''ਬਾਬੇ ਨਾਨਕ'' ਨੇ ਰੁਸ਼ਨਾਇਆ ਸੀ ਮਨੁੱਖਤਾ ਦੀ ਸੇਵਾ ਦਾ ਰਾਹ
Thursday, Nov 14, 2019 - 05:50 PM (IST)
ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸਿੰਘ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਦੇਸ਼-ਵਿਦੇਸ਼ ਦੇ ਕਰੋੜਾਂ ਲੋਕ ਉਤਸ਼ਾਹ ਅਤੇ ਸ਼ਰਧਾ ਨਾਲ ਭਰਪੂਰ ਹਨ। ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਵੀ ਖੁੱਲ੍ਹ ਗਿਆ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਬਾਬੇ ਨੂੰ ਸਿਜਦਾ ਕਰਨ 'ਚ ਕੋਈ ਕਸਰ ਨਹੀਂ ਛੱਡੀ। ਬੇਮਿਸਾਲ ਨਿਰਮਾਣ, ਨਗਰ-ਕੀਰਤਨ, ਸੈਮੀਨਾਰ, ਗੁਰਬਾਣੀ-ਕੀਰਤਨ ਦੀ ਛਹਿਬਰ। ਇਸ ਸਭ ਦੌਰਾਨ ਸ਼ਰਧਾਲੂਆਂ ਲਈ ਲੰਗਰਾਂ ਦੇ ਪ੍ਰਬੰਧ, ਜਿਹੜੇ ਗੁਰੂ ਸਾਹਿਬ ਵੱਲੋਂ ਰੁਸ਼ਨਾਏ ਮਾਨਵ-ਸੇਵਾ ਦੇ ਉਸ ਮਾਰਗ 'ਤੇ ਚੱਲਣ ਦਾ ਯਤਨ ਹਨ, ਜਿਹੜਾ ਭੁੱਖੇ ਸਾਧੂਆਂ ਨੂੰ 20 ਰੁਪਏ ਨਾਲ ਭੋਜਨ ਛਕਾਉਣ ਦੇ ਮੁੱਢਲੇ ਕਦਮ ਨਾਲ ਆਰੰਭ ਹੋਇਆ ਸੀ। ਗੁਰੂ ਜੀ ਦੇ ਇਸ ਸੇਵਾ-ਫਲਸਫੇ ਨੂੰ ਸੰਸਾਰ ਭਰ 'ਚ ਹੋਰ ਜ਼ਿਆਦਾ ਪ੍ਰਤੀਬੱਧਤਾ ਅਤੇ ਦ੍ਰਿੜ੍ਹਤਾ ਨਾਲ ਅਪਣਾਏ ਜਾਣ ਦੀ ਲੋੜ ਹੈ। ਸੰਸਾਰ 'ਚ ਉਨ੍ਹਾਂ ਲੋਕਾਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਕੋਲ ਚੋਖਾ ਸਰਮਾਇਆ ਅਤੇ ਕਮਾਈ ਦੇ ਭਰਪੂਰ ਸਰੋਤ ਹਨ। ਉਨ੍ਹਾਂ ਲੋਕਾਂ ਦੀ ਤਾਂ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ, ਜਿਹੜੇ ਦੋ-ਵਕਤ ਦੀ ਰੋਟੀ ਦੇ ਮੁਥਾਜ ਹਨ ਅਤੇ ਦੁੱਖਾਂ, ਰੋਗਾਂ, ਸੰਕਟਾਂ ਦੀ ਘੁੰਮਣਘੇਰੀ 'ਚ ਰਿੜਕੇ ਜਾ ਰਹੇ ਹਨ। ਲੱਖਾਂ-ਕਰੋੜਾਂ ਲੋਕ ਕੁਦਰਤੀ-ਗੈਰ ਕੁਦਰਤੀ ਆਫਤਾਂ ਦੇ ਸ਼ਿਕਾਰ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਉਡੀਕ ਰਹੀਆਂ ਹਨ ਕਿ ਕੋਈ 'ਸੱਚੇ-ਸੌਦੇ' ਵਾਲੇ ਰਾਹ ਦਾ ਪਾਂਧੀ ਮਦਦ ਵਾਲੇ ਹੱਥ ਲੈ ਕੇ ਉਨ੍ਹਾਂ ਤਕ ਵੀ ਬਹੁੜੇ।
ਅਜਿਹੀ ਹੀ ਸੇਵਾ-ਭਾਵਨਾ ਨੂੰ ਆਪਣੇ ਮਨ 'ਚ ਰੱਖ ਕੇ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਪੀੜਤਾਂ ਅਤੇ ਆਫਤਾਂ ਦੇ ਸ਼ਿਕਾਰ ਲੋਕਾਂ ਦੀ ਸੇਵਾ ਦਾ ਬੀੜਾ ਚੁੱਕਿਆ। ਇਨ੍ਹਾਂ ਯਤਨਾਂ ਅਧੀਨ ਵਿਧਵਾ ਔਰਤਾਂ ਨੂੰ ਰਾਸ਼ਨ ਦੀ ਵੰਡ, ਅੱਤਵਾਦ ਪੀੜਤਾਂ ਲਈ ਵਿਸ਼ੇਸ਼ ਫੰਡ, ਲੋੜਵੰਦ ਵਿਦਿਆਰਥੀਆਂ ਲਈ ਵਜ਼ੀਫੇ ਅਤੇ ਖਾਸ ਕਰ ਕੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਰਾਹਤ-ਸਮੱਗਰੀ ਭਿਜਵਾਉਣ ਦੀ ਮੁਹਿੰਮ ਚਲਾਈ ਗਈ। ਅਕਤੂਬਰ 1999 ਤੋਂ ਜਾਰੀ ਇਸ ਮੁਹਿੰਮ ਅਧੀਨ ਹੁਣ ਤਕ ਸੈਂਕੜੇ ਟਰੱਕਾਂ ਦੀ ਸਮੱਗਰੀ ਉਨ੍ਹਾਂ ਪਰਿਵਾਰਾਂ ਤਕ ਪਹੁੰਚਾਈ ਗਈ, ਜਿਨ੍ਹਾਂ ਦੇ ਚੁੱਲ੍ਹਿਆਂ ਦੀ ਅੱਗ ਬੁਝਾਉਣ ਲਈ ਸਰਹੱਦ ਪਾਰ ਤੋਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।
ਇਸ ਸਿਲਸਿਲੇ 'ਚ 529ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਪੰਜਾਬ ਦੇ ਪਠਾਨਕੋਟ ਜ਼ਿਲੇ ਨਾਲ ਸਬੰਧਤ ਸਰਹੱਦੀ ਪਿੰਡ ਕਾਸ਼ੀ ਬਾੜਵਾਂ ਵਿਖੇ ਸਰਪੰਚ ਬਲਦੇਵ ਰਾਜ ਸ਼ਰਮਾ ਅਤੇ ਸਮਾਜਸੇਵੀ ਸੁਮਿਤ ਕੁਮਾਰ ਦੀ ਦੇਖ-ਰੇਖ ਹੇਠ ਵੰਡੀ ਗਈ। ਇਹ ਸਮੱਗਰੀ ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸਮਿਤੀ ਮੰਡੀ ਗੋਬਿੰਦਗੜ੍ਹ ਦੀ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਮੱਗੋ, ਕੈਸ਼ੀਅਰ ਸ਼੍ਰੀ ਇੰਦਰਜੀਤ ਸਿੰਘ ਮੱਗੋ ਵਲੋਂ ਮੰਡੀ ਦੇ ਸ਼ਹਿਰੀਆਂ ਦੇ ਸਹਿਯੋਗ ਸਦਕਾ ਭਿਜਵਾਈ ਗਈ ਸੀ। ਸਮਿਤੀ ਵਲੋਂ ਇਸ ਤੋਂ ਪਹਿਲਾਂ ਵੀ ਕਈ ਟਰੱਕਾਂ ਦੀ ਸਮੱਗਰੀ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਜਾ ਚੁੱਕੀ ਹੈ।
ਕਾਸ਼ੀ ਬਾੜਵਾਂ ਦੇ ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਰਾਹਤ ਮੁਹਿੰਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਭੁੱਖੇ ਲੋਕਾਂ ਨੂੰ ਭੋਜਨ ਛਕਾਉਣ ਤੋਂ ਉੱਤਮ ਕੋਈ ਕਾਰਜ ਨਹੀਂ ਹੈ। ਸੇਵਾ ਦੇ ਇਸ ਮਾਰਗ 'ਤੇ ਤੁਰਨ ਵਾਲਾ ਵਿਅਕਤੀ ਮਹਾਨ ਸੋਚ ਦਾ ਧਾਰਨੀ ਹੋ ਸਕਦਾ ਹੈ। ਗਰੀਬਾਂ, ਨਿਆਸਰਿਆਂ, ਰੋਗੀਆਂ, ਲੋੜਵੰਦਾਂ ਅਤੇ ਆਫਤਾਂ ਦੇ ਸ਼ਿਕਾਰ ਲੋਕਾਂ ਲਈ ਸਾਨੂੰ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਅਤੇ ਸਰਹੱਦੀ ਖੇਤਰਾਂ 'ਚ ਸੰਕਟਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਸਾਡੇ ਵੱਲੋਂ ਕੀਤੇ ਛੋਟੇ ਜਿਹੇ ਯਤਨ ਨਾਲ ਵੀ ਉਨ੍ਹਾਂ ਨੂੰ ਵੱਡਾ ਹੌਸਲਾ ਮਿਲ ਸਕਦਾ ਹੈ। ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਅੱਜ ਸੱਤਾਧਾਰੀ ਲੋਕਾਂ ਅਤੇ ਇਥੋਂ ਤਕ ਕਿ ਵਿਰੋਧੀ ਧਿਰਾਂ ਨਾਲ ਸਬੰਧਤ ਨੇਤਾਵਾਂ ਦੀ ਸੋਚ ਵੀ ਸਿਰਫ ਵੋਟਾਂ ਤਕ ਸੀਮਤ ਹੋ ਕੇ ਰਹਿ ਗਈ ਹੈ। ਉਨ੍ਹਾਂ ਦਾ ਮਕਸਦ ਵੋਟਾਂ ਲੈ ਕੇ ਸੱਤਾ ਦਾ ਸਿੰਘਾਸਨ ਹਾਸਲ ਕਰਨਾ ਅਤੇ ਸੁੱਖ-ਸਹੂਲਤਾਂ ਮਾਣਨਾ ਹੀ ਹੁੰਦਾ ਹੈ। ਦੇਸ਼ ਦੇ ਸੰਕਟ-ਗ੍ਰਸਤ ਨਾਗਰਿਕਾਂ ਨੂੰ ਲਾਵਾਰਸਾਂ ਦੀ ਹਾਲਤ 'ਚ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਪਰਿਵਾਰ ਅੱਜ ਜਿਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦੇ ਹੱਲ ਲਈ ਸਰਕਾਰਾਂ ਦੇ ਯਤਨ ਨਾਮਾਤਰ ਵੀ ਨਹੀਂ। ਅਜਿਹੀ ਹਾਲਤ ਵਿਚ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਰੋਜ਼ੀ-ਰੋਟੀ ਦਾ ਸੰਕਟ ਹੰਢਾ ਰਹੇ ਲੋਕਾਂ ਤਕ 20 ਸਾਲਾਂ ਤੋਂ ਲਗਾਤਾਰ ਰਾਸ਼ਨ ਅਤੇ ਹੋਰ ਸਹਾਇਤਾ ਸਮੱਗਰੀ ਭਿਜਵਾਈ ਜਾ ਰਹੀ ਹੈ, ਜੋ ਇਕ ਮਹਾਨ ਕਾਰਜ ਹੈ।
ਸਰਹੱਦੀ ਲੋਕਾਂ ਦੀ ਬਹਾਦਰੀ ਨੂੰ ਸਲਾਮ ਹੈ : ਇੰਦਰਜੀਤ ਸਿੰਘ ਮੱਗੋ
ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸਮਿਤੀ ਮੰਡੀ ਗੋਬਿੰਦਗੜ੍ਹ ਦੇ ਕੈਸ਼ੀਅਰ ਸ਼੍ਰੀ ਇੰਦਰਜੀਤ ਸਿੰਘ ਮੱਗੋ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਲੋਕਾਂ ਵਲੋਂ ਦੇਸ਼ ਸੇਵਾ ਹਿੱਤ ਜੋ ਡਿਊਟੀ ਨਿਭਾਈ ਜਾ ਰਹੀ ਹੈ, ਉਸ ਸੰਦਰਭ 'ਚ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕਰਨਾ ਬਣਦਾ ਹੈ। ਇਹ ਪਰਿਵਾਰ ਮੁਸੀਬਤਾਂ ਵੀ ਸਹਿਣ ਕਰਦੇ ਹਨ ਅਤੇ ਦੁਸ਼ਮਣ ਦੇ ਸਾਹਮਣੇ ਸੀਨਾ ਤਾਣ ਕੇ ਵੀ ਡਟੇ ਰਹਿੰਦੇ ਹਨ।
ਸ਼੍ਰੀ ਮੱਗੋ ਨੇ ਕਿਹਾ ਕਿ ਇਹ ਬਹੁਤ ਅਫਸੋਸਨਾਕ ਗੱਲ ਹੈ ਕਿ ਆਜ਼ਾਦੀ ਦੀ ਪ੍ਰਾਪਤੀ ਪਿੱਛੋਂ ਕਈ ਦਹਾਕੇ ਗੁਜ਼ਰ ਜਾਣ ਦੇ ਬਾਵਜੂਦ ਸਰਹੱਦੀ ਖੇਤਰਾਂ ਦੇ ਲੋਕਾਂ ਤਕ ਬੁਨਿਆਦੀ ਸਹੂਲਤਾਂ ਨਹੀਂ ਪੁੱਜੀਆਂ। ਇਹ ਇਲਾਕੇ ਅੱਜ ਵੀ ਚੰਗੀਆਂ ਸੜਕਾਂ, ਸਿੱਖਿਆ, ਸਿਹਤ ਅਤੇ ਬਿਜਲੀ ਦੀ ਰੈਗੂਲਰ ਸਪਲਾਈ ਵਰਗੀਆਂ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਥੁੜਾਂ ਦੇ ਸ਼ਿਕਾਰ ਅਜਿਹੇ ਪਰਿਵਾਰਾਂ ਲਈ ਸਹਾਇਤਾ ਸਮੱਗਰੀ ਭਿਜਵਾ ਕੇ ਪੰਜਾਬ ਕੇਸਰੀ ਗਰੁੱਪ ਜੋ ਸੇਵਾ ਨਿਭਾਅ ਰਿਹਾ ਹੈ, ਉਸ ਤੋਂ ਪ੍ਰੇਰਨਾ ਲੈ ਕੇ ਹੀ ਉਹ ਵੀ ਇਸ ਰਾਹ ਤੁਰੇ ਹਨ। ਸ਼੍ਰੀ ਮੱਗੋ ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਭਵਿੱਖ ਵਿਚ ਵੀ ਯਤਨ ਜਾਰੀ ਰੱਖੇ ਜਾਣਗੇ। ਸਰਪੰਚ ਰਵਿੰਦਰ ਕੁਮਾਰ ਨੇ ਰਾਹਤ ਵੰਡ ਆਯੋਜਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਪਰਿਵਾਰ ਬਹੁਤ ਭਆਰੀ ਮੁਸੀਬਤਾਂ ਦਾ ਸਾਹਮਣਾ ਕਰਦੇ ਹਨ ਅਤੇ ਨਾਲ ਹੀ ਉਨ੍ਹਾਂ ਦੇ ਕਮਾਈ ਦੇ ਸਾਧਨ ਵੀ ਬਹੁਤ ਸੀਮਤ ਹਨ। ਇਸ ਕਾਰਣ ਕਈ ਘਰ ਤਾਂ ਅਜਿਹੇ ਹਨ, ਜਿਨ੍ਹਾਂ ਲਈ ਦੋ ਵੇਲੇ ਚੁੱਲ੍ਹਾ ਬਾਲਣਾ ਵੀ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਪਰਿਵਾਰਾਂ ਨੂੰ ਰਾਹਤ-ਮੁਹਿੰਮ ਦਾ ਬਹੁਤ ਵੱਡਾ ਆਸਰਾ ਹੈ।
20 ਸਾਲਾਂ ਤੋਂ ਚੱਲ ਰਿਹੈ ਸੇਵਾ-ਕੁੰਭ : ਸੱਭਰਵਾਲ
ਲਾਲਾ ਜਗਤ ਨਾਰਾਇਣ ਧਰਮਸ਼ਾਲਾ ਚਿੰਤਪੂਰਨੀ ਦੇ ਪ੍ਰਧਾਨ ਸ਼੍ਰੀ ਐੱਮ. ਡੀ. ਸੱਭਰਵਾਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਰਾਹਤ ਮੁਹਿੰਮ ਦੇ ਰੂਪ 'ਚ ਇਹ ਸੇਵਾ-ਕੁੰਭ ਪਿਛਲੇ 20 ਸਾਲਾਂ ਤੋਂ ਚੱਲ ਰਿਹਾ ਹੈ। ਇਸ ਦੌਰਾਨ ਸ਼੍ਰੀਨਗਰ, ਅਨੰਤਨਾਗ, ਗੰਧਰਬਲ ਅਤੇ ਜੰਮੂ ਦੇ ਵੱਖ-ਵੱਖ ਖੇਤਰਾਂ ਤੋਂ ਇਲਾਵਾ ਪੰਜਾਬ ਦੇ ਸਰਹੱਦੀ ਪਿੰਡਾਂ 'ਚ ਰਹਿਣ ਵਾਲੇ ਲੱਖਾਂ ਪਰਿਵਾਰਾਂ ਨੂੰ ਕਰੋੜਾਂ ਰੁਪਏ ਦੀ ਸਮੱਗਰੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ-ਕਾਰਜ ਵਿਚ ਸਾਰੇ ਦੇਸ਼ ਵਾਸੀਆਂ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਰਾਜੇਸ਼ ਕੁਮਾਰ ਸ਼ਰਮਾ ਡਾਇਰੈਕਟਰਪੰਜਾਬ ਮੀਡੀਅਮ ਇੰਡਸਟਰੀਜ਼ ਬੋਰਡ ਨੇ ਇਹ ਸਮੱਗਰੀ ਭਿਜਵਾਉਣ ਲਈ ਪੰਜਾਬ ਦੇ ਦਾਨੀ ਸੱਜਣਾਂ ਅਤੇ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਹਿੰਮ ਨਾਲ ਨਾ ਸਿਰਫ ਪ੍ਰਭਾਵਿਤ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਵਸੀਲਾ ਬਣਦਾ ਹੈ, ਸਗੋਂ ਕਸ਼ਟ ਸਹਿਣ ਕਰ ਰਹੇ ਲੋਕਾਂ ਨੂੰ ਹੌਸਲਾ ਵੀ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਸਰਹੱਦੀ ਲੋਕਾਂ ਦੇ ਕੰਮ-ਧੰਦੇ ਹਮੇਸ਼ਾ ਪ੍ਰਭਾਵਿਤ ਹੁੰਦੇ ਰਹਿੰਦੇ ਹਨ ਅਤੇ ਕਿਸਾਨਾਂ ਲਈ ਤਾਂ ਆਪਣੀਆਂ ਜ਼ਮੀਨਾਂ ਵਿਚ ਵੀ ਖੇਤੀਬਾੜੀ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਜਦੋਂ ਵੀ ਕਦੇ ਪਾਕਿਸਤਾਨ ਵਲੋਂ ਹਾਲਾਤ ਵਿਗਾੜੇ ਜਾਂਦੇ ਹਨ ਤਾਂ ਲੋਕਾਂ ਲਈ ਮੁਸੀਬਤ ਬਣ ਜਾਂਦੀ ਹੈ। ਮੁਸ਼ਕਲ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਵੀ ਕੋਈ ਸਥਾਈ ਪ੍ਰਬੰਧ ਨਹੀਂ ਕੀਤੇ ਗਏ। ਇਸ ਮੌਕੇ 'ਤੇ ਮੰਡੀ ਗੋਬਿੰਦਗੜ੍ਹ ਤੋਂ ਰਣਧੀਰ ਸਿੰਘ ਪੱਪੀ, ਸੁਭਾਸ਼ ਵਰਮਾ, ਰਣਧੀਰ ਸਿੰਘ ਬਾਗੜੀਆ, ਰਾਜੀਵ ਸਿੰਗਲਾ, ਵਿਨੋਦ ਸ਼ਰਮਾ, ਕਾਲੀ ਠਾਕਰ, , ਦੀਨਾਨਗਰ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਦੀਪਕ ਸ਼ਰਮਾ, ਬਮਿਆਲ ਤੋਂ ਮੁਨੀਸ਼ ਕੁਮਾਰ, ਲੁਧਿਆਣਾ ਦੇ ਅਵਤਾਰ ਸਿੰਘ, ਕੁਲਦੀਪ ਕੌਰ, ਪਾਰਸ, ਰਿਸ਼ਮਾ , ਪਰਮਜੀਤ ਪੰਮੀ, ਵਿਕਰਮ ਿਸੰਘ ਸਰਪੰਚ ਮੁੱਠੀ, ਸਰਪੰਚ ਨਰੇਸ਼ ਠਾਕਰ ਅਤੇ ਹੋਰ ਪੰਚ-ਸਰਪੰਚ ਵੀ ਮੌਜੂਦ ਸਨ।