19 ਜਨਵਰੀ ਨੂੰ ਹੋਣ ਵਾਲੇ ਟੈਸਟ ਲਈ P.S.E.B. ਨੇ ਕੀਤੀ ਸਖਤੀ

01/09/2020 7:44:35 PM

ਲੁਧਿਆਣਾ,(ਵਿੱਕੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 19 ਜਨਵਰੀ ਨੂੰ ਕਰਵਾਈ ਜਾਣ ਵਾਲੀ ਪ੍ਰੀਖਿਆ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ (ਪੀ. ਏ. ਟੀ. ਈ. ਟੀ.- 2018) ਦੇ ਲਈ ਇਸ ਤਰ੍ਹਾਂ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਪ੍ਰੀਖਿਆਰਥੀਆਂ ਤੋਂ ਇਲਾਵਾ ਡਿਊਟੀ ਸਟਾਫ ਅਤੇ ਉਡਣ ਦਸਤਾ ਆਦਿ ਦੇ ਮੈਂਬਰ ਵੀ ਇਲੈਕਟ੍ਰਾਨਿਕ ਸਾਮਾਨ ਅਤੇ ਸੇਲਫੋਨ ਸਮੇਤ ਪ੍ਰੀਖਿਆ ਕੇਂਦਰ ਵਿਚ ਨਹੀਂ ਜਾ ਸਕਣਗੇ।

ਮਿਲੀ ਜਾਣਕਾਰੀ ਮੁਤਾਬਕ ਪ੍ਰੀਖਿਆ ਦੇ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਉਮੀਦਵਾਰ ਨੂੰ ਖਾਲੀ ਕਾਗਜ਼, ਸੇਲ ਫੋਨ, ਐੱਫ. ਐੱਮ. ਰੇਡੀਓ, ਕੈਲਕੁਲੇਟਰ ਘੜੀ ਜਾਂ ਇਸ ਤਰਾਂ ਦਾ ਕੋਈ ਵੀ ਸਾਧਨ ਜੋ ਪ੍ਰੀਖਿਆ ਦੇ ਦੌਰਾਨ ਪ੍ਰੀਖਿਆਰਥੀਆਂ ਨੂੰ ਕਿਤੇ ਬਾਹਰ ਤੋਂ ਜੋੜ ਸਕਦਾ ਹੋਵੇ ਦੇ ਨਾਲ ਲਿਜਾਣ 'ਤੇ ਰੋਕ ਲਾਈ ਗਈ ਹੈ। ਇਹੀ ਨਹੀਂ ਸਗੋਂ ਪ੍ਰੀਖਿਆ ਦੇ ਦੌਰਾਨ ਡਿਊਟੀ ਦੇਣ ਵਾਲੇ ਸਟਾਫ ਨੂੰ ਵੀ ਇਸ ਤਰਾਂ ਦੇ ਕਿਸੇ ਇਲੈਕਟ੍ਰਾਨਿਕ ਯੰਤਰ ਦਾ ਪ੍ਰਯੋਗ ਕਰਨ ਦੀ ਮਨਾਹੀ ਹੋਵੇਗੀ, ਜੋ ਪ੍ਰੀਖਿਆਰਥੀ ਨੇ ਨਾ ਇਸਤੇਮਾਲ ਕਰਨਾ ਹੋਵੇ ਅਤੇ ਇਹ ਸ਼ਰਤ ਅਤੇ ਰੋਕ ਚੈਕਿੰਗ ਵਿਚ ਆਉਣ ਵਾਲੇ ਸਟਾਫ 'ਤੇ ਵੀ ਲਾਗੂ ਹੋਵੇਗੀ। ਇਸ ਕਾਰਜ ਦੇ ਲਈ ਹਰ ਪ੍ਰੀਖਿਆ ਕੇਂਦਰ ਵਿਚ ਉੱਡਣ ਦਸਤੇ ਆਦਿ ਦਾ ਕਾਰਜ ਕਰਨ ਵਾਲੇ ਸਟਾਫ ਦੇ ਇਸ ਤਰਾਂ ਦੇ ਸਾਮਾਨ ਮੌਕੇ 'ਤੇ ਜਮਾ ਕਰਵਾਉਣ ਦੇ ਲਈ ਕਮਰਾ ਜਾਂ ਸਥਾਨ ਵੀ ਨਿਸ਼ਚਿਤ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ 19 ਜਨਵਰੀ ਦੀ ਪ੍ਰੀਖਿਆ ਲਈ ਬੋਰਡ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰੀਖਿਆ ਦਾ ਸਾਰਾ ਕਾਰਜ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਵਿਚ ਹੋਵੇਗਾ ਅਤੇ ਹਰ ਕੇਂਦਰ ਵਿਚ ਸਿਰਫ 28 ਪ੍ਰੀਖਿਆਰਥੀ ਹੀ ਬਿਠਾਏ ਜਾਣਗੇ। ਪ੍ਰੀਖਿਆ ਸਿਰਫ ਜ਼ਿਲਾ ਪੱਧਰ 'ਤੇ ਬਣਾਏ ਗਏ ਕੇਂਦਰਾਂ ਵਿਚ ਹੀ ਹੋਵੇਗੀ ਅਤੇ ਵਿਲਖਣ ਸਾਮਰਥ ਵਾਲੇ ਪ੍ਰੀਖਿਆਰਥੀਆਂ ਦੇ ਇਲਾਵਾ ਹਰ ਪ੍ਰੀਖਿਆਰਥੀ ਦਾ ਕੇਂਦਰ ਕੋਲ ਜ਼ਿਲੇ ਦੇ ਹੈਡ ਕਵਾਟਰ ਵਿਚ ਬਣਾਇਆ ਗਿਆ ਹੈ।


Related News