ਫ਼ਰੀਦਕੋਟ ਪੁਲਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਮੁਲਜ਼ਮਾਂ ਦਾ ਪਰਦਾਫ਼ਾਸ਼
Friday, Oct 17, 2025 - 05:48 PM (IST)

ਫ਼ਰੀਦਕੋਟ (ਜਗਤਾਰ ਦੁਸਾਂਝ): ਥਾਣਾ ਸਦਰ ਫ਼ਰੀਦਕੋਟ ਵੱਲੋਂ ਲੁੱਟ ਖੋਹ ਕਰਨ ਦੀ ਫਿਰਾਕ ਵਿਚ ਬੈਠੇ ਗਿਰੋਹ ਦੇ ਵਿਚ ਸ਼ਾਮਲ 5 ਮੁਲਜ਼ਮਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮਨਜਿੰਦਰ ਸਿੰਘ ਉਰਫ ਮਨੀ (ਵਾਸੀ ਪਿੰਡ ਭਾਗੂ), ਸੁਖਮੰਦਰ ਸਿੰਘ ਉਰਫ ਬਿੱਲਾ (ਵਾਸੀ ਪਿੰਡ ਚੱਕ ਫਤਹਿ), ਪ੍ਰਦੀਪ ਸਿੰਘ (ਵਾਸੀ ਪਿੰਡ ਲਹਿਰਾਖਾਨਾ), ਬਲਰਾਜ ਸਿੰਘ ਉਰਫ ਪ੍ਰਧਾਨ ਅਤੇ ਕੁਲਵਿੰਦਰ ਸਿੰਘ ਉਰਫ ਢਿੱਲੋਂ ਵਾਸੀ ਪਿੰਡ ਕੋਠੇ ਕਰਤਾਰਪੁਰ ਥਾਂਦੇ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਪੁਲਸ ਪਾਰਟੀ ਵੱਲੋਂ ਦੋਸ਼ੀਆਂ ਪਾਸੋਂ 1 ਹਾਂਡਾ ਸਿਟੀ ਕਾਰ, 1 ਮੋਟਰਸਾਈਕਲ, 3 ਕਾਪੇ, 1 ਖੰਡਾ, 1 ਲੋਹੇ ਦੀ ਗਰਾਰੀ ਵੀ ਬਰਾਮਦ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 170,00,00,000 ਰੁਪਏ ਦਾ ਵੱਡਾ ਘਪਲਾ! ਹੋਸ਼ ਉਡਾ ਦੇਣਗੇ ਖ਼ੁਲਾਸੇ
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਤਰਲੋਚਣ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਦੀ ਨਿਗਰਾਨੀ ਹੇਠ 16 ਅਕਤੂਬਰ ਨੂੰ ਸਹਾਇਕ ਥਾਣੇਦਾਰ ਰਾਜ ਸਿੰਘ ਪੁਲਿਸ ਪਾਰਟੀ ਸਮੇਤ ਨੈਸ਼ਨਲ ਹਾਈਵੇ ਨੇੜੇ ਪੈਲੀਕਨ ਪਲਾਜਾ ਪਿੰਡ ਪੱਕਾ ਵਿਖੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਭਰੋਸੇਯੋਗ ਇਤਲਾਹ ਮਿਲੀ ਕਿ ਇਹ ਦੋਸ਼ੀ ਪਿੰਡਾਂ ਨੂੰ ਜਾੰਦੇ ਰਸਤਿਆਂ 'ਤੇ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ, ਜੋ ਅੱਜ ਵੀ ਮਾਰੂ ਹਥਿਆਰ ਲੈ ਕੇ ਪਿੰਡ ਕਲੇਰ ਤੋ ਥੋੜੀ ਅੱਗੇ ਨੈਸ਼ਨਲ ਹਾਈਵੇ ਪਰ ਬੰਦ ਪਏ ਇੱਟਾ ਵਾਲੇ ਭੱਠੇ ਪਰ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਸੂਚਨਾ ਦੇ ਅਧਾਰ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਵੱਲੋਂ ਤੁਰੰਤ ਮੌਕੇ 'ਤੇ ਰੇਡ ਕਰਕੇ ਇਨ੍ਹਾਂ ਦੋਸ਼ੀਆਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦ ਉਹ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਸ ਪਾਰਟੀ ਵੱਲੋਂ ਮੌਕੇ 'ਤੇ ਇਨ੍ਹਾਂ ਕੋਲੋਂ 1 ਹਾਂਡਾ ਸਿਟੀ ਕਾਰ, 1 ਮੋਟਰਸਾਈਕਲ, 3 ਕਾਪੇ, 1 ਖੰਡਾ ਅਤੇ 1 ਲੋਹੇ ਦੀ ਗਰਾਰੀ ਬਰਾਮਦ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 'ਆਪ' ਵਿਧਾਇਕ ਨਾਲ ਵਾਪਰਿਆ ਸੜਕ ਹਾਦਸਾ! ਸ਼ਰਾਬ ਦੀ ਲੋਰ 'ਚ ਕਾਰ ਚਾਲਕ ਨੇ ਮਾਰੀ ਟੱਕਰ
ਇਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਮੁਕੱਦਮਾ ਨੰਬਰ 236 ਮਿਤੀ 16.10.2025 ਅ/ਧ 310(4), 310(5), 111(3) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਲ ਕਰਨ ਉਪਰੰਤ ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਦ ਇਨ੍ਹਾਂ ਦੋਸ਼ੀਆਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵਿਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਖੋਹ ਅਤੇ ਹੋਰ ਸੰਗੀਨ ਧਾਰਾਵਾ ਤਹਿਤ 2 ਮਾਮਲੇ ਦਰਜ ਰਜਿਸਟਰ ਹਨ।