ਝਬਾਲ ਚੌਕ ''ਚ ਦਿਸੇ ਟ੍ਰੈਫ਼ਿਕ ਪੁਲਸ ਦੇ ਮੁਲਾਜ਼ਮ
Wednesday, Jan 03, 2018 - 11:08 AM (IST)
ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - 'ਜਗ ਬਾਣੀ' 'ਚ ਬੀਤੇ ਦਿਨੀਂ ਲੱਗੀ ਖਬਰ ਦਾ ਅਸਰ ਉਸ ਵੇਲੇ ਵੇਖਣ ਨੂੰ ਮਿਲਿਆ, ਜਦੋਂ ਅੱਡਾ ਝਬਾਲ ਦੀ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਲਈ ਚੌਕ 'ਚ ਟ੍ਰੈਫ਼ਿਕ ਪੁਲਸ ਦੇ ਮੁਲਾਜ਼ਮ ਲੋਕਾਂ ਨੂੰ ਦਿਸੇ, ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲੈਂਦਿਆਂ ਜਿਥੇ ਕਸਬੇ ਦੀ ਟ੍ਰੈਫ਼ਿਕ ਸਮੱਸਿਆ ਹੱਲ ਹੋਣ ਦਾ ਭਰੋਸਾ ਜਤਾਇਆ, ਉਥੇ ਹੀ ਜਗ ਬਾਣੀ ਦਾ ਧੰਨਵਾਦ ਵੀ ਕੀਤਾ।
ਅੱਡਾ ਝਬਾਲ ਦੇ ਚਹੁੰ ਮਾਰਗਾਂ ਤਰਨਤਾਰਨ, ਅਟਾਰੀ, ਭਿੱਖੀਵਿੰਡ ਤੇ ਅੰਮ੍ਰਿਤਸਰ ਸਥਿਤ ਦੁਕਾਨਦਾਰਾਂ ਵੱਲੋਂ ਇਕ-ਦੂਜੇ ਤੋਂ ਅੱਗੇ ਵਧਾ ਕੇ ਸੜਕੀ ਥਾਵਾਂ 'ਤੇ ਮਸ਼ਹੂਰੀ ਲਈ ਰੱਖਿਆ ਸਾਮਾਨ, ਹੋਰਡਿੰਗ ਤੇ ਅੱਗੇ ਲਾਈਆਂ ਰੇਹੜੀਆਂ ਤੋਂ ਇਲਾਵਾ ਖੜ੍ਹੇ ਹੁੰਦੇ ਬੇਤਰਤੀਬੇ ਵਾਹਨਾਂ ਕਾਰਨ ਕਸਬਾ ਝਬਾਲ ਸਾਰਾ ਦਿਨ ਟ੍ਰੈਫ਼ਿਕ 'ਚ ਘਿਰਿਆ ਰਹਿੰਦਾ ਹੈ। ਉਕਤ ਮਾਮਲੇ ਨੂੰ 'ਜਗ ਬਾਣੀ' ਵੱਲੋਂ ਪ੍ਰਮੁੱਖਤਾ ਨਾਲ ਚੁੱਕੇ ਜਾਣ 'ਤੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਵੱਲੋਂ ਲਏ ਗਏ ਤੁਰੰਤ ਐਕਸ਼ਨ ਦਾ ਅਸਰ ਵੇਖਣ ਨੂੰ ਇਹ ਮਿਲਿਆ ਕਿ ਅੱਡਾ ਝਬਾਲ ਚੌਕ 'ਚ ਟ੍ਰੈਫ਼ਿਕ ਪੁਲਸ ਦੇ ਚਾਰ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ, ਜੋ ਕਸਬੇ ਦੀ ਟ੍ਰੈਫ਼ਿਕ ਨੂੰ ਕੰਟਰੋਲ 'ਚ ਰੱਖਦਿਆਂ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣਗੇ।
ਟ੍ਰੈਫ਼ਿਕ 'ਚ ਵਿਘਨ ਪਾਉਣ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ : ਅਧਿਕਾਰੀ
ਟ੍ਰੈਫ਼ਿਕ ਇੰਚਾਰਜ ਬਲਵਿੰਦਰ ਸਿੰਘ ਅਤੇ ਕੁਲਵਿੰਦਰ ਪਾਲ ਪੁੰਜ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਸਬਾ ਝਬਾਲ ਦੀ ਟ੍ਰੈਫ਼ਿਕ ਸਮੱਸਿਆ ਨੂੰ ਹੱਲ ਕਰਨ ਲਈ ਐੱਸ. ਐੱਸ. ਪੀ. ਡੀ. ਐੱਸ. ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਦਿਹਾਤੀ ਖੇਤਰ 2 ਵਿੰਗ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ ਹੈ, ਜਿਸ ਤਹਿਤ ਭਿੱਖੀਵਿੰਡ ਖੇਤਰ ਲਈ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਨੂੰ ਇੰਚਾਰਜ ਲਾਇਆ ਗਿਆ ਹੈ ਅਤੇ ਝਬਾਲ ਖੇਤਰ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਟ੍ਰੈਫ਼ਿਕ 'ਚ ਵਿਘਨ ਪਾਉਣ ਵਾਲੇ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਬਖਸ਼ਿਆ ਨਹੀਂ ਜਾਵੇਗਾ।
