ਦੇ ਘਰ ਦਾ ਪਤਾ ਲਗਾਇਆ ਤੇ ਉਸ ਨਾਲ ਜਸਪ੍ਰੀਤ ਤੇ ਉਸ ਦੀ ਭੈਣ ਬਾਰੇ ਗੱਲਬਾਤ ਕੀਤੀ ਕਿ ਆਖ਼ਿਰ ਕਿਉਂ ਉਹ ਉਨ੍ਹਾਂ ਨੂੰ ਛੱਡ ਕੇ ਇਸ ਤਰ੍ਹਾਂ ਇਕੱਲੀ ਆ ਗਈ। 

ਇਹ ਵੀ ਪੜ੍ਹੋ- ਸਾਬਕਾ CM ਚੰਨੀ ਵੱਲੋਂ ਠੋਡੀ 'ਤੇ ਹੱਥ ਲਾਉਣ ਵਾਲੀ ਵੀਡੀਓ ਦੇ ਮਾਮਲੇ 'ਚ ਬੀਬੀ ਜਗੀਰ ਕੌਰ ਨੇ ਦਿੱਤਾ ਸਪੱਸ਼ਟੀਕਰਨ

ਉਸ ਦੀ ਮਾਂ ਸਿਮਰਨ ਦਿੱਲੀ ਵਿਖੇ ਵਿਆਹੀ ਗਈ ਸੀ ਤੇ ਉਸ ਦੇ ਘਰ ਬੱਚਿਆਂ ਨੇ ਵੀ ਉੱਥੇ ਹੀ ਜਨਮ ਲਿਆ ਸੀ। ਉਸ ਦੇ ਪਤੀ ਦੀ ਬੀਤੇ ਮਹੀਨੇ 14 ਅਪ੍ਰੈਲ ਨੂੰ ਮੌਤ ਹੋ ਗਈ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਪੇਕੇ ਘਰ ਰਾਜਪੁਰਾ ਕਿਵੇਂ ਆ ਗਈ ਤਾਂ ਉਸ ਨੇ ਦੱਸਿਆ ਕਿ ਜਦੋਂ ਉਸ ਦੇ ਪਤੀ ਦੀ ਮੌਤ ਹੋਈ ਤਾਂ ਉਸ ਦੇ ਸਹੁਰੇ ਘਰ ਦੇ ਮੈਂਬਰ ਉਸ ਨੂੰ ਘਰੋਂ ਕੱਢਣ ਲਈ ਨਵੀਆਂ-ਨਵੀਆਂ ਸਕੀਮਾਂ ਘੜਨ ਲਗ ਗਏ। 

ਉਸ ਨੇ ਅੱਗੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਪਤੀ ਦਾ ਇਕ ਦੋਸਤ ਉਸ ਨੂੰ ਰਾਸ਼ਨ ਦੇਣ ਲਈ ਕਦੀ-ਕਦੀ ਆ ਜਾਂਦਾ ਸੀ, ਜਿਸ ਨੂੰ ਲੈ ਕੇ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਦੇ ਚਰਿੱਤਰ 'ਤੇ ਸ਼ੱਕ ਕਰਨ ਲੱਗ ਪਏ ਤੇ ਉਸ ਨਾਲ ਲੜਾਈ ਝਗੜਾ ਕਰਨ ਲੱਗ ਪਏ। ਇਸ ਤੋਂ ਬਾਅਦ ਉਸ ਦੇ ਪਤੀ ਦੀ ਮੌਤ ਤੋਂ 4 ਦਿਨ ਬਾਅਦ ਹੀ ਉਨ੍ਹਾਂ ਨੇ 18 ਅਪ੍ਰੈਲ ਨੂੰ ਘਰੋਂ ਕੱਢ ਦਿੱਤਾ, ਜਿਸ ਕਾਰਨ ਉਸ ਨੂੰ ਵਾਪਸ ਆਪਣੇ ਪੇਕੇ ਘਰ ਆਉਣਾ ਪਿਆ। 

ਇਹ ਵੀ ਪੜ੍ਹੋ- ਖੇਤਾਂ ਦੀ ਅੱਗ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਨੌਜਵਾਨ ਦੀ ਬੁਰੀ ਤਰ੍ਹਾਂ ਝੁਲਸ ਕੇ ਹੋਈ ਦਰਦਨਾਕ ਮੌਤ

ਜਦੋਂ ਉਸ ਤੋਂ ਬੱਚਿਆਂ ਬਾਰੇ ਪੁੱਛਿਆ ਗਿਆ ਕਿ ਆਖ਼ਿਰ ਉਹ ਆਪਣੇ ਬੱਚਿਆਂ ਨੂੰ ਮਿਲਣ ਲਈ ਕਿਉਂ ਨਹੀਂ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੇ ਸਹੁਰੇ ਘਰ ਵਾਲਿਆਂ ਨੇ ਉਸ ਦੇ ਬੱਚਿਆਂ ਨੂੰ ਮਿਲਣ ਤੋਂ ਮਨ੍ਹਾ ਕੀਤਾ ਹੈ। ਉਨ੍ਹਾਂ ਨੇ ਉਸ ਨੂੰ ਘਰੋਂ ਕੱਢਣ ਸਮੇਂ ਇਹੀ ਕਿਹਾ ਸੀ, ''ਸਾਡਾ ਮੁੰਡਾ ਮਰ ਗਿਆ ਹੈ, ਤੂੰ ਵੀ ਸਾਡੇ ਲਈ ਮਰ ਗਈ ਹੈਂ... ਬੱਚਿਆਂ ਨੂੰ ਅਸੀਂ ਆਪੇ ਸਾਂਭ ਲਵਾਂਗੇ।''

ਉਸ ਨੇ ਦੱਸਿਆ ਕਿ ਉਸ ਕੋਲ ਆਪਣਾ ਫ਼ੋਨ ਤਾਂ ਹੈ ਨਹੀਂ, ਉਸ ਦਾ ਫੋਨ ਤਾਂ ਸਹੁਰਿਆਂ ਨੇ ਉਸ ਨੂੰ ਚੁੱਕਣ ਵੀ ਨਹੀਂ ਦਿੱਤਾ ਤੇ ਇੰਝ ਹੀ ਘਰੋਂ ਕੱਢ ਦਿੱਤਾ। ਪਰ ਗਲੀ-ਮੁਹੱਲੇ ਵਾਲੇ ਜਦੋਂ ਉਸ ਨੂੰ ਉਸ ਦੇ ਬੱਚੇ ਦੀ ਵੀਡੀਓ ਆਪਣੇ ਫੋਨ 'ਤੇ ਦਿਖਾਉਂਦੇ ਹਨ ਤਾਂ ਉਸ ਦਾ ਬਹੁਤ ਦਿਲ ਕਰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਿਲੇ। ਇਸ ਖ਼ਾਸ ਗੱਲਬਾਤ ਦੇ ਹੋਰ ਅੰਸ਼ ਦੇਖਣ ਲਈ ਦੇਖੋ ਵੀਡੀਓ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News