ਪੰਜਾਬੀਆਂ ਨੂੰ ਰੋਜ਼ਗਾਰ ਦੇਵੇਗਾ ਜਾਪਾਨ, ਜਾਪਾਨੀ ਸਰਕਾਰ ਨੇ ਤੈਅ ਕੀਤਾ ਏਜੰਡਾ

06/17/2019 9:49:57 PM

ਅੰਮ੍ਰਿਤਸਰ, (ਸਫਰ)-ਅੱਤਵਾਦ ਕਾਰਣ ਆਰਥਿਕ ਮਾਮਲਿਆਂ ਵਿਚ ‘ਗਰੀਬ’ ਹੋਏ ਪੰਜਾਬ ਦੀ ‘ਬਾਂਹ’ ਹੁਣ ਜਾਪਾਨ ਨੇ ਫਡ਼ੀ ਹੈ। ਪੰਜਾਬ ਦੇ ਸਰਹੱਦੀ 2 ਜ਼ਿਲਿਆਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਨੂੰ ਜਾਪਾਨ ਨੇ ਪਹਿਲਾਂ ਪਡ਼ਾਅ ਵਿਚ ਰੋਜ਼ਗਾਰ ਸੈਂਟਰ ਦਾ ਕੇਂਦਰ ਬਣਾਉਣ ਲਈ ਚੁਣਿਆ ਹੈ। ਜਾਪਾਨ ਦੇ ਰਾਜਦੂਤ ਕੇਂਜੀ ਹੀਰਾਮਾਤਸੁ ਨੂੰ ਲੈ ਕੇ ਦੇਸ਼ ਦੇ ਸਾਬਕਾ ਕੈਬਨਿਟ ਮੰਤਰੀ (ਕਾਨੂੰਨ ਮੰਤਰੀ) ਡਾ. ਅਸ਼ਵਨੀ ਕੁਮਾਰ ਸੋਮਵਾਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਪੁੱਜੇ ਤਾਂ ਉਥੇ ਹੀ ‘ਇੰਵੈਸਟ ਪੰਜਾਬ ਪ੍ਰਾਜੈਕਟ’ ਦੀ ਟੀਮ ਅਤੇ ਪੰਜਾਬ ਦੇ ਵੱਡੇ ਬਿਜ਼ਨੈੱਸ ਘਰਾਣਿਆਂ ਨਾਲ ਜੁਡ਼ੇ ਵਪਾਰ ਜਗਤ ਨੇ ਜਾਪਾਨ ਦੇ ਰਾਜਦੂਤ ਤੋਂ ਵਪਾਰ ਨੂੰ ਵਧਾਉਣ ਲਈ ਖਾਸ ਗੱਲਬਾਤ ਕੀਤੀ।

ਜਾਪਾਨ ਦੇ ਰਾਜਦੂਤ ਅਤੇ ‘ਇੰਵੈਸਟ ਪੰਜਾਬ ਪ੍ਰਾਜੈਕਟ’ ਦੀ ਟੀਮ ਦੇ ਕਾਰਜਕਰਤਾ ਆਈ. ਏ. ਐੱਸ. ਰਜਤ ਅਗਰਵਾਲ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਅਸ਼ਵਨੀ ਕੁਮਾਰ ਨੇ ਸਾਂਝੀ ਪ੍ਰੈੱਸ ਗੱਲਬਾਤ ਵਿਚ ਜਾਪਾਨ ਅਤੇ ਪੰਜਾਬ ਦੇ ਵਿਚ ਵਪਾਰ ਦੇ ਲਿਖੇ ਜਾਣ ਵਾਲੇ ਨਵੇਂ ਅਧਿਆਏ ’ਤੇ ਰੋਸ਼ਨੀ ਪਾਈ। ਇਸ ਮੌਕੇ ’ਤੇ ਪੰਜਾਬ ਦੇ ਟੈਕਨੀਕਲ ਐਜੂਕੇਸ਼ਨ ਸੈਕਟਰੀ ਡੀ. ਦੇ ਤੀਵਾਰੀ ਅਤੇ ਆਸ਼ੀਸ਼ ਕੁਮਾਰ (ਡਾ. ਅਸ਼ਵਨੀ ਕੁਮਾਰ ਦੇ ਬੇਟੇ) ਖਾਸ ਤੌਰ ’ਤੇ ਮੌਜੂਦ ਸਨ। ਜਾਪਾਨ ਦੇ ਰਾਜਦੂਤ ਕੇਂਜੀ ਹੀਰਾਮਾਤਸੁ ਨੇ ਕਿਹਾ ਕਿ ਜਾਪਾਨ ਹੁਣ ਪੰਜਾਬ ਵਿਚ ਚਾਰ ਚੀਜ਼ਾਂ ’ਤੇ ਨਿਵੇਸ਼ ਕਰਨ ਜਾ ਰਿਹਾ ਹੈ, ਜਿਸ ਵਿਚ ਇਲੈਕਟ੍ਰਾਨਿਕਸ, ਫੂਡ, ਟੂਰਿਜ਼ਮ ਅਤੇ ਆਟੋ ਮੋਬਾਇਲ ਖੇਤਰ ਹਨ। ਭਾਰਤ ਸਰਕਾਰ ਦੇ ਸਹਿਯੋਗ ਨਾਲ ਜਾਪਾਨ ਦੀਆਂ ਕੰਪਨੀਆਂ ਭਾਰਤ ਦੇ ਨਾਲ ਮਿਲਕੇ ਰੋਜ਼ਗਾਰ ਦੇਣਗੀਆਂ।

ਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਡਾ.ਅਸ਼ਵਨੀ ਕੁਮਾਰ ਨੇ ਕਿਹਾ ਕਿ ‘ਇਹ ਪੰਜਾਬ ਲਈ ਮਾਣ ਦੀ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲਕੇ ਜਾਪਾਨ ਸਰਕਾਰ ਪੰਜਾਬ ਵਿਚ ਨਿਵੇਸ਼ ਕਰਨ ਜਾ ਰਹੀ ਹੈ। ਪੰਜਾਬ ਸੋਨੇ ਦੀ ਚਿਡ਼ੀਆ ਕਹਾਉਂਦਾ ਸੀ, ਸੰਤਾਪ ਨੇ ਜੋ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਹੈ ਉਸ ਤੋਂ ਬਾਅਦ ਜਾਪਾਨ ਨੇ ਜੋ ਪੰਜਾਬ ਵਿਚ ਰੋਜ਼ਗਾਰ ਦੇਣ ਲਈ ਫ਼ੈਸਲਾ ਲਿਆ ਹੈ, ਇਹ ਪੰਜਾਬ ਦੇ ਨਾਲ-ਨਾਲ ਹਿੰਦੋਸਤਾਨ ਲਈ ਵੱਡਾ ‘ਤੋਹਫਾ’ ਹੈ। ‘ਇੰਵੈਸਟ ਪੰਜਾਬ ਪ੍ਰਾਜੈਕਟ’ ਦੇ ਵੱਲੋਂ ਆਈ. ਏ. ਐੱਸ ਰਜਤ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵਿਚ ਗੱਲ ਕਰੀਏ ਤਾਂ ਬੀਤੇ 27 ਮਹੀਨਿਆਂ ਵਿਚ ਪੰਜਾਬ ਵਿਚ 48 ਹਜ਼ਾਰ ਕਰੋਡ਼ ਰੁਪਏ ਦਾ ਵਿਦੇਸ਼ੀ ਕੰਪਨੀਆਂ ਨੇ ਨਿਵੇਸ਼ ਕੀਤਾ ਹੈ। ਪੰਜਾਬ ਵਿਚ ਪੈਸੇ ਲਗਾਉਣ ਲਈ ਵਿਦੇਸ਼ੀ ਕੰਪਨੀਆਂ ਤੇਜ਼ੀ ਨਾਲ ਪੰਜਾਬ ਦੇ ਵੱਲ ਕਦਮ ਵਧਾ ਰਹੀਆਂ ਹਨ।

 


Arun chopra

Content Editor

Related News