ਜਲ੍ਹਿਆਂਵਾਲਾ ਬਾਗ ਸਾਕਾ: 104 ਸਾਲ ਪੂਰੇ ਹੋਣ ’ਤੇ ਵੀ ਨਹੀਂ ਮਿਲਿਆ ਸ਼ਹੀਦ ਦਾ ਦਰਜਾ

04/13/2023 4:00:17 PM

ਅੰਮ੍ਰਿਤਸਰ (ਜਸ਼ਨ, ਕਮਲ) : ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ 104 ਸਾਲ ਪੂਰੇ ਹੋ ਗਏ ਹਨ ਪਰ ਕੀ ਅਜੇ ਤੱਕ ਸ਼ਹੀਦਾਂ ਦੇ ਸੁਫ਼ਨਿਆਂ ਵਰਗਾ ਭਾਰਤ ਬਣ ਸਕਿਆ ਹੈ, ਕੀ ਸ਼ਹੀਦਾਂ ਦੇ ਸੁਫ਼ਨੇ ਸਾਕਾਰ ਹੋਏ ਹਨ? ਇਹ ਇਕ ਵੱਡਾ ਵਿਸ਼ਾ ਹੈ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਸ਼ਹੀਦਾਂ ਦੇ ਸੁਫ਼ਨਿਆਂ ਵਰਗਾ ਦੇਸ਼ ਨਹੀਂ ਬਣ ਸਕਿਆ ਅਤੇ ਇਸ ਵਿਚ ਸਭ ਤੋਂ ਵੱਡੀ ਸਮੱਸਿਆ ਸਾਡੇ ਸਿਆਸਤਦਾਨਾਂ ਵਿੱਚ ਪੈਸੇ ਦੀ ਭੁੱਖ ਹੈ।

ਇਹ ਵੀ ਪੜ੍ਹੋ : ਨਵਾਂ ਖ਼ੁਲਾਸਾ: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ ਪਰ ਇਸ ਵਿਅਕਤੀ ਦੀ ਸਲਾਹ ’ਤੇ ਹੋਇਆ ਫ਼ਰਾਰ

ਆਜ਼ਾਦ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਪਰ ਇੱਥੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸ਼ਹੀਦਾਂ ਦਾ ਦਰਜਾ ਨਹੀਂ ਦਿੱਤਾ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੇ ਆਜ਼ਾਦੀ ਸੰਗਰਾਮ ਵਿਚ ਉਨ੍ਹਾਂ ਦਾ ਖੂਬ ਸਾਥ ਦਿੱਤਾ, ਉਨ੍ਹਾਂ ਨੂੰ ਅਜੇ ਤੱਕ ਸਨਮਾਨਿਤ ਨਹੀਂ ਕੀਤਾ ਗਿਆ। ਕਿਹਾ ਜਾਂਦਾ ਹੈ ਕਿ ਸ਼ਹੀਦ ਦੇਸ਼ ਦਾ ਅਨਿੱਖੜਵਾਂ ਅੰਗ ਹਨ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਕਤ ਸਾਕੇ ਦੌਰਾਨ ਸ਼ਹੀਦ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ। ਉਕਤ ਸ਼ਹੀਦਾਂ ਦੇ ਰਿਸ਼ਤੇਦਾਰ ਅੱਜ ਵੀ ਕਹਿੰਦੇ ਹਨ ਕਿ ਸਾਡੇ ਸ਼ਹੀਦਾਂ ਦਾ ਸੁਫ਼ਨਾ ਅਜੇ ਤੱਕ ਸਾਕਾਰ ਨਹੀਂ ਹੋਇਆ। ਅੱਗੇ ਜਾ ਕੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਕੌਣ ਪੂਰਾ ਕਰਦਾ ਹੈ, ਇਹ ਭਵਿੱਖ ਦੇ ਗਰਭ ਵਿੱਚ ਹੈ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਨਾਲ ਵਧ ਜਾਂਦੈ ਦਿਲ ਦੇ ਦੌਰੇ ਦਾ ਖ਼ਤਰਾ? ਜਾਣੋ ਕੀ ਕਹਿੰਦੇ ਨੇ ਸਿਹਤ ਮਾਹਿਰ

ਜਨਰਲ ਡਾਇਰ ਨੇ ਦਿੱਤਾ ਸੀ ਗੋਲ਼ੀ ਚਲਾਉਣ ਦਾ ਹੁਕਮ

ਤੁਹਾਨੂੰ ਦੱਸ ਦੇਈਏ ਕਿ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਦਾ ਸਾਕਾ ਭਾਰਤੀ ਇਤਿਹਾਸ ਵਿਚ ਇਕ ਬਹੁਤ ਹੀ ਦਿਲ ਦਹਿਲਾਉਣ ਵਾਲੀ ਘਟਨਾ ਹੈ। ਜਦੋਂ ਹਜ਼ਾਰਾਂ ਲੋਕ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿਚ ਵਿਸਾਖੀ ਨੂੰ ਸ਼ਾਂਤੀਪੂਰਵਕ ਮਨਾਉਣ ਅਤੇ ਉਸ ਸਮੇਂ ਦੇ ਆਗੂਆਂ ਦੇ ਭਾਸ਼ਣ ਸੁਣਨ ਲਈ ਇਕੱਠੇ ਹੋਏ ਸਨ ਤਾਂ ਅੰਗਰੇਜ਼ ਸਰਕਾਰ ਨੇ ਉਨ੍ਹਾਂ ’ਤੇ ਗੋਲ਼ੀ ਚਲਾ ਦਿੱਤੀ। ਜਨਰਲ ਡਾਇਰ ਨੇ ਬਾਗ ਵਿਚ ਆਪਣੇ ਬੰਦਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਭਾਸ਼ਣ ਸੁਣਨ ਲਈ ਉੱਥੇ ਇਕੱਠੇ ਹੋਏ ਨਿਰਦੋਸ਼ ਅਤੇ ਨਿਹੱਥੇ ਲੋਕਾਂ ’ਤੇ ਗੋਲ਼ੀਆਂ ਚਲਾ ਦੇਣ। ਅੰਗਰੇਜ਼ਾਂ ਦੀਆਂ ਗੋਲ਼ੀਆਂ ਨਾਲ ਬਹੁਤ ਸਾਰੇ ਲੋਕ ਮਾਰੇ ਗਏ ਅਤੇ ਕਈ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਉੱਥੇ ਸਥਿਤ ਸ਼ਹੀਦੀ ਖੂਹ ਵਿਚ ਛਾਲ ਮਾਰ ਦਿੱਤੀ। ਇੱਥੋਂ ਤੱਕ ਕਿ ਜਿਨ੍ਹਾਂ ਲੋਕਾਂ ਨੇ ਕੰਧਾਂ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਜਨਰਲ ਡਾਇਰ ਨੇ ਗੋਲ਼ੀ ਮਾਰ ਦਿੱਤੀ।

ਇਹ ਵੀ ਪੜ੍ਹੋ :  ਇੰਸਟਾਗ੍ਰਾਮ 'ਤੇ ਅਸ਼ਲੀਲ ਤਸਵੀਰਾਂ ਪਾ ਕੇ ਸ਼ੁਰੂ ਹੁੰਦੀ ਸੀ ਗੰਦੀ ਖੇਡ, ਇੰਝ ਖੁੱਲ੍ਹਿਆ ਜਸਨੀਤ ਕੌਰ ਦਾ ਭੇਤ

ਦੱਸ ਦਈਏ ਕਿ ਉਸ ਸਮੇਂ ਰੋਲਟ ਐਕਟ ਨੂੰ ਖ਼ਤਮ ਕਰਨ ਅਤੇ 10 ਅਪ੍ਰੈਲ ਨੂੰ ਹੋਈ ਗੋਲ਼ੀਬਾਰੀ ਦੀ ਨਿੰਦਾ ਸਬੰਧੀ ਦੋ ਮਤੇ ਪਾਸ ਕੀਤੇ ਗਏ ਸਨ ਪਰ ਜਨਰਲ ਡਾਇਰ ਨੇ ਸਰਕਾਰੀ ਹੁਕਮਾਂ ਦੀ ਅਣਦੇਖੀ ਕਰਦਿਆਂ ਬਿਨਾਂ ਕਿਸੇ ਅਗਾਊਂ ਚਿਤਾਵਨੀ ਦੇ ਉੱਥੇ ਇਕੱਠੇ ਹੋਏ ਹਜ਼ਾਰਾਂ ਲੋਕਾਂ ’ਤੇ ਸਿੱਧੀ ਗੋਲ਼ੀ ਚਲਾ ਦਿੱਤੀ।

ਸ਼ਹੀਦ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਮਾਰ ਕੇ ਲਿਆ ਗੋਲ਼ੀਬਾਰੀ ਦਾ ਬਦਲਾ

ਬ੍ਰਿਟਿਸ਼ ਸਰਕਾਰ ਦੇ ਇਸ ਬੇਰਹਿਮ ਜਬਰ ਕਾਰਨ ਲਗਭਗ 1000 ਲੋਕ ਮਾਰੇ ਗਏ ਸਨ। ਇਸ ਦੌਰਾਨ ਮਰਨ ਵਾਲਿਆਂ ਵਿਚ ਨੌਜਵਾਨ, ਔਰਤਾਂ, ਬਜ਼ੁਰਗ, ਬੱਚੇ ਹਰ ਉਮਰ ਦੇ ਲੋਕ ਸ਼ਾਮਲ ਸਨ। ਜਲ੍ਹਿਆਂਵਾਲਾ ਬਾਗ ਦੇ ਇਸ ਘਿਨੌਣੇ ਅਤੇ ਦਿਲ ਦਹਿਲਾ ਦੇਣ ਵਾਲੇ ਸਾਕੇ ਤੋਂ ਪੂਰਾ ਦੇਸ਼ ਹੈਰਾਨ ਸੀ। ਇਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਮਾਰ ਕੇ ਇਸ ਘਟਨਾ ਦਾ ਬਦਲਾ ਲਿਆ।

ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਦੂਜੇ ਪਾਸੇ ਅੰਮ੍ਰਿਤਸਰ ਆਉਣ ਵਾਲੇ ਲੱਖਾਂ ਸੈਲਾਨੀਆਂ ਨੇ ਸ਼ਹੀਦੀ ਅਸਥਾਨ ਜਲ੍ਹਿਆਂਵਾਲਾ ਬਾਗ ਵਿਖੇ ਪਹੁੰਚ ਕੇ ਇਤਿਹਾਸਕ ਦਿਹਾੜੇ ਨੂੰ ਯਾਦ ਕਰਦਿਆਂ ਉੱਥੇ ਲਿਬਰਟੀ ਆਫ਼ ਫਲੇਮ ਵਿਖੇ ਜਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਹ ਵੀ ਪੜ੍ਹੋ : ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਸਹੂਲਤ

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News