ਹੋਣੀ ਤੋਂ ਡਰਦਿਆਂ ਪਿੰਡ ਛੱਡਿਆ ਪਰ ਹੋਣੀ ਨੇ ਮਾਰ ਕੇ ਹੀ ਛੱਡਿਆ

Monday, Jun 03, 2019 - 02:17 PM (IST)

ਹੋਣੀ ਤੋਂ ਡਰਦਿਆਂ ਪਿੰਡ ਛੱਡਿਆ ਪਰ ਹੋਣੀ ਨੇ ਮਾਰ ਕੇ ਹੀ ਛੱਡਿਆ

ਜੰਡਿਆਲਾ ਗੁਰੂ (ਮਾਂਗਟ) : ਕਾਰ ਸੇਵਾ ਵਾਲੇ ਬਾਬਿਆਂ ਦੀ ਬਲੈਰੋ ਗੱਡੀ ਦੀ ਕੱਲ ਇਥੇ ਇਕ ਮੋਟਰਸਾਈਕਲ ਸਵਾਰ ਨਾਲ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ । ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਦੀ ਮਾਤਾ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਲੁਹਾਰਕਾ ਰੋਡ ਅੰਮ੍ਰਿਤਸਰ ਵਿਖੇ ਰਹਿੰਦੇ ਸਨ। ਉਸ ਦੇ ਘਰ ਦੋ ਧੀਆਂ ਅਤੇ ਦੋ ਪੁੱਤਰਾਂ ਨੇ ਜਨਮ ਲਿਆ ਪਰ ਉਸ ਦੀ ਇਕ ਧੀ ਅਤੇ ਇਕ ਪੁੱਤਰ ਦੀ ਕਿਸੇ ਬੀਮਾਰੀ ਕਰ ਕੇ ਮੌਤ ਹੋ ਗਈ। ਫਿਰ ਲੁਹਾਰਕਾ ਰੋਡ ਵਾਲਾ ਘਰ ਛੱਡ ਕੇ ਜੰਡਿਆਲਾ ਗੁਰੂ ਲਾਗਲੇ ਪਿੰਡ ਧਾਰੜ ਆਣ ਕੇ ਰਹਿਣ ਲੱਗ ਪਏ ਤਾਂ ਜੋ ਉਸਦੇ ਧੀ ਅਤੇ ਪੁੱਤਰ ਨੂੰ ਤੱਤੀ 'ਵਾ ਨਾ ਲੱਗੇ। ਇਥੇ ਆ ਕੇ ਉਹ ਮਿਹਨਤ-ਮਜ਼ਦੂਰੀ ਕਰ ਕੇ ਆਪਣਾ ਪੇਟ ਪਾਲਣ ਲੱਗ ਪਏ। ਉਸਦਾ ਪੁੱਤਰ ਹਰਪ੍ਰੀਤ ਸਿੰਘ ਕਿਸੇ ਦੀ ਗੱਡੀ 'ਤੇ ਡਰਾਈਵਰੀ ਕਰਦਾ ਸੀ । ਕੱਲ ਸਵੇਰੇ ਵੀ ਉਹ ਆਪਣੇ ਘਰ ਤੋਂ ਆਪਣੀ ਡਿਊਟੀ ਲਈ ਨਿਕਲਿਆ ਹੀ ਸੀ ਕਿ ਉਹੋ ਹੀ ਗੱਲ ਹੋ ਗਈ, ਜਿਸ ਦਾ ਡਰ ਸੀ । ਜੰਡਿਆਲਾ ਗੁਰੂ ਨੇੜੇ ਪਹੁੰਚਦਿਆਂ ਹੀ ਉਸ ਦੇ ਮੋਟਰਸਾਈਕਲ ਦਾ ਕਾਰ ਸੇਵਾ ਵਾਲੇ ਬਾਬਿਆਂ ਦੀ ਗੱਡੀ ਨਾਲ ਐਕਸੀਡੈਂਟ ਹੋ ਗਿਆ ਤੇ ਉਸਦੇ ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸਦੀ ਮਾਤਾ ਨੇ ਦੱਸਿਆ ਕਿ ਉਸਦਾ ਪੁੱਤਰ 24 ਸਾਲਾਂ ਦਾ ਭਰ ਜਵਾਨ ਗੱਭਰੂ ਸੀ, ਜਿਸ ਦਾ ਅਜੇ ਤੱਕ ਵਿਆਹ ਵੀ ਨਹੀਂ ਹੋਇਆ ਸੀ।


author

Baljeet Kaur

Content Editor

Related News