ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 551ਵੇਂ ਟਰੱਕ ਦੀ ਰਾਹਤ ਸਮੱਗਰੀ

Thursday, Jan 23, 2020 - 06:07 PM (IST)

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 551ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨੀ ਸੈਨਿਕਾਂ ਵੱਲੋਂ ਸਰਹੱਦ ਪਾਰ ਤੋਂ ਅਕਸਰ ਕੀਤੀ ਜਾਂਦੀ ਗੋਲੀਬਾਰੀ ਕਾਰਣ ਜੰਮੂ-ਕਸ਼ਮੀਰ ਦੇ ਹਜ਼ਾਰਾਂ ਪਰਿਵਾਰ ਦੁਖਦਾਈ ਹਾਲਾਤ ਵਿਚ ਜੀਵਨ ਬਸਰ ਕਰ ਰਹੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਕਾਰਣ ਵੀ ਸੂਬੇ ਦੇ ਲੱਖਾਂ ਲੋਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ਪਰਿਵਾਰਾਂ ਨਾਲ ਸਬੰਧਤ ਕਈ ਮੈਂਬਰਾਂ ਨੂੰ ਅੱਤਵਾਦ ਕਾਰਨ ਆਪਣੀਆਂ ਜਾਨਾਂ ਵੀ ਗੁਆਉਣੀਆਂ ਪਈਆਂ ਅਤੇ ਉਨ੍ਹਾਂ ਦੇ ਕੰਮ-ਧੰਦੇ ਅਤੇ ਰੋਜ਼ਗਾਰ ਖੁੱਸ ਗਏ, ਜਦੋਂਕਿ ਕਰੋੜਾਂ ਦਾ ਮਾਲੀ ਨੁਕਸਾਨ ਵੀ ਸੂਬੇ ਨੂੰ ਸਹਿਣ ਕਰਨਾ ਪਿਆ।

ਦੋਹਰੀ ਮਾਰ ਕਾਰਨ ਰੋਜ਼ੀ-ਰੋਟੀ ਦਾ ਸੰਕਟ ਸਹਿਣ ਕਰ ਰਹੇ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਹੀ ਪਿਛਲੇ ਦਿਨੀਂ 551ਵੇਂ ਟਰੱਕ ਦੀ ਰਾਹਤ ਸਮੱਗਰੀ ਆਰ. ਐੱਸ. ਪੁਰਾ ਸੈਕਟਰ ਦੇ ਸਰਹੱਦੀ ਪਿੰਡਾਂ 'ਚ ਰਹਿਣ ਵਾਲੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ 1008 ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਦਰਬਾਰ ਬਾਵਾ ਲਾਲ ਦਿਆਲ ਜੀ ਧਿਆਨਪੁਰ (ਬਟਾਲਾ) ਤੋਂ ਦਿੱਤਾ ਗਿਆ ਸੀ। ਦਰਬਾਰ ਵੱਲੋਂ ਪਹਿਲਾਂ ਵੀ ਪੀੜਤ ਪਰਿਵਾਰਾਂ ਲਈ ਸਮੱਗਰੀ ਦੇ ਕਈ ਟਰੱਕ ਭਿਜਵਾਏ ਜਾ ਚੁੱਕੇ ਹਨ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਦਰਬਾਰ ਦੇ ਮੁੱਖ ਸੇਵਾਦਾਰ ਸ਼੍ਰੀ ਜਗਦੀਸ਼ ਜੀ, ਅਰੁਣ ਸ਼ਰਮਾ, ਬਾਵਾ ਨੰਦੀ ਜੀ ਅਤੇ ਗਰੀਬ ਦਾਸ ਜੀ ਨੇ ਅਹਿਮ ਭੂਮਿਕਾ ਨਿਭਾਈ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਥੈਲੀ ਚਾਵਲ (ਪ੍ਰਤੀ ਥੈਲੀ 10 ਕਿੱਲੋ), 300 ਕੰਬਲ, 300 ਥਾਲੀਆਂ, 400 ਪੀਸ ਨਵੇਂ ਕੱਪੜੇ ਦੇ ਅਤੇ 300 ਤੌਲੀਏ ਸ਼ਾਮਲ ਸਨ। ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਧਿਆਨਪੁਰ ਤੋਂ ਸ਼੍ਰੀ ਜਗਦੀਸ਼ ਜੀ, ਸਰਬਜੀਤ ਸਿੰਘ ਲਾਡੀ, ਬਲਵਿੰਦਰ ਪਾਲ, ਪ੍ਰਵੇਸ਼ ਸ਼ਰਮਾ, ਜਗਦੀਸ਼ ਕੁਮਾਰ ਜੀ, ਰਿੰਕੂ, ਗਰੀਬ ਦਾਸ, ਸੁਰਿੰਦਰ ਪਾਲ ਅਤੇ ਰਾਮਗੜ੍ਹ (ਜੰਮੂ) ਦੇ ਭਾਜਪਾ ਆਗੂ ਸਰਬਜੀਤ ਸਿੰਘ ਜੌਹਲ ਵੀ ਸ਼ਾਮਲ ਸਨ।


author

shivani attri

Content Editor

Related News