ਜਲ੍ਹਿਆਂਵਾਲੇ ਬਾਗ਼ ਦਾ ਉਹ ਸਾਹਿਤ, ਜੋ ਅੰਗਰੇਜ਼ ਸਰਕਾਰ ਨੇ ਜ਼ਬਤ ਕੀਤਾ
Friday, Apr 10, 2020 - 12:57 PM (IST)
ਹਰਪ੍ਰੀਤ ਸਿੰਘ ਕਾਹਲੋਂ
ਜਲ੍ਹਿਆਂਵਾਲੇ ਬਾਗ ਦਾ ਸਾਕਾ ਇਤਿਹਾਸ ਦੀ ਵੱਡੀ ਘਟਨਾ ਹੈ। ਉਸ ਦੌਰ ਦੀ ਇਹ ਘਟਨਾ ਉਸ ਸਮੇਂ ’ਚ ਅਖ਼ਬਾਰਾਂ ਅਤੇ ਅਦੀਬਾਂ ਦਾ ਜ਼ਿਕਰ ਕਿਉਂ ਨਾ ਬਣੇ? ਅਫਸੋਸ ਉਸ ਦੌਰ 'ਚ ਇਹ ਸਾਕਾ ਪੰਜਾਬੀ ਅਤੇ ਬਹੁਤੀਆਂ ਅਖ਼ਬਾਰਾਂ 'ਚ ਜ਼ਿਕਰ 'ਚ ਨਹੀਂ ਆਇਆ। ਉਨਾਂ ਸਮਿਆਂ ਦੇ ਅਦੀਬਾਂ ਨੂੰ ਸਮੇਂ ਨੇ ਇਹ ਸਵਾਲ ਹਮੇਸ਼ਾ ਪਾਇਆ ਹੈ ਪਰ ਮੰਟੋ, ਨਾਨਕ ਸਿੰਘ, ਬਾਬੂ ਫ਼ਿਰੋਜ਼ਦੀਨ ਸ਼ਰਫ਼ ਜਹੇ ਅਦੀਬ ਸਨ, ਜਿੰਨ੍ਹਾਂ ਇਸ ਸਾਕੇ ਨੂੰ ਆਪਣੀ ਲਿਖਤ ਦਾ ਹਿੱਸਾ ਬਣਾਇਆ। ਪੰਜਾਬੀ ਯੂਨੀਵਰਸਿਟੀ ਵਲੋਂ ਗੁਰਦੇਵ ਸਿੰਘ ਸਿੱਧੂ ਹੁਣਾਂ ਦੀ ਕਿਤਾਬ 'ਸਾਕਾ ਬਾਗ਼-ਏ-ਜਲ੍ਹਿਆਂ' 'ਚ ਉਨ੍ਹਾਂ ਰਚਨਾਵਾਂ ਦਾ ਜ਼ਿਕਰ ਹੈ। ਇਨ੍ਹਾਂ 'ਚੋਂ ਅਬਦੁੱਲ ਕਾਦਰ ਬੇਗ, ਅਮੀਰ ਅਲੀ ਅਮਰ, ਗ਼ੁਲਾਮ ਰਸੂਲ ਲੁਧਿਆਣਵੀ, ਵਿਧਾਤਾ ਸਿੰਘ ਤੀਰ, ਮੁੰਹਮਦ ਹੁਸੈਨ ਅਰਸ਼ਦ ਅਤੇ ਹੋਰ ਅਦੀਬਾਂ ਦੀਆਂ ਰਚਨਾਵਾਂ ਦਾ ਵੀ ਜ਼ਿਕਰ ਮਿਲਦਾ ਹੈ, ਜੋ ਇਸ ਸਾਕੇ ਨਾਲ ਸਬੰਧਿਤ ਸਨ। ਸਮੇਂ ਦੀ ਹਕੂਮਤ ਸਮੇਂ ਨੂੰ ਸਵਾਲ ਕਰਦੇ ਸਾਹਿਤ ਤੋਂ ਹਮੇਸ਼ਾ ਖੌਫਜ਼ਦਾ ਰਹਿੰਦਾ ਹੈ। ਉਸ ਦੌਰ ਦਾ ਬਰਤਾਨਵੀ ਸਾਮਰਾਜ ਵੀ ਜਲ੍ਹਿਆਂਵਾਲੇ ਦੇ ਸਾਕੇ ਨਾਲ ਜੁੜੀ ਹਰ ਰਚਨਾ ਨੂੰ ਦਫਨ ਕਰ ਦੇਣਾ ਚਾਹੁੰਦਾ ਸੀ। ਇਸ ਚਰਚਾ 'ਚ ਤਿੰਨ ਗੱਲਾਂ ਦਾ ਜ਼ਿਕਰ ਜ਼ਰੂਰੀ ਹੈ।
ਨਾਨਕ ਸਿੰਘ - ‘ਖੂਨੀ ਵਿਸਾਖੀ’ ਉਨ੍ਹਾਂ ਵੇਲਿਆਂ ਦੀ ਜਬਤ ਕਿਤਾਬ, ਜੋ 2020 ’ਚ ਨਵਦੀਪ ਸਿੰਘ ਸੂਰੀ ਵਲੋਂ ਮੁੜ ਛਾਪੀ ਗਈ-
ਖ਼ੂਨੀ ਵਿਸਾਖੀ-ਨਾਨਕ ਸਿੰਘ
ਪੰਜਾਬੀ ਨਾਵਲਕਾਰ ਨਾਨਕ ਸਿੰਘ ਬਾਬਾ ਸਾਹਬ ਚੌਂਕ ਦੇ ਨੇੜੇ ਗਲੀ ਪੰਜਾਬ ਸਿੰਘ 'ਚ ਰਹਿੰਦੇ ਸਨ। ਇੱਥੋਂ ਥੌੜ੍ਹੀ ਹੀ ਦੂਰੀ 'ਤੇ ਜਲ੍ਹਿਆਂਵਾਲਾ ਬਾਗ਼ ਹੈ। ਇਸ ਸਾਕੇ 'ਚ ਨਾਨਕ ਸਿੰਘ ਦੇ ਦੋ ਮਿੱਤਰ ਗੋਲੀ ਦਾ ਸ਼ਿਕਾਰ ਹੋਏ ਅਤੇ ਲਾਸ਼ਾਂ ਦੇ ਢੇਰ ਥੱਲੇ ਦੱਬੇ ਨਾਨਕ ਸਿੰਘ ਇਸ ਖ਼ੂਨੀ ਸਾਕੇ 'ਚ ਬਚ ਗਏ ਪਰ ਉਨ੍ਹਾਂ ਨੂੰ ਇਕ ਕੰਨ ਤੋਂ ਸੁਣਨਾ ਬੰਦ ਹੋ ਗਿਆ। 30 ਮਈ 1920 'ਚ ਉਨ੍ਹਾਂ ਭਾਈ ਨਾਨਕ ਸਿੰਘ ਕਿਰਪਾਲ ਸਿੰਘ ਪੁਸਤਕਾਂ ਵਾਲੇ ਆਪਣੇ ਪ੍ਰਕਾਸ਼ਣ ਅਧੀਨ ਖ਼ੂਨੀ ਵਿਸਾਖੀ ਰਚਨਾ ਨੂੰ ਪ੍ਰਕਾਸ਼ਿਤ ਕੀਤਾ। ਇਹ ਰਚਨਾ 4 ਆਨੇ (25 ਪੈਸੇ) ਦੀ ਭੇਟਾ ਨਾਲ ਵਿਕਰੀ ਅਧੀਨ ਸੀ। ਇਸ ਦਾ ਜ਼ਿਕਰ ਉਹ ਖ਼ੁਦ 1949 'ਚ ਆਪਣੀ ਲਿਖੀ ਸਵੈ ਜੀਵਨੀ 'ਮੇਰੀ ਦੁਨੀਆਂ' 'ਚ ਕਰਦੇ ਹਨ ਪਰ ਇਹ ਕਿੱਸਾ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਿਆ ਅਤੇ ਇਸ ਦੀ ਕੋਈ ਵੀ ਕਾਪੀ ਨਾਨਕ ਸਿੰਘ ਦੇ ਪਰਿਵਾਰ ਕੋਲ ਵੀ ਨਾ ਰਹੀ।
ਇਸ ਕਿਤਾਬ ਦਾ ਪਹਿਲਾਂ ਸਫਾ - Publications proscribed by the Goverment of india
ਅੰਮ੍ਰਿਤਸਰ ਰਹਿੰਦੇ ਨਾਨਕ ਸਿੰਘ ਦੇ ਪੁੱਤਰ ਕੁਲਵੰਤ ਸਿੰਘ ਸੂਰੀ ਮੁਤਾਬਕ ਇਹ ਕਿੱਸਾ ਉਨ੍ਹਾਂ ਤੱਕ ਪ੍ਰੋ. ਕਿਸ਼ਨ ਸਿੰਘ ਗੁਪਤਾ ਮਾਰਫ਼ਤ ਮੁੜ ਪਹੁੰਚਿਆ। ਦੂਜੇ ਪਾਸੇ ਇਸ ਕਿੱਸੇ ਵਿਚ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹੁਣਾਂ ਦੀ ਵੀ ਦਿਲਚਸਪੀ ਸੀ। ਉਨ੍ਹਾਂ ਮਾਰਫਤ ਵੀ ਇਕ ਕਾਪੀ ਉਨ੍ਹਾਂ ਨੂੰ ਮਿਲੀ, ਜਿਹੜੀ ਸ਼ਾਇਦ ਉਨ੍ਹਾਂ ਦਿੱਲੀ ਦੇ ਸਰਕਾਰੀ ਆਰਕਾਈਵਜ਼ ਮਹਿਕਮੇ ਜਾਂ ਲੰਡਨ ਦੀ ਇੰਡੀਆ ਆਫ਼ਿਸ ਲਾਇਬ੍ਰੇਰੀ 'ਚੋਂ ਹਾਸਲ ਕੀਤੀ। ਇਸ ਕਿੱਸੇ ਬਾਰੇ ਡਾ.ਗੁਪਤਾ ਨੇ ਹੀ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਪਬਲਿਕ ਰਿਲੇਸ਼ਨ ਮਹਿਕਮੇ ਦੇ ਮਾਸਿਕ ਪੱਤਰ 'ਜਾਗਰਿਤੀ' ਦੇ ਅਗਸਤ 1980 ਅੰਕ 'ਚ ਲਿਖਿਆ ਸੀ। ਇਸ ਕਿੱਸੇ ਦਾ ਮੁਹਾਂਦਰਾ ਕਿਹੋ ਜਿਹਾ ਸੀ, ਇਹ ਸਾਨੂੰ ਬੋਲੀ ਮਹਿਕਮਾ ਪੰਜਾਬ (ਹੁਣ ਭਾਸ਼ਾ ਵਿਭਾਗ ਪੰਜਾਬ) ਦੇ ਚੇਤਨ ਸਿੰਘ ਦੀ ਕਿਤਾਬ ਪੁਰਾਤਨ ਸਿੱਖ ਲਿਖਤਾਂ ਦੇ ਪੰਨਾ ਨੰਬਰ 113 ਤੋਂ ਨਸੀਬ ਹੋਇਆ।
ਸਾਰੇ ਹਿੰਦ ਨੇ ਕਿਹਾ ਇਕ ਜਾਨ ਹੋ ਕੇ
ਰੌਲੇਟ ਬਿੱਲ ਨਾ ਮੂਲ ਮਨਜ਼ੂਰ ਕਰਨਾ।
ਅਸਾਂ ਵਾਰਿਆ ਸਭ ਕੁਝ ਤੁਸਾਂ ਉੱਤੋਂ
ਪਿਆਰ ਨਾ ਦਿਲ ਥੀਂ ਦੂਰ ਕਰਨਾ।
***
ਰੌਲੇਟ ਬਿਲ ਨੇ ਘਤਿਆ ਆਨ ਰੌਲਾ
ਸਾਰੇ ਹਿੰਦ ਦੇ ਲੋਕ ਉਦਾਸ ਹੋਏ
ਵਾਂਗ ਭੱਠ ਦੇ ਤਪਿਆ ਦੇਸ ਸਾਰਾ,
ਮਾਨੋ ਸਭ ਦੇ ਲਬਾਂ 'ਤੇ ਸਾਸ ਹੋਏ।
***
ਪੰਜ ਵਜੇ ਅਪ੍ਰੈਲ ਦੀ ਤੇਹਰਵੀਂ ਨੂੰ
ਲੋਕੀਂ ਬਾਗ ਵਲ ਹੋਇ ਰਵਾਨ ਚੱਲੇ
ਦਿਲਾਂ ਵਿਚ ਇਨਸਾਫ਼ ਦੀ ਆਸ ਰੱਖ ਕੇ,
ਸਾਰੇ ਸਿੱਖ ਹਿੰਦੂ ਮੁਸਲਮਾਨ ਚੱਲੇ।
ਇੰਝ ਨਾਨਕ ਸਿੰਘ ਦੀ ਖ਼ੂਨੀ ਵਿਸਾਖੀ 'ਚ ਪੂਰਾ ਕਿੱਸਾ ਹੈ। ਇਸ ਨੂੰ ਹੁਣ ਮੁੜ ਨਾਨਕ ਸਿੰਘ ਦੇ ਪੋਤਰੇ ਨਵਦੀਪ ਸੂਰੀ (ਰਾਜਦੂਤ ਯੂ.ਏ.ਈ.) ਨੇ ਹਾਰਪਰ ਕੋਲਿਨ ਪ੍ਰਕਾਸ਼ਨ 'ਚ ਛਾਪਿਆ ਹੈ। ਇਸੇ ਕਿਤਾਬ ਨੂੰ ਲੋਕ ਸਾਹਿਤ ਪ੍ਰਕਾਸ਼ਨ ਨੇ ਮੂਲ ਪੰਜਾਬੀ ਰੂਪ 'ਚ ਵੀ ਛਾਪਿਆ ਹੈ। ਇਸੇ ਕਿਤਾਬ 'ਚ ਜਸਟਿਨ ਰੌਲੇਟ ਦਾ ਬਿਆਨ ਵੀ ਹੈ। ਰੌਲੇਟ ਐਕਟ ਨੂੰ ਬਣਾਉਣ ਵਾਲੇ ਸਿਡਨੀ ਰੌਲੇਟ ਜਸਟਿਨ ਰੌਲੇਟ ਦੇ ਪੜਦਾਦਾ ਸਨ। ਜਸਟਿਨ ਪੇਸ਼ੇ ਵਜੋਂ ਬੀ.ਬੀ.ਸੀ. ਦੇ ਪੱਤਰਕਾਰ ਹਨ ਅਤੇ ਆਪਣੀ ਭਾਰਤ 'ਚ ਨੌਕਰੀ ਦੌਰਾਨ, ਉਹ ਆਪ ਜਲ੍ਹਿਆਂਵਾਲੇ ਬਾਗ਼ ਹਾਜ਼ਰੀ ਲਾ ਕੈ ਗਿਆ ਸੀ। ਇਸ ਦੌਰਾਨ ਨਵਦੀਪ ਸੂਰੀ ਹੁਣਾਂ ਉਨ੍ਹਾਂ ਤੱਕ ਪਹੁੰਚ ਕੀਤੀ ਅਤੇ ਜਸਟਿਨ ਨੇ ਵੀ ਆਪਣੇ ਬਿਆਨ 'ਚ ਆਪਣੇ ਪੜਦਾਦੇ ਦੇ ਐਕਟ ਅਤੇ ਜਲ੍ਹਿਆਂਵਾਲੇ ਬਾਗ਼ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ।
ਸਾਕਾ 1919 ਬਾਰੇ ਲਿਖੇ ਜਬਤ ਸਾਹਿਤ ਦੀ ਸੂਚੀ
ਪੜ੍ਹੋ ਇਹ ਵੀ ਖਬਰ - ਅੰਗਰੇਜ਼ਾਂ ਦੇ ਇਸ ਅਫ਼ਸਰ ਨੇ 'ਜਲ੍ਹਿਆਂਵਾਲ਼ੇ ਬਾਗ਼' 'ਚ ਗੋਲ਼ੀ ਚਲਾਉਣ ਤੋਂ ਮਨਾ ਕਰਕੇ ਕੀਤੀ ਸੀ ਬਗਾਵਤ
ਇਤਿਹਾਸ ਦਾ ਉਹ ਸਫ਼ਾ ਜੀਹਦਾ ਜ਼ਿਕਰ ਨਹੀਂ…
"ਇਕ ਸ਼ਾਮ ਮੋਤੀਆ ਰੰਗ ਦੀ ਪੱਗ, ਕਾਲੀ ਅਚਕਣ ਪਾਇਆ ਬੰਦਾ ਸਾਡੇ ਘਰ ਆਇਆ। ਇਹ 1942-43 ਦੇ ਸਾਲਾਂ ਦੀ ਗੱਲ ਹੈ। ਬੰਦੇ ਵਲੋਂ ਪੇਸ਼ਕਸ਼ ਹੋਈ ਕਿ ਮੋਟੀ ਕੀਮਤ ਅਦਾ ਕੀਤੀ ਜਾਵੇਗੀ ਅਤੇ 100 ਰੁਪਏ ਦੀ ਪੇਸ਼ਗੀ ਹੁਣੇ ਲਓ। ਕਿਉਂਕਿ ਉਹ ਜਾਣਦੇ ਸਨ ਕਿ ਨਾਨਕ ਸਿੰਘ ਉਸ ਦੌਰ 'ਚ ਸਭ ਤੋਂ ਵੱਧ ਪੜ੍ਹੇ ਜਾਂਦੇ ਸਨ। ਕੰਮ ਇਹ ਸੀ 'ਅੰਗਰੇਜ਼ ਰਾਜ ਦੀਆਂ ਬਰਕਤਾਂ' ਸਿਰਲੇਖ 'ਚ ਕਿਤਾਬ ਲਿਖਣੀ ਹੈ, ਜਿਸ 'ਚ ਅੰਗਰੇਜ਼ਾਂ ਦੇ ਭਾਰਤ 'ਚ ਕੀਤੇ ਵਿਕਾਸ ਕੰਮਾਂ ਦਾ ਵਿਸਥਾਰ ਹੋਵੇ। ਇਹ ਲਾਹੌਰ ਤੋਂ ਪ੍ਰਕਾਸ਼ਕ ਰਾਏ ਬਹਾਦਰ ਮੁਨਸ਼ੀ ਗੁਲਾਬ ਸਿੰਘ ਸਨ। ਨਾਨਕ ਸਿੰਘ ਜਾਣਦੇ ਸਨ ਕਿ ਉਨ੍ਹਾਂ ਦੀ ਕਿਤਾਬ ਖ਼ੂਨੀ ਵਿਸਾਖੀ 1920 'ਚ ਜ਼ਬਤ ਹੋਈ ਅਤੇ ਗੁਰੂ ਕਾ ਬਾਗ਼ ਮੋਰਚਾ ਤੋਂ ਬਾਅਦ ਲਿਖੀ ਕਿਤਾਬ 'ਜ਼ਖ਼ਮੀ ਦਿਲ' 1927 'ਚ ਜ਼ਬਤ ਹੋਈ। ਆਖਰ ਅਸੀਂ ਅੰਗਰੇਜ਼ ਸਰਕਾਰ ਖਿਲਾਫ ਜੂਝਦੇ ਉਨ੍ਹਾਂ ਦੇ ਬਾਰੇ ਚੰਗਾ ਕਿਵੇਂ ਲਿਖ ਸਕਦੇ ਹਾਂ। ਨਾਨਕ ਸਿੰਘ ਹੁਣਾਂ ਉਨ੍ਹਾਂ ਨੂੰ ਲਾਹੌਰ ਜਾ ਕੇ 100 ਰੁਪਏ ਵਾਪਸ ਕਰ ਦਿੱਤੇ।"
ਜਿਵੇਂ ਨਾਨਕ ਸਿੰਘ ਦੇ ਪੁੱਤਰ ਕੁਲਵੰਤ ਸਿੰਘ ਸੂਰੀ ਹੁਣਾਂ ਅੰਮ੍ਰਿਤਸਰ ਸਾਨੂੰ ਆਪਣੇ ਪਿਤਾ ਬਾਰੇ ਦੱਸਿਆ।
ਰਲ਼ਿਆ ਖ਼ੂਨ ਹਿੰਦੂ ਮੁਸਲਮਾਨ ਏਥੇ
ਬਾਬੂ ਫ਼ਿਰੋਜ਼ਦੀਨ ਸ਼ਰਫ਼
ਨਾਦਰਗਰਦੀ ਵੀ ਹਿੰਦ ਨੂੰ ਭੁੱਲ ਗਈ ਏ,
ਚਲੇ ਇੰਗਲਸ਼ੀ ਐਸੇ ਫ਼ੁਰਮਾਨ ਏਥੇ।
ਕਰਾਂ ਕੇਜੜਿਆਂ ਅੱਖਰਾਂ ਵਿਚ ਜ਼ਾਹਿਰ,
ਜੋ ਜੋ ਜ਼ੁਲਮ ਦੇ ਹੋਏ ਸਾਮਾਨ ਏਥੇ।
ਉਡਵਾਇਰ ਦੀ ਉੱਤੋਂ ਉਡ ਵਾਇਰ ਆਈ,
ਕੀਤੇ ਡਾਇਰ ਨੇ ਹੁਕਮ ਫ਼ਰਮਾਨ ਏਥੇ।
ਇੱਕੋ ਆਨ ਅੰਦਰ ਜ਼ਾਲਮ ਆਨ ਕੇ ਤੇ,
ਦਿੱਤੀ ਮੇਟ ਪੰਜਾਬ ਦੀ ਆਨ ਏਥੇ।
ਕੀਤੀ ਰਾਖੀ ਵਿਸਾਖੀ ਵਿਚ 'ਜੇਹੀ ਸਾਡੀ,
ਲੱਗੇ ਗੋਲ਼ੀਆਂ ਮਾਰਨ ਸ਼ੈਤਾਨ ਏਥੇ।
ਕਈ ਖੂਹ ਵਿਚ ਡਿੱਗੇ ਸਨ ਵਾਂਗ ਯੂਸਫ਼,
ਮਰ ਗਏ ਕਈ ਤਿਹਾਏ ਇਨਸਾਨ ਏਥੇ।
ਮਹਿੰਦੀ ਲੱਥੀ ਨਹੀਂ ਸੀ ਕਈ ਲਾੜਿਆਂ ਦੀ,
ਹੋ ਗਏ ਲਹੂ ਵਿਚ ਲਹੂ ਲੁਹਾਨ ਏਥੇ।
ਇਤਿਹਾਸ ਦੇ ਇਨ੍ਹਾਂ ਸਫ਼ਿਆਂ 'ਚ ਇਹ ਗੱਲ ਵੀ ਜ਼ਿਕਰ 'ਚ ਹੈ ਕਿ 'ਪਬਲੀਕੇਸ਼ਨ ਪ੍ਰੋਸਕ੍ਰਾਈਬਡ ਬਾਈ ਦੀ ਗਵਰਨਮੈਂਟ ਆਫ ਇੰਡੀਆ' ਦੀ ਬ੍ਰਿਟਿਸ਼ ਲਾਇਬ੍ਰੇਰੀ 1985 ਦੀ ਕਿਤਾਬ 'ਚ ਉਨ੍ਹਾਂ ਕਿਤਾਬਾਂ ਦਾ ਜ਼ਿਕਰ ਹੈ, ਜਿਹੜੀਆਂ ਉਨ੍ਹਾਂ ਨੇ ਉਸ ਸਮੇਂ ਜ਼ਬਤ ਕੀਤੀਆਂ। ਇਹ ਗ੍ਰਾਹਮ ਸ਼ਾਅ ਅਤੇ ਮੈਰੀ ਲੋਇਡ ਵਲੋਂ ਸੰਪਾਦਿਤ ਕੀਤੀ ਗਈ ਹੈ, ਜੋ ਇੰਡੀਆ ਆਫ਼ਿਸ ਲਾਇਬ੍ਰੇਰੀ, ਦਸਤਾਵੇਜ਼ ਅਤੇ ਓਰੀਐਂਟਲ ਮੈਨੂਸਿਕ੍ਰਿਪਿਟ ਅਤੇ ਪ੍ਰਕਾਸ਼ਿਤ ਕਿਤਾਬਾਂ ਦਾ ਮਹਿਕਮਾ ਅਤੇ ਬ੍ਰਿਟਿਸ਼ ਲਾਇਬ੍ਰੇਰੀ ਰੈਂਫਰੇਂਸ ਡਿਵੀਜ਼ਨ ਦੇ ਦਸਤਾਵੇਜ਼ਾਂ 'ਤੇ ਅਧਾਰਤ ਹੈ। ਇਸ 'ਚ ਨਾਨਕ ਸਿੰਘ ਹੁਣਾਂ ਦੀ ਖ਼ੂਨੀ ਵਿਸਾਖੀ ਦਾ ਜ਼ਿਕਰ ਨਹੀਂ ਹੈ ਕਿ ਇਹ ਕਿਤਾਬ ਜ਼ਬਤ ਕੀਤੀ ਗਈ ਹੈ। ਇਸ ਦੇ ਬਾਵਜੂਦ ਨਾਨਕ ਸਿੰਘ ਹੁਣਾਂ ਦੀ ਕਿਤਾਬ ਦਾ ਇਕ ਸੱਚ ਇਹ ਹੈ ਕਿ ਇਹ ਜ਼ਬਤ ਹੋਈ ਕਿਤਾਬ ਸੀ ਅਤੇ ਬਰਤਾਨਵੀ ਸਾਮਰਾਜ ਨੂੰ ਵੰਗਾਰ ਸੀ। ਇਸ ਤੋਂ ਇਲਾਵਾ ਬਾਬੂ ਫ਼ਿਰੋਜ਼ਦੀਨ ਸ਼ਰਫ਼ ਦੀ ਕਿਤਾਬ ਦੁੱਖਾਂ ਦੇ ਕੀਰਨੇ (1924), ਜਗਨਨਾਥ ਪ੍ਰਸਾਦ ਗੁਪਤਾ ਦੀ ਜਲ੍ਹਿਆਂਵਾਲਾ ਬਾਗ ਕਾ ਮਹਾਤਮਾ (1920 ?), ਹਰਨਾਮ ਸਿੰਘ ਦੀ ਮਸਤ ਪੰਛੀ (1924 ?) ਅਤੇ ਹੋਰ ਜ਼ਬਤ ਰਚਨਾਵਾਂ ਦਾ ਹਵਾਲਾ ਜ਼ਰੂਰ ਹੈ।
ਪੜ੍ਹੋ ਇਹ ਵੀ ਖਬਰ - ਜਲ੍ਹਿਆਂਵਾਲਾ ਬਾਗ਼ : ਖ਼ੂਨੀ ਸਾਕੇ ਦੇ ਵਾਪਰਣ ਤੋਂ ਪਹਿਲਾਂ ਦੀ ਮੁਕੰਮਲ ਕਹਾਣੀ