ਗੋਲੀਆਂ ਦੀ ਵਾਛੜ ਅਤੇ ਕੋਰੋਨਾ ਦੇ ਖੌਫ ਹੇਠ ਸਹਿਮ ਗਏ ਸਰਹੱਦੀ ਲੋਕ

Tuesday, May 19, 2020 - 07:09 PM (IST)

ਗੋਲੀਆਂ ਦੀ ਵਾਛੜ ਅਤੇ ਕੋਰੋਨਾ ਦੇ ਖੌਫ ਹੇਠ ਸਹਿਮ ਗਏ ਸਰਹੱਦੀ ਲੋਕ

ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)— ਜੰਮੂ ਜ਼ਿਲੇ ਨਾਲ ਸਬੰਧਤ ਆਰ. ਐੈੱਸ. ਪੁਰਾ ਸੈਕਟਰ ਦਾ ਇਲਾਕਾ 1947 'ਚ ਹੋਈ ਦੇਸ਼ ਦੀ ਵੰਡ ਤੋਂ ਲੈ ਕੇ ਹੁਣ ਤੱਕ ਕਈ ਤ੍ਰਾਸਦੀਆਂ ਸਹਿਣ ਕਰ ਚੁੱਕਾ ਹੈ। ਇਸ ਇਲਾਕੇ ਦੀ ਜ਼ਰਖੇਜ ਜ਼ਮੀਨ ਕਿਸੇ ਸਮੇਂ ਉੱਤਮ ਕਿਸਮ ਦੀ ਬਾਸਮਤੀ ਪੈਦਾ ਕਰਨ ਲਈ ਦੁਨੀਆ ਦੇ ਨਕਸ਼ੇ 'ਤੇ ਛਾਈ ਰਹੀ ਪਰ ਹੁਣ ਇਸ ਦੀ ਇਹ ਸਰਦਾਰੀ ਲਗਭਗ ਖੁੱਸ ਗਈ ਹੈ। ਕਿਸਾਨਾਂ ਨੂੰ ਆਪਣੀ ਰੋਟੀ ਤੱਕ ਦੀ ਚਿੰਤਾ ਬਣੀ ਰਹਿੰਦੀ ਹੈ। ਇਸ ਧਰਤੀ ਤੋਂ ਗੰਨੇ ਦਾ ਨਾਮੋ-ਨਿਸ਼ਾਨ ਵੀ ਮਿਟ ਗਿਆ ਹੈ। ਆਰ. ਐੈੱਸ. ਪੁਰਾ ਦੀ ਇਕੋ-ਇਕ ਖੰਡ ਮਿੱਲ ਬੰਦ ਹੋ ਗਈ ਹੈ। ਵੰਡ ਤੋਂ ਪਹਿਲਾਂ ਵਪਾਰ ਦੇ ਮੁੱਖ ਮਾਰਗ ਵਜੋਂ ਜਾਣੀ ਜਾਂਦੀ ਰੇਲ ਪਟੜੀ, ਜਿਹੜੀ ਜੰਮੂ ਤੋਂ ਵਾਇਆ ਆਰ. ਐੈੱਸ. ਪੁਰਾ ਹੁੰਦੀ ਹੋਈ ਸਿਆਲਕੋਟ ਅਤੇ ਹੋਰ ਪਾਕਿਸਤਾਨੀ ਸ਼ਹਿਰਾਂ ਵੱਲ ਜਾਂਦੀ ਸੀ, ਉੱਜੜ ਗਈ ਹੈ। ਰੇਲਵੇ ਸਟੇਸ਼ਨ ਦੇ ਖੰਡਰ ਹੀ ਬਾਕੀ ਬਚੇ ਹਨ।

ਆਰ. ਐੈੱਸ. ਪੁਰਾ ਦੇ ਪਿੰਡੇ 'ਤੇ ਲੱਗੇ ਉਨ੍ਹਾਂ ਬਰਬਾਦੀਆਂ ਦੇ ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ, ਸਗੋਂ ਹੁਣ ਤਾਂ ਉਨ੍ਹਾਂ ਵਿਚ ਹੋਰ ਬਹੁਤ ਵਾਧਾ ਹੋ ਗਿਆ ਹੈ। ਬਹੁਤ ਸਾਰੇ ਉਹ ਜ਼ਖ਼ਮ ਵੀ ਰਿਸ ਰਹੇ ਹਨ, ਜਿਹੜੇ ਪਾਕਿਸਤਾਨ ਵਲੋਂ ਚਲਾਏ ਜਾ ਰਹੇ ਅੱਤਵਾਦ ਨੇ ਲਾਏ ਹਨ ਅਤੇ ਉਨ੍ਹਾਂ ਜੁਲਮਾਂ ਦੀ ਤਾਂ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ ਜਿਹੜੇ ਪਾਕਿਸਤਾਨੀ ਸੈਨਿਕਾਂ ਵਲੋਂ ਨਿੱਤ-ਦਿਨ ਗੋਲੀਆਂ ਦੀ ਵਾਛੜ ਕਰ ਕੇ ਢਾਹੇ ਜਾ ਰਹੇ ਹਨ। ਇਸ ਗੋਲੀਬਾਰੀ ਨੇ ਲੋਕਾਂ ਦੀ ਜੀਵਨ ਗੱਡੀ ਨੂੰ ਪਟੜੀ ਤੋਂ ਲਾਹ ਦਿੱਤਾ ਹੈ ਅਤੇ ਇਸ ਗੱਲ ਦੇ ਨਿਸ਼ਾਨ ਦੂਰ ਤੱਕ ਨਜ਼ਰ ਨਹੀਂ ਆਉਂਦੇ ਕਿ ਇਹ ਮੁਸੀਬਤ ਮਾਰੇ ਲੋਕ ਫਿਰ ਕਦੋਂ ਆਮ ਵਰਗਾ ਜੀਵਨ ਗੁਜ਼ਾਰ ਸਕਣਗੇ।

ਸਰਹੱਦੀ ਪਰਿਵਾਰਾਂ ਨੇ ਚੁੱਲ੍ਹਿਆਂ 'ਚ ਧੁਖ ਰਹੀ ਅੱਗ ਨੂੰ ਬੁਝਾਉਣ ਦੀ ਭੂਮਿਕਾ ਹੁਣ ਕੋਰੋਨਾ ਦਾ ਕਹਿਰ ਨਿਭਾਅ ਰਿਹਾ ਹੈ, ਜਿਸ ਤੋਂ ਪੈਦਾ ਹੋਏ ਹਾਲਾਤਾਂ ਨੇ ਲੋਕ ਘਰਾਂ 'ਚ ਡੱਕ ਦਿੱਤੇ ਹਨ ਅਤੇ ਉਹ ਇਕ ਭਿਆਨਕ ਖੌਫ ਅਧੀਨ ਸਹਿਮੇ ਹੋਏ ਆਪਣੇ ਸਾਹ ਗਿਣ ਰਹੇ ਹਨ। ਅਜਿਹੇ ਪਰਿਵਾਰਾਂ ਨੂੰ ਮਦਦ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਚਲਾਈ ਜਾ ਰਹੀ ਇਕ ਵਿਸ਼ੇਸ਼ ਰਾਹਤ ਮੁਹਿੰਮ ਦੌਰਾਨ ਵੱਡਾ ਉਪਰਾਲਾ ਕਰਦਿਆਂ ਕਰਫਿਊ ਵਿਚ ਡੱਕੇ ਲੋਕਾਂ ਦਰਮਿਆਨ ਪ੍ਰਸ਼ਾਸਨ ਦੇ ਸਹਿਯੋਗ ਨਾਲ 568ਵੇਂ ਟਰੱਕ ਦੀ ਸਮੱਗਰੀ ਵੰਡੀ ਗਈ। ਇਹ ਸਮੱਗਰੀ ਲੁਧਿਆਣਾ ਤੋਂ ਪ੍ਰਭਾਕਰ ਪਰਿਵਾਰ ਵਲੋਂ ਭਿਜਵਾਈ ਗਈ ਸੀ, ਜਿਸ ਵਿਚ 305 ਰਜਾਈਆਂ ਅਤੇ ਕੁਝ ਕੱਪੜੇ ਸ਼ਾਮਲ ਸਨ।

PunjabKesari
ਆਰ. ਐੈੱਸ.ਪੁਰਾ ਦੇ ਪਿੰਡ ਬਨੋਟਾ ਵਿਚ ਹੋਏ ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਆਰ. ਐੈੱਸ. ਪੁਰਾ ਨੇ ਐੈੱਸ. ਡੀ. ਐੈੱਮ. ਰਾਮ ਲਾਲ ਸ਼ਰਮਾ ਨੇ ਕਿਹਾ ਕਿ ਅੱਜ ਸਾਡਾ ਦੇਸ਼ ਵਿਸ਼ਵ ਦੇ ਨਾਲ ਹੀ ਜਿਸ ਤਰ੍ਹਾਂ ਦੀ ਭਿਆਨਕ ਆਫਤ ਦਾ ਸਾਹਮਣਾ ਕਰ ਰਿਹਾ ਹੈ ਉਸ ਵਿਚ ਪੀੜਤ ਪਰਿਵਾਰਾਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਵਧ-ਚੜ੍ਹ ਕੇ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕਾਂ ਦੀ ਹਾਲਤ ਪਹਿਲਾਂ ਹੀ ਬਹੁਤ ਤਰਸਯੋਗ ਹੈ ਅਤੇ ਹੁਣ ਕਰਫਿਊ ਅਤੇ ਲਾਕ ਡਾਊਨ ਕਾਰਣ ਉਨ੍ਹਾਂ ਦੇ ਕੰਮ-ਧੰਦੇ ਪੂਰੀ ਤਰ੍ਹਾਂ ਠੱਪ ਹੋ ਗਏ ਹਨ। ਮਿਹਨਤ-ਮਜ਼ਦੂਰ ਕਰ ਕੇ ਰੋਜ਼ਾਨਾ ਦੀ ਕਮਾਈ ਨਾਲ ਆਪਣੇ ਬੱਚਿਆਂ ਦਾ ਪੇਟ ਪਾਲਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਰਮਾ ਨੇ ਕਿਹਾ ਕਿ ਇਕ ਪਾਸੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੀ ਚਿੰਤਾ ਬਣੀ ਰਹਿੰਦੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਰੋਟੀ, ਕੱਪੜੇ ਅਤੇ ਹੋਰ ਬੁਨਿਆਦੀ ਜ਼ਰੂਰਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਸਹਾਇਤਾ ਲਈ ਪ੍ਰਸ਼ਾਸਨ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਭ ਮਿਲ ਕੇ ਹੀ ਇਸ ਸੰਕਟ ਨੂੰ ਹਰਾ ਸਕਦੇ ਹਾਂ।

ਮੁਸੀਬਤਾਂ ਦੀ ਚੱਕੀ 'ਚ ਪਿਸ ਰਹੇ ਨੇ ਲੋਕ : ਜਗਜੀਤ ਸਿੰਘ ਜੱਗਾ
ਆਲ ਜੰਮੂ-ਕਸ਼ਮੀਰ ਲੁਬਾਣਾ ਸਮਾਜ ਦੇ ਆਗੂ ਸ. ਜਗਜੀਤ ਸਿੰਘ ਜੱਗਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਮੁਸੀਬਤਾਂ ਦੀ ਚੱਕੀ 'ਚ ਪਿਸ ਰਹੇ ਹਨ। ਇਨ੍ਹਾਂ ਲੋਕਾਂ ਦੀਆਂ ਲੋੜਾਂ ਅਤੇ ਸਮੱਸਿਆਵਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅੱਤਵਾਦ ਅਤੇ ਪਾਕਿਸਤਾਨੀ ਗੋਲੀਬਾਰੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਲੋਕ ਹੁਣ ਕੋਰੋਨਾ ਦਾ ਕਹਿਰ ਸਹਿਣ ਕਰ ਰਹੇ ਹਨ। ਦੁੱਖਾਂ ਦੇ ਮਾਰੇ ਇਨ੍ਹਾਂ ਲੋਕਾਂ ਲਈ ਸਹਾਇਤਾ ਸਮੱਗਰੀ ਭਿਜਵਾ ਕੇ ਪੰਜਾਬ ਕੇਸਰੀ ਪੱਤਰ ਸਮੂਹ ਨੇ ਪੁੰਨ ਦਾ ਵੱਡਾ ਕਾਰਜ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਘਰਾਂ 'ਚ ਕੈਦ ਹੋ ਕੇ ਰਹਿ ਗਏ ਮਜਬੂਰ ਲੋਕਾਂ ਲਈ ਜਲਦੀ ਹੀ ਰਾਸ਼ਨ ਸਮੱਗਰੀ ਵੀ ਭਿਜਵਾਈ ਜਾਵੇ।

ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੀਆਂ ਮੁਸੀਬਤਾਂ ਦਾ ਸਾਹਮਣਾ ਸਰਹੱਦੀ ਪਰਿਵਾਰ ਕਰ ਰਹੇ ਹਨ, ਉਨ੍ਹਾਂ ਤੋਂ ਸੁਰੱਖਿਆ ਅਤੇ ਲੋਕਾਂ ਦੀ ਸਹਾਇਤਾ ਕਰਨਾ ਭਾਵੇਂ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਪੰਜਾਬ ਕੇਸਰੀ ਪਰਿਵਾਰ ਆਪਣੇ ਬਲਬੂਤੇ 'ਤੇ ਪੀੜਤ ਪਰਿਵਾਰਾਂ ਲਈ 20 ਸਾਲਾਂ ਤੋਂ ਰਾਸ਼ਨ ਸਮੱਗਰੀ ਅਤੇ ਹੋਰ ਸਮਾਨ ਦੇ ਟਰੱਕ ਭਿਜਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਪੱਤਰ ਸਮੂਹ ਦੇ ਮੁਖੀ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਵੱਡੀ ਸੋਚ ਦਾ ਨਤੀਜਾ ਹੈ, ਜਿਸ ਅਧੀਨ ਉਹ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ।

ਕਿਸਾਨਾਂ ਨੂੰ ਫਸਲ ਸਾਂਭਣੀ ਔਖੀ ਹੋ ਗਈ:  ਸਸਰਬਜੀਤ ਜੌਹਲ
ਰਾਮਗੜ੍ਹ ਦੇ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਆਫਤਾਂ ਦੇ ਸਮੇਂ 'ਚ ਆਪਣੀ ਫਸਲ ਸੰਭਾਲਣੀ ਵੀ ਔਖੀ ਹੋ ਗਈ ਹੈ। ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਤਾਰ-ਵਾੜ ਦੇ ਅੰਦਰ ਹਨ ਉਨ੍ਹਾਂ ਨੂੰ ਤਾਂ ਸਮੇਂ ਦੀ ਪਾਬੰਦੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਆਮ ਵਾਂਗ ਆਪਣੇ ਖੇਤਾਂ 'ਚ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਰਹੱਦੀ ਕਿਸਾਨਾਂ ਦੀ ਵਿਸ਼ੇਸ਼ ਸਹਾਇਤਾ ਕਰਨੀ ਚਾਹੀਦੀ ਹੈ।

ਆਰ. ਐੈੱਸ. ਪੁਰਾ ਨੇ ਡੀ. ਐੈੱਸ. ਪੀ. ਜਨਾਬ ਸ਼ਬੀਰ ਖਾਨ, ਐੈੱਸ. ਐੈੱਚ. ਓ. ਜੈਪਾਲ ਸ਼ਰਮਾ ਨੇ ਆਪਣੀ ਨਿਗਰਾਨੀ ਹੇਠ ਅਤੇ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਸਮੱਗਰੀ ਦੀ ਵੰਡ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ 'ਤੇ ਅਸ਼ੋਕ ਕੁਮਾਰ ਦਿਵਿਆਂਗ ਵੱਲੋਂ ਰਾਹਤ ਸਮੱਗਰੀ ਲੈਣ ਆਏ ਸਭ ਲੋਕਾਂ ਨੂੰ ਮਾਸਕ ਵੀ ਵੰਡੇ ਗਏ। ਇਸ ਮੌਕੇ ਲਾਇਨਜ਼ ਕਲੱਬ ਆਰ. ਐੈੱਚ. ਪੁਰਾ ਦੇ ਪ੍ਰਧਾਨ ਸਵਤੰਤਰ ਸਿੰਘ, ਮਦਨ ਲਾਲ ਖੰਨਾ, ਪਦਮ ਦੇਵ ਰੈਣਾ, ਰਜਿੰਦਰ ਸਿੰਘ, ਦੀਪ ਕੁਮਾਰ, ਸ਼ਿਵ ਕੁਮਾਰ ਚੌਧਰੀ, ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਰੈਣਾ ਅਤੇ ਪ੍ਰਵੀਨ ਕਾਟਲ ਵੀ ਮੌਜੂਦ ਸਨ। ਰਾਹਤ ਸਮੱਗਰੀ ਲੈਣ ਵਾਲੇ ਲੋਕ ਚੌਹਾਲਾ, ਬਨੋਟਾ, ਕੋਟਲੀ, ਅਰਜਨ ਸਿੰਘ, ਪੁਰਾਣਾ ਪਿੰਡ ਆਦਿ ਨਾਲ ਸਬੰਧਤ ਸਨ।


author

shivani attri

Content Editor

Related News