ਜੰਮੂ-ਕਸ਼ਮੀਰ ਦਾ ਤਾਣਾ, ਟੂਰਿਜ਼ਮ ਦਾ 'ਪੇਟਾ'

03/23/2019 5:46:57 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਪ੍ਰਾਚੀਨ ਭਾਰਤ ਵਿਚ ਕੱਪੜਾ ਤਿਆਰ ਕਰਨ ਦਾ ਇਤਿਹਾਸ ਬੁਣਕਰਾਂ, ਜਿਨ੍ਹਾਂ ਨੂੰ ਜੁਲਾਹੇ ਵੀ ਕਿਹਾ ਜਾਂਦਾ ਹੈ, ਦੁਆਲੇ ਹੀ ਘੁੰਮਦਾ ਹੈ। ਵੱਖ-ਵੱਖ ਤਰ੍ਹਾਂ ਦੇ ਧਾਗਿਆਂ, ਰੰਗਾਂ ਆਦਿ ਨਾਲ ਖੱਡੀਆਂ 'ਤੇ ਅਨੇਕ ਪ੍ਰਕਾਰ ਦੇ ਕੱਪੜੇ ਤਿਆਰ ਕੀਤੇ ਜਾਂਦੇ ਸਨ। ਪਹਿਲਾਂ ਖੱਡੀ 'ਤੇ ਤਾਣਾ ਤਿਆਰ ਕੀਤਾ ਜਾਂਦਾ ਸੀ ਅਤੇ ਪੇਟੇ ਵਾਲੇ ਧਾਗੇ ਦੀ ਬੁਣਤੀ ਨਾਲ ਚਾਦਰਾਂ, ਦਰੀਆਂ, ਖੇਸ ਆਦਿ ਬਣਾਏ ਜਾਂਦੇ ਸਨ। ਇਥੇ ਤਾਣੇ ਦਾ ਸੰਦਰਭ ਜੰਮੂ-ਕਸ਼ਮੀਰ ਦੀ ਉਲਝੀ ਹੋਈ ਅਤੇ ਡਾਵਾਂਡੋਲ ਸਮਾਜਕ-ਆਰਥਕ ਸਥਿਤੀ ਤੋਂ ਹੈ, ਜਦੋਂਕਿ 'ਪੇਟਾ' ਟੂਰਿਜ਼ਮ ਰੂਪੀ ਉਹ ਧਾਗਾ ਹੈ, ਜਿਹੜਾ ਇਸ ਸਥਿਤੀ ਨੂੰ ਸੰਵਾਰ ਸਕਦਾ ਹੈ, ਨਵਾਂ ਰੂਪ ਦੇ ਸਕਦਾ ਹੈ। 

1947 ਤੋਂ ਬਾਅਦ ਇਸ ਸੂਬੇ 'ਤੇ ਅਨੇਕਾਂ ਝੱਖੜ ਝੁੱਲੇ ਹਨ, ਜਿਨ੍ਹਾਂ ਨੇ ਲੱਖਾਂ ਲੋਕਾਂ ਦੀ ਹਾਲਤ ਬੁਰੀ ਤਰ੍ਹਾਂ ਵਿਗਾੜ ਦਿੱਤੀ ਅਤੇ ਇਥੋਂ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ। ਅੱਜ ਵੀ ਇਹ ਸੂਬਾ ਜ਼ਖ਼ਮਾਂ ਦੇ ਦਰਦ ਨਾਲ ਤੜਪ ਰਿਹਾ ਹੈ ਅਤੇ ਤ੍ਰਾਸਦੀ ਇਹ ਵੀ ਹੈ ਕਿ ਇਸ ਸਭ ਦੇ ਇਲਾਜ ਲਈ ਸਮੇਂ ਦੀਆਂ ਸਰਕਾਰਾਂ ਕੁਝ ਠੋਸ ਨਹੀਂ ਕਰ ਸਕੀਆਂ। 

ਅਜਿਹੇ ਹਾਲਾਤ ਵਿਚੋਂ ਹੀ ਇਹ ਨੁਕਤਾ ਉੱਭਰਿਆ ਹੈ ਕਿ ਜੇ ਹੋਰ ਯਤਨਾਂ ਦੇ ਨਾਲ-ਨਾਲ ਇਸ ਸੂਬੇ ਅਤੇ ਖਾਸ ਕਰ ਕੇ ਪੇਂਡੂ ਖੇਤਰਾਂ ਵਿਚ ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਲੋਕਾਂ ਦੀ ਜੀਵਨ-ਗੱਡੀ ਪਟੜੀ 'ਤੇ ਆ ਸਕਦੀ ਹੈ। ਜੰਮੂ-ਕਸ਼ਮੀਰ ਦੇ ਖੂਬਸੂਰਤ ਪੇਂਡੂ ਇਲਾਕਿਆਂ ਵਿਚ ਟੂਰਿਜ਼ਮ ਦੇ ਨਾਂ 'ਤੇ ਕੁਝ ਵੀ ਨਹੀਂ ਹੈ। ਇਸ ਸੰਦਰਭ ਵਿਚ ਰਿਆਸੀ ਜ਼ਿਲੇ ਦੇ ਕੁਝ ਖੇਤਰਾਂ ਵਿਚ ਜਾਣ ਦਾ ਮੌਕਾ ਪਿਛਲੇ ਦਿਨੀਂ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਟੀਮ 501ਵੇਂ ਟਰੱਕ ਦੀ ਰਾਹਤ-ਸਮੱਗਰੀ, ਕੱਟੜਾ ਦੇ ਆਸ-ਪਾਸ ਸਥਿਤ, ਪਿੰਡਾਂ ਦੇ ਪਰਿਵਾਰਾਂ ਨੂੰ ਵੰਡਣ ਲਈ ਗਈ ਸੀ। 

ਇਸ ਖੇਤਰ ਵਿਚ ਟੂਰਿਜ਼ਮ ਦੀਆਂ ਵੱਡੀਆਂ ਸੰਭਾਵਨਾਵਾਂ ਹਨ, ਜਿਨ੍ਹਾਂ ਦਾ ਲਾਹਾ ਲੈ ਕੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ, ਖੂਬਸੂਰਤ ਪਹਾੜੀਆਂ, ਰਮਣੀਕ ਘਾਟੀਆਂ, ਝਨਾਂ ਦੀਆਂ ਲਹਿਰਾਂ ਅਤੇ ਹੋਰ ਬਹੁਤ ਕੁਝ ਹੈ, ਜੋ ਟੂਰਿਸਟਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਕਾਫੀ ਹੈ ਪਰ ਇਸ ਸਭ ਪ੍ਰਤੀ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ  ਖਿੱਚਣ ਲਈ ਇੱਕਾ-ਦੁੱਕਾ ਯਤਨਾਂ ਤੋਂ ਇਲਾਵਾ ਕੁਝ ਨਹੀਂ ਕੀਤਾ ਗਿਆ। 

ਦਰਸ਼ਨੀ ਅਸਥਾਨਾਂ ਵਾਲਾ ਖੇਤਰ 
ਜ਼ਿਲਾ ਰਿਆਸੀ ਬਹੁਤ ਸਾਰੇ ਦਰਸ਼ਨੀ ਅਸਥਾਨਾਂ ਵਾਲਾ ਖੇਤਰ ਹੈ। ਮਾਤਾ ਵੈਸ਼ਣੋ ਦੇਵੀ ਦਾ ਪ੍ਰਸਿੱਧ ਤੀਰਥ ਅਸਥਾਨ ਇਥੇ ਹੀ ਹੈ, ਜਿਥੇ ਹਰ ਸਾਲ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ ਪਰ ਉਹ ਮਾਤਾ ਦਾ ਆਸ਼ੀਰਵਾਦ ਲੈ ਕੇ ਅਤੇ ਕੱਟੜਾ 'ਚ ਨਿੱਕੀ-ਮੋਟੀ ਖਰੀਦਦਾਰੀ ਕਰ ਕੇ ਹੀ ਵਾਪਸ ਪਰਤ ਜਾਂਦੇ ਹਨ।
ਇਸ ਜ਼ਿਲੇ  ਦੇ ਪੇਂਡੂ ਖੇਤਰਾਂ 'ਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪ੍ਰਸਿੱਧ ਡੇਰਾ ਹੈ,  ਭਗਵਾਨ ਸ਼ਿਵ ਨਾਲ ਸਬੰਧਤ ਸ਼ਿਵ ਖੋੜੀ ਮੰਦਰ ਹੈ। ਬਾਬਾ ਅਘਾੜ ਜੀਤੋ ਜੀ, ਬਾਬਾ ਧਨਸਰ ਜੀ, ਜਿਆਰਤ ਬਾਜੀ ਇਸਮਾਈਲ ਸਾਹਿਬ, ਸਿਆੜ੍ਹ ਬਾਬਾ (ਪ੍ਰਸਿੱਧ ਝਰਨਾ), ਸਲਾਲ ਪ੍ਰਾਜੈਕਟ, ਝਨਾਂ ਨਦੀ, ਰਿਆਸੀ ਦਾ ਕਿਲਾ, ਮਾਤਾ ਕਾਲੀ ਦਾ ਮੰਦਰ ਆਦਿ ਅਨੇਕਾਂ ਇਤਿਹਾਸਕ ਅਤੇ ਪ੍ਰਸਿੱਧ ਅਸਥਾਨ ਹਨ, ਜਿਨ੍ਹਾਂ ਪ੍ਰਤੀ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕਦਾ ਹੈ। ਅਜਿਹੇ ਸਥਾਨਾਂ ਦੀ ਜਾਣਕਾਰੀ ਦੇਣ ਜਾਂ ਸ਼ਰਧਾਲੂਆਂ/ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਕੋਈ ਯਤਨ ਨਹੀਂ ਕੀਤੇ ਜਾਂਦੇ।
ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਪ੍ਰਸਿੱਧ ਥਾਵਾਂ ਬਾਰੇ ਸਬੰਧਤ ਇਲਾਕੇ ਦੇ ਲੋਕਾਂ ਨੂੰ ਵੀ ਜਾਣਕਾਰੀ ਨਹੀਂ ਹੈ। ਜੰਮੂ-ਕਸ਼ਮੀਰ ਸਰਕਾਰ ਦਾ ਟੂਰਿਜ਼ਮ ਵਿਭਾਗ ਸ਼ਾਇਦ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਹੀਂ ਨਿਭਾਅ ਸਕਿਆ। ਜਿਥੇ ਇਨ੍ਹਾਂ ਖੇਤਰਾਂ ਦੇ ਵਿਕਾਸ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਦਮ ਚੁੱਕਣੇ ਪੈਣਗੇ, ਉਥੇ ਹੀ ਵੱਡੇ ਪੱਧਰ 'ਤੇ ਪ੍ਰਚਾਰ ਵੀ ਕਰਨਾ ਪਵੇਗਾ।

ਬੁਨਿਆਦੀ ਸਹੂਲਤਾਂ ਦੀ ਘਾਟ
ਇਲਾਕੇ ਵਿਚ ਬੁਨਿਆਦੀ ਸਹੂਲਤਾਂ ਦੀ ਘਾਟ ਰੜਕਦੀ ਹੈ। ਚੰਗੀਆਂ ਸੜਕਾਂ, ਸਿਹਤ ਸਹੂਲਤਾਂ ਅਤੇ ਖਾਸ ਕਰ ਕੇ ਸੈਲਾਨੀਆਂ ਦੇ ਠਹਿਰਨ ਅਤੇ ਆਵਾਜਾਈ ਆਦਿ ਲਈ ਪੇਂਡੂ ਖੇਤਰਾਂ 'ਚ ਕੁਝ ਵੀ ਪ੍ਰਬੰਧ ਨਹੀਂ ਹਨ। ਕੱਟੜਾ ਤੱਕ ਰੇਲ ਸੰਪਰਕ ਬਣ ਗਿਆ ਹੈ ਅਤੇ ਉਸ ਤੋਂ ਅੱਗੇ ਇਸ ਨੂੰ ਵਾਇਆ ਬਨਿਹਾਲ, ਸ਼੍ਰੀਨਗਰ-ਬਾਰਾਮੂਲਾ ਨਾਲ ਜੋੜਿਆ ਜਾਣਾ ਹੈ ਪਰ ਇਹ ਪ੍ਰਾਜੈਕਟ ਅਜੇ ਲਟਕ ਰਿਹਾ ਹੈ। ਹਵਾਈ ਅੱਡਾ ਵੀ ਸਿਰਫ ਜੰਮੂ ਵਿਚ ਹੀ ਹੈ।
ਕਟੜਾ ਤੋਂ ਰਿਆਸੀ ਜਾਂ ਜੰਮੂ ਤੋਂ ਰਿਆਸੀ ਜਾਣ ਵਾਲੀਆਂ ਸੜਕਾਂ ਟੁੱਟੀਆਂ-ਭੱਜੀਆਂ ਹਨ। ਇਨ੍ਹਾਂ 'ਤੇ ਚੱਲਣ ਵਾਲੀਆਂ ਬੱਸਾਂ, ਟੂਰਿਸਟਾਂ ਦੇ ਨਜ਼ਰੀਏ ਤੋਂ, ਕਿਸੇ ਤਰ੍ਹਾਂ ਵੀ ਠੀਕ ਨਹੀਂ। ਜੰਮੂ ਤੋਂ ਅਖਨੂਰ ਤੱਕ ਦਾ 25-30 ਕਿਲੋਮੀਟਰ ਦਾ ਸਫਰ ਤਹਿ ਕਰਨ ਲਈ ਇਕ ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਟਰੈਫਿਕ ਦੀ ਇੰਨੀ ਮਾੜੀ ਹਾਲਤ ਵਿਚ ਟੂਰਿਜ਼ਮ  ਨੂੰ ਉਤਸ਼ਾਹਿਤ ਨਹੀਂ ਕੀਤਾ ਜਾ ਸਕਦਾ।
ਕਟੜਾ ਤੋਂ ਬਾਹਰ ਨਿਕਲਣ ਉਪਰੰਤ ਕਿਤੇ ਵੀ ਕੋਈ ਚੰਗਾ ਹੋਟਲ ਨਹੀਂ ਹੈ। ਇਸ ਨਜ਼ਰੀਏ ਤੋਂ ਨਵੇਂ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਟਿਕਾਣਿਆਂ ਦੀ ਲੋੜ ਹੈ, ਜਿਹੜੇ ਸਭ ਸਹੂਲਤਾਂ ਨਾਲ ਲੈਸ ਹੋਣ ਤਾਂ ਹੀ ਟੂਰਿਸਟ ਉਸ ਖੇਤਰ ਵੱਲ ਮੂੰਹ ਕਰਨਗੇ। ਟੂਰਿਜ਼ਮ ਨੂੰ ਕਮਾਈ ਦਾ ਵੱਡਾ ਸਾਧਨ ਬਣਾਉਣ ਲਈ ਉੱਚ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣਾ ਪਹਿਲੀ ਲੋੜ ਹੈ।
ਪੇਂਡੂ ਇਲਾਕਿਆਂ ਵਿਚ ਭਾਵੇਂ ਕੁਦਰਤੀ ਸੁਹੱਪਣ ਦੇ ਖਜ਼ਾਨੇ ਹਨ ਪਰ ਸਿਹਤ-ਸਹੂਲਤਾਂ ਕਿਤੇ ਨਜ਼ਰ ਨਹੀਂ ਪੈਂਦੀਆਂ। ਪ੍ਰਾਇਮਰੀ ਹੈਲਥ ਸੈਂਟਰ ਵੀ ਬਹੁਤੇ ਖੇਤਰਾਂ 'ਚ ਨਹੀਂ ਹਨ ਅਤੇ ਜਿਥੇ ਹਨ, ਉਨ੍ਹਾਂ ਕੋਲ ਇਲਾਜ ਦੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ। ਮੋਬਾਇਲ ਐਂਬੂਲੈਂਸਾਂ ਕਿਤੇ ਦੇਖਣ ਨੂੰ ਵੀ ਨਹੀਂ ਮਿਲਦੀਆਂ। ਨਤੀਜੇ ਵਜੋਂ ਸਿਹਤ ਪੱਖੋਂ ਕੋਈ ਐਮਰਜੈਂਸੀ ਹੋਣ 'ਤੇ ਉਸ ਦਾ ਕੋਈ ਪ੍ਰਬੰਧ ਕਰਨਾ ਮੁਸ਼ਕਿਲ ਹੋਵੇਗਾ।

ਪਿੰਡਾਂ 'ਚ ਯਤਨਾਂ ਦੀ ਲੋੜ
ਟੂਰਿਜ਼ਮ ਦੇ ਨਜ਼ਰੀਏ ਤੋਂ ਪਿੰਡਾਂ ਵਿਚ ਕੁਝ ਵਿਸ਼ੇਸ਼ ਯਤਨ ਰੰਗ ਲਿਆ ਸਕਦੇ ਹਨ। ਜਿਹੜੇ ਖੇਤਰਾਂ 'ਚ ਪ੍ਰਸਿੱਧ ਦਰਸ਼ਨੀ ਅਸਥਾਨ ਹਨ, ਉਥੋਂ ਦੇ ਪਿੰਡਾਂ 'ਚ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਵੀ ਕੀਤਾ ਜਾਵੇ ਅਤੇ ਬਕਾਇਦਾ ਟ੍ਰੇਨਿੰਗ ਵੀ ਦਿੱਤੀ ਜਾਵੇ। 
ਪਿੰਡਾਂ ਦੇ ਕੁਝ ਚੋਣਵੇਂ ਘਰਾਂ ਵਿਚ ਟੂਰਿਸਟਾਂ ਦੀ ਰਿਹਾਇਸ਼ ਦੇ ਪ੍ਰਬੰਧ ਕੀਤੇ ਜਾ ਸਕਦੇ ਹਨ ਜਾਂ ਫਿਰ ਵਿਸ਼ੇਸ਼ ਹੱਟਸ ਉਸਾਰੀਆਂ ਜਾ ਸਕਦੀਆਂ ਹਨ। ਬੇਰੋਜ਼ਗਾਰ ਨੌਜਵਾਨਾਂ ਨੂੰ ਸਸਤੀਆਂ ਦਰਾਂ 'ਤੇ ਕਰਜ਼ੇ ਮੁਹੱਈਆ ਕਰਵਾ ਕੇ ਸਬਸਿਡੀ ਦੀ ਸਹੂਲਤ ਅਤੇ ਬਕਾਇਦਾ ਜਾਣਕਾਰੀ ਦੇ ਕੇ ਇਸ ਰਾਹ ਤੋਰਿਆ ਜਾਵੇ। ਇਸ ਤਰ੍ਹਾਂ ਰਿਹਾਇਸ਼ੀ ਟਿਕਾਣਿਆਂ, ਰੈਸਟੋਰੈਂਟਾਂ ਅਤੇ ਆਵਾਜਾਈ ਦੇ ਸਾਧਨਾਂ ਦਾ ਇਕ ਨੈੱਟਵਰਕ ਤਿਆਰ ਕੀਤਾ ਜਾ ਸਕਦਾ ਹੈ।
ਅਸਲ ਵਿਚ ਭਾਰਤ ਦੇ ਬਹੁਤੇ ਸੂਬਿਆਂ ਦੇ ਪਿੰਡਾਂ 'ਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਕੋਈ ਜ਼ਿਕਰਯੋਗ ਯਤਨ ਨਹੀਂ ਕੀਤੇ ਗਏ। ਹੁਣ ਤੱਕ ਦਾ ਸਾਰਾ ਦਾਰੋਮਦਾਰ ਵੱਡੇ ਸ਼ਹਿਰਾਂ 'ਤੇ ਹੀ ਕੇਂਦਰਿਤ ਰਿਹਾ ਹੈ। ਟੂਰਿਸਟਾਂ ਵਿਚ ਵੀ ਬਹੁਤੇ ਲੋਕ ਵੱਡੇ ਸ਼ਹਿਰਾਂ ਨਾਲ ਹੀ ਸਬੰਧਤ ਹੁੰਦੇ ਹਨ। ਜੇ ਉਨ੍ਹਾਂ ਨੂੰ ਪੇਂਡੂ ਖੇਤਰਾਂ ਵੱਲ ਆਕਰਸ਼ਤ ਕੀਤਾ ਜਾਵੇ ਤਾਂ ਇਹ ਯਤਨ ਸਫਲ ਹੋ ਸਕਦਾ ਹੈ।

ਰਿਆਸੀ ਅਤੇ ਜੰਮੂ-ਕਸ਼ਮੀਰ ਦੇ ਹੋਰ ਪੇਂਡੂ ਖੇਤਰਾਂ ਵਿਚ ਟੂਰਿਜ਼ਮ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਹਨ। ਲੋੜ ਸਿਰਫ ਇਸ ਗੱਲ ਦੀ ਹੈ ਕਿ ਸੱਤਾਧਾਰੀ ਲੋਕ ਸੁਆਰਥਾਂ ਦੀ ਬੁੱਕਲ 'ਚੋਂ ਬਾਹਰ ਨਿਕਲ ਕੇ ਇਸ ਖੇਤਰ ਵਿਚ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ। ਅਹਿਮ ਅਤੇ ਖੂਬਸੂਰਤ ਸਥਾਨਾਂ ਨੂੰ ਟੂਰਿਜ਼ਮ ਦੇ ਨਕਸ਼ੇ 'ਤੇ ਉਭਾਰਿਆ ਜਾਵੇ ਅਤੇ ਕਮੀਆਂ, ਖਾਮੀਆਂ ਦੂਰ ਕਰ ਕੇ ਉੱਚ-ਪੱਧਰੀ ਸਹੂਲਤਾਂ ਦਾ ਤਾਣਾ–ਪੇਟਾ ਬੁਣਿਆ ਜਾਵੇ।         
(sandhu.js002@gmail.com) 9417402327


Bharat Thapa

Content Editor

Related News