ਮੇਰੇ ਦੋਹਤੇ ਦੀ ਲਾਸ਼ ਦੇ ਦਿਓ, ਮੈਂ ਧੀ ਨੂੰ ਮੂੰਹ ਦਿਖਾਉਣ ਜੋਗਾ ਤਾਂ ਰਹਿਜਾਂ : ਹੀਰਾ ਸਿੰਘ

05/27/2019 11:12:27 AM

ਸਾਦਿਕ (ਪਰਮਜੀਤ) - ਪਿੰਡ ਪੰਜਾਵਾਂ ਦੇ ਫਰੀਦਕੋਟ ਪੁਲਸ ਹਿਰਾਸਤ 'ਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਲੈਣ ਲਈ ਉਸ ਦੇ ਮਾਪੇ/ਨਾਨਕਾ ਪਰਿਵਾਰ/ਰਿਸ਼ਤੇਦਾਰ ਦਿਨ-ਰਾਤ ਵਿਲਕ ਰਹੇ ਹਨ। ਉਨ੍ਹਾਂ ਦੀਆਂ ਦਿਲ ਕੰਬਾਊ ਚੀਕਾਂ ਦੀ ਹੂਕ ਸੁਣ ਕੇ ਜਿੱਥੇ ਸਿਆਸੀ ਆਗੂ ਬੇਮੁੱਖ ਹੋਏ ਬੈਠੇ ਹਨ, ਉੱਥੇ ਹੀ ਸੂਬੇ ਦੇ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਤਿੱਖਾ ਸੰਘਰਸ਼ ਵਿੱਢ ਦਿੱਤਾ ਹੈ। ਇਸ ਔਖੀ ਘੜੀ 'ਚ ਸਿਆਸੀ ਆਗੂਆਂ ਵਲੋਂ ਬਾਂਹ ਫੜਨਾ ਤਾਂ ਦੂਰ ਦੀ ਗੱਲ ਹਾਅ ਦਾ ਨਾਅਰਾ ਨਾ ਮਾਰਨਾ ਵੀ ਪੀੜਤ ਪਰਿਵਾਰ ਨੂੰ ਸੂਲਾਂ ਵਾਂਗ ਚੁਭ ਰਿਹਾ ਹੈ। ਮ੍ਰਿਤਕ ਜਸਪਾਲ ਦੇ ਨਾਨਾ ਹੀਰਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਦੋਹਤਾ ਰਾਤ ਸਾਡੇ ਕੋਲ ਰਿਹਾ ਅਤੇ 18 ਮਈ ਨੂੰ ਸਵੇਰੇ ਮੇਰੇ ਪੋਤਰੇ ਨਾਲ ਫਰੀਦਕੋਟ ਚਲਾ ਗਿਆ, ਉੱਥੋਂ ਇਹ ਕਹਿ ਕੇ ਰੱਤੀ ਰੋੜੀ ਨੂੰ ਚਲਾ ਗਿਆ ਕਿ ਮੈਂ ਕੱਲ ਨੂੰ ਵਾਪਸ ਆਵਾਂਗਾ ਪਰ ਉਹ ਅਜੇ ਤੱਕ ਨਹੀਂ ਆਇਆ। ਮੈਂ ਆਪਣੇ ਧੀ ਨੂੰ ਕੀ ਜਵਾਬ ਦੇਵਾਂ? ਸਵੇਰੇ ਮੈਨੂੰ ਫੋਨ ਆਇਆ ਕਿ ਤੁਹਾਡਾ ਬੱਚਾ ਪੁਲਸ ਚੁੱਕ ਕੇ ਲੈ ਗਈ ਅਤੇ ਪੜਤਾਲ ਕਰਵਾਉਣ 'ਤੇ ਪਤਾ ਲੱਗਾ ਕਿ ਥਾਣੇਦਾਰ ਨਰਿੰਦਰ ਸਿੰਘ ਨੇ ਜਸਪਾਲ ਨੂੰ ਚੁੱਕਿਆ ਹੈ।

ਹੀਰਾ ਸਿੰਘ ਨੇ ਦੱਸਿਆ ਕਿ ਅਸੀਂ 19 ਮਈ ਨੂੰ ਨਰਿੰਦਰ ਸਿੰਘ ਥਾਣੇਦਾਰ ਨੂੰ ਮਿਲੇ ਤਾਂ ਉਸ ਨੇ ਵਾਅਦਾ ਕੀਤਾ ਕਿ ਮੈਂ ਤੁਹਾਡਾ ਮੁੰਡਾ ਲੱਭ ਕੇ ਦੇਵਾਂਗਾ ਪਰ ਨਾਲ ਹੀ ਉਨ੍ਹਾਂ ਪਤਾ ਨਹੀਂ ਕਿਉਂ ਅਤੇ ਕਿਸ ਵਾਸਤੇ ਕਿਹਾ ਕਿ “ਮੈਂ ਮਾੜਾ ਕੰਮ ਕਰ ਬੈਠਾ ਹਾਂ”। ਮੈਂ ਪਿੰਡ ਸੰਗਰਾਹੂਰ ਦੇ ਮੋਹਤਬਰ ਲੈ ਕੇ ਸਿਆਸੀ ਆਗੂ ਕੋਲ ਗਿਆ ਅਤੇ ਮੇਰੇ ਦੋਹਤੇ ਨੂੰ ਪੁਲਸ ਤੋਂ ਵਾਪਸ ਦਿਵਾਉਣ ਦੇ ਤਰਲੇ ਪਾਏ। ਇਸ 'ਤੇ ਉਨ੍ਹਾਂ ਕਿਹਾ ਕਿ ਮੈਂ ਐੱਸ. ਐੱਸ. ਪੀ. ਨੂੰ ਫੋਨ ਕਰ ਦਿੰਦਾ ਹਾਂ ਪਰ ਬੱਚਾ ਗਲਤ ਨਾ ਹੋਵੇ। ਹਲਕੇ ਦਾ ਆਗੂ ਸਾਡਾ ਰਾਜਾ ਹੁੰਦਾ ਹੈ ਅਤੇ ਅਸੀਂ ਪਰਜਾ। ਜਦ ਰਾਜੇ ਨੇ ਬਾਂਹ ਨਾ ਫੜੀ ਤਾਂ ਲੋਕਾਂ ਨੇ ਮੈਨੂੰ ਸਹਾਰਾ ਦਿੱਤਾ ਅਤੇ ਮੇਰੇ ਪੋਤਰੇ ਦੀ ਲਾਸ਼ ਦਿਵਾਉਣ ਲਈ ਦਿਨ-ਰਾਤ ਇਕ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਅੱਜ ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਪੰਜਾਬ ਹੁੰਦਾ ਤਾਂ ਮੈਨੂੰ ਸ਼ਾਇਦ ਰੁਲਣਾ ਨਾ ਪੈਂਦਾ ਅਤੇ ਉਨ੍ਹਾਂ ਨੇ ਮੈਨੂੰ ਹੌਸਲਾ ਦੇਣਾ ਸੀ, ਮੈਨੂੰ ਉਨ੍ਹਾਂ ਦੇ ਚਲੇ ਜਾਣ ਦਾ ਵੀ ਬਹੁਤ ਦੁੱਖ ਹੈ। 

ਉਨ੍ਹਾਂ ਵੱਡੀ ਗਿਣਤੀ ਵਿਚ ਧਰਨੇ ਵਿਚ ਬੈਠੇ ਐਕਸ਼ਨ ਕਮੇਟੀ, ਸਾਰੀਆਂ ਸਮਾਜ ਸੇਵੀ ਸੰਸਥਾਵਾਂ, ਵੱਖ-ਵੱਖ ਜਥੇਬੰਦੀਆਂ, ਪਿੰਡ ਸੰਗਰਾਹੂਰ, ਨੱਥਲਵਾਲਾ, ਪੰਜਾਵਾਂ ਅਤੇ ਸੂਬੇ ਭਰ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਤੱਕ ਫਰਿਆਦ ਕੀਤੀ ਕਿ, ''ਮੇਰੇ ਦੋਹਤੇ ਦੀ ਲਾਸ਼ ਤਾਂ ਦੇ ਦਿਓ, ਮੈਂ ਆਪਣੀ ਧੀ ਨੂੰ ਮੂੰਹ ਦਿਖਾਉਣ ਜੋਗਾ ਤਾਂ ਰਹਿਜਾਂ''। ਜ਼ਿਕਰਯੋਗ ਹੈ ਕਿ 18 ਮਈ, 2019 ਨੂੰ ਪੁਲਸ ਹਿਰਾਸਤ ਤੋਂ ਬਾਅਦ ਹਫਤਾ ਬੀਤਣ 'ਤੇ ਵੀ ਜਸਪਾਲ ਸਿੰਘ ਦੀ ਲਾਸ਼ ਦਾ ਕੁਝ ਪਤਾ ਨਹੀਂ ਲੱਗਾ ਸਕਿਆ, ਜਿਸ ਕਰ ਕੇ ਐਕਸ਼ਨ ਕਮੇਟੀ ਨੇ 29 ਮਈ ਨੂੰ ਫਰੀਦਕੋਟ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ।


rajwinder kaur

Content Editor

Related News