ਬਾਬੇ ਨਾਨਕ ਨੇ ਸਮੁੱਚੀ ਮਾਨਵਤਾ ਨੂੰ ਦਿਖਾਇਆ ''ਸੇਵਾ-ਮਾਰਗ''

09/10/2019 6:54:46 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਮਾਨਵਤਾ ਨੂੰ ਦਿਖਾਏ ਸੇਵਾ-ਮਾਰਗ ਦੀ ਇਕ ਅਦਭੁੱਤ ਮਿਸਾਲ ਸੀ, ਜਦੋਂ ਉਨ੍ਹਾਂ ਨੇ ਆਪਣੇ ਪਿਤਾ ਜੀ ਵੱਲੋਂ ਕਾਰੋਬਾਰ ਲਈ ਦਿੱਤੇ 20 ਰੁਪਿਆਂ ਦਾ ਰਾਸ਼ਨ ਖਰੀਦ ਕੇ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਸੀ। ਇਹ ਇਕ ਅਜਿਹਾ 'ਸੱਚਾ ਸੌਦਾ' ਸੀ, ਜਿਸ ਨੇ ਵੱਡੇ-ਵੱਡੇ ਵਿਚਾਰਵਾਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਸਮੁੱਚੇ ਸੰਸਾਰ 'ਚ ਇਹ 'ਰੌਸ਼ਨ-ਸੰਦੇਸ਼' ਫੈਲ ਗਿਆ ਕਿ ਲੋੜਵੰਦਾਂ ਦੀ ਮਦਦ ਕਰਨ ਅਤੇ ਭੁੱਖਿਆਂ ਨੂੰ ਰੋਟੀ ਖੁਆਉਣ ਤੋਂ ਉੱਤਮ ਅਤੇ ਪਵਿੱਤਰ ਕੋਈ ਕਾਰਜ ਨਹੀਂ ਹੈ। ਇਹ ਇਕ ਅਜਿਹਾ ਫਲਸਫਾ ਹੈ, ਜਿਸ ਨੂੰ ਹਰ ਧਰਮ ਅਤੇ ਸਮਾਜ ਦੇ ਲੋਕਾਂ ਨੇ ਆਪੋ-ਆਪਣੇ ਢੰਗ ਨਾਲ ਅਪਣਾਇਆ ਹੈ। ਲੰਗਰ ਦੀ ਪ੍ਰਥਾ ਵੀ ਇਸੇ 'ਰੌਸ਼ਨ-ਸੰਦੇਸ਼' ਦੇ ਚਾਨਣ ਹੇਠ ਚੱਲ ਅਤੇ ਫੈਲ ਰਹੀ ਹੈ। ਇਥੋਂ ਹੀ ਅਗਵਾਈ ਲੈ ਕੇ ਸਮਾਜ 'ਚ ਵਿਚਰਦੀਆਂ ਵੱਖ-ਵੱਖ ਸੋਸਾਇਟੀਆਂ, ਸੰਸਥਾਵਾਂ ਅਤੇ ਦਾਨਵੀਰ ਸ਼ਖਸੀਅਤਾਂ ਅੱਜ ਨਿੱਜੀ ਅਤੇ ਸਵੈ-ਕਾਰਜਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਲਈ ਲੱਕ-ਬੰਨ੍ਹ ਕੇ ਤੁਰੀਆਂ ਹੋਈਆਂ ਹਨ। ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਂ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਮਦਦ ਲਈ ਉੱਠਣ ਵਾਲੇ ਹੱੱਥ ਵੀ 'ਸੇਵਾ-ਮਾਰਗ' ਦੇ ਸਿਧਾਂਤ ਤੋਂ ਹੀ ਪ੍ਰੇਰਿਤ ਹੁੰਦੇ ਹਨ। ਹੜ•, ਭੂਚਾਲ, ਅਗਨੀਕਾਂਡ, ਜੰਗ, ਸੋਕੇ ਅਤੇ ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬਹੁੜਨ ਵਾਲਿਆਂ 'ਚ ਵੀ ਇਹੋ ਸਿਧਾਂਤ ਵੱਸਿਆ ਹੁੰਦਾ ਹੈ।

'ਪੰਜਾਬ ਕੇਸਰੀ' ਪੱਤਰ ਸਮੂਹ ਵੱਲੋਂ ਵੱਖ-ਵੱਖ ਆਫਤਾਂ ਦੇ ਸ਼ਿਕਾਰ ਲੋਕਾਂ ਲਈ ਵਿਸ਼ੇਸ਼ ਫੰਡ ਚਲਾ ਕੇ ਮੁਹੱਈਆ ਕਰਵਾਈ ਗਈ ਸਹਾਇਤਾ ਅਤੇ ਅੱਤਵਾਦ ਪੀੜਤਾਂ ਜਾਂ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਲੋਕਾਂ ਲਈ ਚਲਾਈ ਗਈ ਰਾਹਤ ਮੁਹਿੰਮ ਨੂੰ ਸਫਲ ਬਣਾਉਣ ਪਿੱਛੇ ਵੀ ਦਾਨਵੀਰ ਹਸਤੀਆਂ/ਸੰਸਥਾਵਾਂ ਦਾ ਮਹਾਨ ਯੋਗਦਾਨ ਰਿਹਾ ਹੈ। ਇਸ ਸੇਵਾ-ਸਿਧਾਂਤ ਅਧੀਨ ਹੀ ਗਰੁੱਪ ਵੱਲੋਂ ਸੈਂਕੜੇ ਟਰੱਕਾਂ ਦੀ ਸਮੱਗਰੀ ਪੰਜਾਬ ਦੇ ਸਰਹੱਦੀ ਖੇਤਰਾਂ ਅਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਤਕ ਪਹੁੰਚਾਈ ਜਾ ਚੁੱਕੀ ਹੈ।
'ਪੰਜਾਬ ਕੇਸਰੀ' ਦੀ ਇਹ ਰਾਹਤ ਮੁਹਿੰਮ ਨਿਰਵਿਘਨ ਰੂਪ 'ਚ ਜਾਰੀ ਹੈ ਅਤੇ ਇਸ ਅਧੀਨ 524ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਜੰਮੂ ਖੇਤਰ ਦੇ ਆਰ. ਐੱਸ. ਪੁਰਾ ਸੈਕਟਰ ਨਾਲ ਸਬੰਧਤ ਪਿੰਡ ਕਲਿਆਣਾ 'ਚ ਵੰਡੀ ਗਈ। ਇਹ ਸਮੱਗਰੀ ਸ਼੍ਰੀ ਅਲੋਕ ਸੋਂਧੀ ਅਤੇ ਉਨ•ਾਂ ਦੇ ਬੇਟੇ ਆਸ਼ਿਮ ਸੋਂਧੀ ਦੇ ਯਤਨਾਂ ਸਦਕਾ ਪੀ. ਕੇ. ਐੱਫ. ਗਰੁੱਪ ਜਲੰਧਰ ਵੱਲੋਂ ਭਿਜਵਾਈ ਗਈ ਸੀ। ਕਲਿਆਣਾ 'ਚ ਵੱਖ-ਵੱਖ ਪ੍ਰਭਾਵਿਤ ਪਿੰਡਾਂ ਤੋਂ ਜੁੜੇ 250 ਪਰਿਵਾਰਾਂ ਨੂੰ ਆਟਾ, ਚਾਵਲ, ਕੰਬਲ ਆਦਿ ਮੁਹੱਈਆ ਕਰਵਾਏ ਗਏ।
ਇਸ ਰਾਹਤ ਵੰਡ ਆਯੋਜਨ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਉੱਪ ਪ੍ਰਧਾਨ ਅਤੇ ਜੰਮੂ-ਕਸ਼ਮੀਰ ਮਾਮਲਿਆਂ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਸੰਸਾਰ 'ਚ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਦਰਭ 'ਚ ਗੁਰੂ ਸਾਹਿਬ ਦੇ ਫਲਸਫੇ ਤੋਂ ਇਹ ਸਿੱਖਿਆ ਲੈਣ ਦੀ ਲੋੜ ਹੈ ਕਿ ਹਰ ਭਾਰਤੀ 'ਚ ਲੋੜਵੰਦਾਂ ਦੀ ਮਦਦ ਦਾ ਜਜ਼ਬਾ ਹੋਵੇ ਅਤੇ ਉਹ ਆਪਣੇ ਹੱਥ ਮਦਦ ਲਈ ਅੱਗੇ ਵਧਾਵੇ। ਉਨ•ਾਂ ਕਿਹਾ ਕਿ ਸਾਨੂੰ ਆਪੋ-ਆਪਣੇ ਖੇਤਰ ਜਾਂ ਇਲਾਕੇ ਤੋਂ ਇਲਾਵਾ ਜਿਥੋਂ ਤਕ ਪਹੁੰਚ ਹੋਵੇ, ਉਥੋਂ ਤਕ ਲੋੜਵੰਦਾਂ ਅਤੇ ਪੀੜਤਾਂ ਲਈ ਸੇਵਾ ਵਾਲੇ ਹੱਥ ਅੱਗੇ ਵਧਾਉਣੇ ਚਾਹੀਦੇ ਹਨ।

ਖੰਨਾ ਨੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਨੇ ਜਿੱਥੇ ਅੱਤਵਾਦ ਦੇ ਵਿਰੁੱਧ ਲੜਾਈ ਲੜੀ, ਕੁਰਬਾਨੀਆਂ ਦਿੱਤੀਆਂ, ਉਥੇ ਅੱਤਵਾਦ ਪੀੜਤਾਂ ਦੀ ਵੱਡੀ ਮਦਦ ਵੀ ਕੀਤੀ। ਸੇਵਾ ਦਾ ਰਸਤਾ ਅਪਣਾਉਂਦਿਆਂ ਇਸ ਗਰੁੱਪ ਨੇ ਕਰੋੜਾਂ ਰੁਪਏ ਦੀ ਰਾਸ਼ੀ ਅੱਤਵਾਦ ਪੀੜਤ ਪਰਿਵਾਰਾਂ ਨੂੰ ਵੰਡੀ ਅਤੇ ਨਾਲ ਹੀ ਰਾਹਤ ਮੁਹਿੰਮ ਚਲਾ ਕੇ ਰੋਜ਼ੀ-ਰੋਟੀ ਤੋਂ ਵਾਂਝੇ ਲੋਕਾਂ ਤਕ ਰੋਟੀ ਪਹੁੰਚਾਉਣ ਦਾ ਵੱਡਾ ਉਪਰਾਲਾ ਵੀ ਕੀਤਾ। ਇਹ ਕਾਰਜ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਦੇਖ-ਰੇਖ ਹੇਠ ਅੱਜ ਵੀ ਜਾਰੀ ਹਨ।
ਭਾਜਪਾ ਆਗੂ ਨੇ ਕਿਹਾ ਕਿ ਅੱਜ ਆਮ ਪ੍ਰਵਿਰਤੀ ਹੈ ਕਿ ਦੂਜਿਆਂ ਦੇ ਸੁੱਖ ਨੂੰ ਵੇਖ ਕੇ ਕੁਝ ਲੋਕ ਖੁਦ ਦੁਖੀ ਹੋ ਜਾਂਂਦੇ ਹਨ। ਇਸ ਦੇ ਉਲਟ ਵਿਜੇ ਜੀ ਲੋੜਵੰਦਾਂ ਅਤੇ ਪੀੜਤਾਂ ਦੀ ਮਦਦ ਕਰ ਕੇ ਖੁਸ਼ੀ ਮਹਿਸੂਸ ਕਰਦੇ ਹਨ। ਖੰਨਾ ਨੇ ਕਿਹਾ ਕਿ ਹਰ ਇਨਸਾਨ 'ਚ ਦੇਸ਼ ਅਤੇ ਇਨਸਾਨੀਅਤ ਦੀ ਸੇਵਾ ਦਾ ਜਜ਼ਬਾ ਹੋਣਾ ਚਾਹੀਦਾ ਹੈ।

PunjabKesari

ਪਾਕਿਸਤਾਨ ਨੇ ਸੋਚ ਨਾ ਬਦਲੀ ਤਾਂ ਬਰਬਾਦ ਹੋ ਜਾਵੇਗਾ: ਵਰਿੰਦਰ ਸ਼ਰਮਾ
ਰਾਹਤ ਮੁਹਿੰਮ ਦੇ ਮੁਖੀ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਅੱਤਵਾਦ ਫੈਲਾਉਣ ਅਤੇ ਸਰਹੱਦੀ ਖੇਤਰਾਂ 'ਚ ਗੋਲੀਬਾਰੀ ਕਰਨ ਵਾਲੀ ਸੋਚ ਅਤੇ ਨੀਤੀ ਪਾਕਿਸਤਾਨ ਨੂੰ ਬਦਲਣੀ ਪਵੇਗੀ। ਜੇਕਰ ਇਸ ਮੁਲਕ ਨੇ ਆਪਣਾ ਰਵੱਈਆ ਅਤੇ ਸੋਚ ਨਾ ਬਦਲੀ ਤਾਂ ਉਹ ਇਕ ਦਿਨ ਬਰਬਾਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਪਾਕਿਸਤਾਨ ਅੱਡੀ-ਚੋਟੀ ਦਾ ਜ਼ੋਰ ਲਾ ਕੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਸਾਜ਼ਿਸ਼ਾਂ ਰਚ ਰਿਹਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਧਰਤੀ ਨੂੰ ਭਾਰਤ 'ਚ ਅੱਤਵਾਦ ਫੈਲਾਉਣ ਲਈ ਵਰਤਿਆ ਜਾ ਰਿਹਾ ਹੈ। ਪਾਕਿਸਤਾਨ ਦੇ ਅਜਿਹੇ ਰਵੱਈਏ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।  ਸ਼ਰਮਾ ਨੇ ਕਿਹਾ ਕਿ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਕਾਰਣ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਹਜ਼ਾਰਾਂ ਪਰਿਵਾਰ ਬਰਬਾਦੀ ਦੇ ਕੰਢੇ ਆਣ ਪੁੱਜੇ ਹਨ। ਉਨ•ਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਜਿਸ ਤਰ੍ਹਾਂ ਭਾਰਤ ਦੀ ਬਰਬਾਦੀ ਲਈ ਚਾਲਾਂ ਚੱਲਦਾ ਰਹਿੰਦਾ ਹੈ, ਇਕ ਦਿਨ ਇਹ ਚਾਲਾਂ ਉਸ ਨੂੰ ਹੀ ਬਰਬਾਦ ਕਰ ਦੇਣਗੀਆਂ।
ਰਾਹਤ ਲੈਣ ਲਈ ਪੁੱਜੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਕਿਹਾ ਕਿ ਜਿਸ ਸੰਕਟ ਭਰੀ ਸਥਿਤੀ ਦਾ ਉਹ ਸਾਹਮਣਾ ਕਰ ਰਹੇ ਹਨ, ਉਸ ਦਾ ਅੰਤ  ਨਜ਼ਦੀਕੀ ਭਵਿੱਖ 'ਚ ਹੋ ਜਾਵੇਗਾ। ਅੱਜ ਜੰਮੂ-ਕਸ਼ਮੀਰ 'ਚ ਹਾਲਾਤ ਬਦਲ ਰਹੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਸੂਬੇ ਦੇ ਲੋਕਾਂ ਲਈ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਦੇ ਰਸਤੇ ਛੇਤੀ ਹੀ ਖੁੱਲ੍ਹ ਜਾਣਗੇ। ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮੁਸ਼ਕਲ ਹਾਲਾਤ 'ਚ ਸਾਰਾ ਦੇਸ਼ ਉਨ੍ਹਾਂ ਦੇ ਨਾਲ ਹੈ।

ਕਮਾਈ ਦਾ ਦਸਵੰਧ ਸਮਾਜ ਸੇਵਾ ਲੇਖੇ ਲਾਉਣਾ ਚਾਹੀਦੈ: ਕਵਿਤਾ ਗੁਪਤਾ
ਰਾਹਤ ਵੰਡ ਆਯੋਜਨ ਦੌਰਾਨ ਪੀ. ਕੇ. ਐੱਫ. ਗਰੁੱਪ ਜਲੰਧਰ ਤੋਂ ਵਿਸ਼ੇਸ਼ ਤੌਰ 'ਤੇ ਪੁੱਜੀ ਮੈਡਮ ਕਵਿਤਾ ਗੁਪਤਾ ਨੇ ਕਿਹਾ ਕਿ ਹਰੇਕ ਇਨਸਾਨ ਨੂੰ ਆਪਣੀ ਕਮਾਈ ਦਾ ਦਸਵੰਧ ਸਮਾਜ ਸੇਵਾ ਦੇ ਲੇਖੇ ਲਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਪੀ. ਕੇ. ਐੱਫ. ਗਰੁੱਪ ਪਿਛਲੇ 60 ਸਾਲਾਂ ਤੋਂ ਇਸ ਨੇਕ ਰਸਤੇ 'ਤੇ ਚੱਲ ਕੇ ਆਪਣੀ ਕਮਾਈ ਦਾ ਦਸਵੰਧ ਲੋੜਵੰਦਾਂ ਦੀ ਮਦਦ ਲਈ ਦੇ ਰਿਹਾ ਹੈ। ਸ਼੍ਰੀਮਤੀ ਗੁਪਤਾ ਨੇ ਕਿਹਾ ਕਿ ਜਿਹੜਾ ਇਨਸਾਨ ਦੂਜਿਆਂ ਦੇ ਕੰਮ ਨਹੀਂ ਆਉਂਦਾ, ਉਸ ਦਾ ਜੀਵਨ ਵਿਅਰਥ ਹੈ। ਅਜਿਹੇ ਇਨਸਾਨ ਅਤੇ ਪਸ਼ੂ 'ਚ ਕੋਈ ਫਰਕ ਨਹੀਂ ਕੀਤਾ ਜਾ ਸਕਦਾ।
ਸਰਹੱਦੀ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਗੁਪਤਾ ਨੇ ਕਿਹਾ ਕਿ ਜਿਸ ਮੁਸ਼ਕਲ ਹਾਲਾਤ 'ਚ ਉਹ ਰਹਿ ਰਹੇ ਹਨ ਅਤੇ ਜਿਸ ਖਤਰੇ ਨੂੰ ਸਹਿਣ ਕਰ ਰਹੇ ਹਨ, ਉਸ ਨੂੰ ਆਮ ਨਾਗਰਿਕ ਮਹਿਸੂਸ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਅਤੇ ਗੋਲੀਬਾਰੀ ਸਹਿਣ ਕਰਨ ਵਾਲਿਆਂ ਲਈ ਭਵਿੱਖ 'ਚ ਵੀ ਸੇਵਾ-ਸਹਾਇਤਾ ਦੇ ਯਤਨ ਜਾਰੀ ਰੱਖੇ ਜਾਣਗੇ। ਇਸ ਮੌਕੇ 'ਤੇ ਜੰਮੂ-ਕਸ਼ਮੀਰ ਭਾਜਪਾ ਦੇ ਜਨਰਲ ਸਕੱਤਰ ਡਾ. ਨਰਿੰਦਰ ਸਿੰਘ ਅਤੇ ਜ਼ਿਲਾ ਜੰਮੂ ਤੋਂ ਭਾਜਪਾ ਦੀ ਇੰਚਾਰਜ ਗੁਰਮੀਤ ਕੌਰ ਰੰਧਾਵਾ (ਕਾਰਪੋਰੇਟਰ) ਨੇ ਸੂਬੇ ਦੇ ਪੀੜਤ ਪਰਿਵਾਰਾਂ ਲਈ ਸਮੱਗਰੀ ਭਿਜਵਾਉਣ ਵਾਲੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ। ਸਮੱਗਰੀ ਵੰਡਣ ਸਮੇਂ ਜੰਮੂ ਤੋਂ ਭਾਜਪਾ ਦੇ ਜ਼ਿਲਾ ਪ੍ਰਧਾਨ ਸ਼੍ਰੀ ਬ੍ਰਜੇਸ਼ਵਰ ਰਾਣਾ, ਸਰਬਜੀਤ ਸਿੰਘ ਜੌਹਲ, ਸੰਜੇ ਖੰਨਾ, ਜੰਮੂ-ਕਸ਼ਮੀਰ ਪੰਚਾਇਤ ਕਾਨਫਰੰਸ ਦੇ ਪ੍ਰਧਾਨ ਅਰੁਣ ਸ਼ਰਮਾ ਸੂਦਨ, ਪੀ. ਕੇ. ਐੱਫ. ਗਰੁੱਪ ਦੇ ਅਨੂਪ ਜੇਤਲੀ, ਬਲਦੀਪ ਭੱਟੀ, ਸ਼ਸ਼ੀ ਭੂਸ਼ਣ, ਰਾਜੇਸ਼ ਭਗਤ, ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ, ਆਰ. ਐੱਸ. ਪੁਰਾ ਤੋਂ ਮੁਕੇਸ਼ ਰੈਣਾ ਅਤੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਵੀ ਮੌਜੂਦ ਸਨ।


shivani attri

Content Editor

Related News