ਰੋਡ ’ਤੇ ਲੱਗੇ ਸੰਡੇ ਬਾਜ਼ਾਰ ’ਤੇ ਕਾਰਵਾਈ ਅੱਜ, ਐਕਸਟਰਾ ਫੋਰਸ ਦੀ ਰੱਖੀ ਮੰਗ
Sunday, Jan 12, 2020 - 10:48 AM (IST)

ਜਲੰਧਰ (ਵਰੁਣ) : ਰੈਣਕ ਬਾਜ਼ਾਰ ਦੀ ਥਾਂ ਰੋਡ ’ਤੇ ਲੱਗਣ ਵਾਲੇ ਸੰਡੇ ਬਾਜ਼ਾਰ ਨੂੰ ਪੁਲਸ ਅਤੇ ਨਗਰ ਨਿਗਮ ਅੱਜ ਕਿਸੇ ਵੀ ਹਾਲਤ ’ਚ ਨਹੀਂ ਲੱਗਣ ਦੇਣਗੇ। ਐਤਵਾਰ ਦੀ ਸਵੇਰੇ ਪੁਲਸ ਅਤੇ ਨਿਗਮ ਦੀਆਂ ਟੀਮਾਂ ਕਾਰਵਾਈ ਲਈ ਫੀਲਡ ’ਚ ਆ ਜਾਣਗੀਆਂ। ਕਾਰਵਾਈ ’ਚ ਵਿਰੋਧ ਹੋਣ ਦੇ ਸ਼ੱਕ ਕਾਰਨ ਏ. ਸੀ. ਪੀ. ਸੈਂਟਰਲ ਨੇ ਐਕਸਟਰਾ ਫੋਰਸ ਦੀ ਵੀ ਮੰਗ ਰੱਖੀ ਹੈ, ਜਿਸ ਨੂੰ ਮਨਜ਼ੂਰੀ ਮਿਲ ਗਈ ਹੈ। ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਨੇ ਦੱਸਿਆ ਕਿ ਭਗਵਾਨ ਵਾਲਮੀਕੀ ਚੌਕ ਤੋਂ ਮੱਛੀ ਮਾਰਕੀਟ ਅਤੇ ਨਕੋਦਰ ਚੌਕ ਨੂੰ ਜਾਂਦੇ ਰੋਡ ’ਤੇ ਇਸ ਐਤਵਾਰ ਨੂੰ ਰੇਹੜੀਆਂ ਅਤੇ ਫੜ੍ਹੀਆਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਸੰਡੇ ਬਾਜ਼ਾਰ ਸਿਰਫ ਰੈਣਕ ਬਾਜ਼ਾਰ ’ਚ ਹੀ ਲੱਗੇਗਾ ਪਰ ਐਤਵਾਰ ਨੂੰ ਜੇਕਰ ਰੋਡ ’ਤੇ ਕਿਸੇ ਨੇ ਰੇਹੜੀ ਜਾਂ ਫੜ੍ਹੀ ਲਗਾਈ ਤਾਂ ਉਸ ਦਾ ਸਾਰਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ। ਏ. ਸੀ. ਪੀ. ਨੇ ਕਿਹਾ ਕਿ ਐਕਸਟਰਾ ਫੋਰਸ ਦੀ ਗਿਣਤੀ ਤਾਂ ਨਹੀਂ ਦੱਸੀ ਜਾ ਸਕਦੀ ਪਰ ਪੁਲਸ ਵਿਰੋਧ ਨੂੰ ਕੰਟਰੋਲ ਕਰਨ ਲਈ ਸਮੱਰਥ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਕਾਰਵਾਈ ’ਚ ਖਲਲ ਪਾਉਂਦੇ ਹੋਏ ਕਾਨੂੰਨ ਨੂੰ ਆਪਣੇ ਹੱਥ ’ਚ ਲਿਆ ਤਾਂ ਉਕਤ ਲੋਕਾਂ ’ਤੇ ਐੱਫ. ਆਈ. ਆਰ. ਦਰਜ ਹੋਵੇਗੀ। ਦੂਜੇ ਪਾਸੇ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਨੇ ਅਪੀਲ ਕਰਦੇ ਕਿਹਾ ਕਿ ਲੋਕ ਐਤਵਾਰ ਨੂੰ ਭਗਵਾਨ ਵਾਲਮੀਕੀ ਚੌਕ ਤੋਂ ਲੈ ਕੇ ਨਕੋਦਰ ਚੌਕ ਅਤੇ ਮੱਛੀ ਮਾਰਕੀਟ ਤੱਕ ਕੋਈ ਟੇਬਲ, ਬੈਂਚ ਆਦਿ ਰੱਖ ਕੇ ਸਾਮਾਨ ਨਾ ਵੇਚਣ। ਦੱਸ ਦਈਏ ਕਿ ਸੰਡੇ ਬਾਜ਼ਾਰ ’ਤੇ ਕਾਰਵਾਈ ਨੂੰ ਲੈ ਕੇ ਪੁਲਸ, ਵਿਧਾਇਕ ਅਤੇ ਨਿਗਮ ਦੇ ਅਧਿਕਾਰੀਆਂ ਦੀ ਮੀਟਿੰਗ ਹੋ ਚੁੱਕੀ ਹੈ, ਜਿਸ ’ਚ ਸੰਡੇ ਬਾਜ਼ਾਰ ਸਿਰਫ ਰੈਣਕ ਬਾਜ਼ਾਰ ਦੇ ਅੰਦਰ ਲਗਣਾ ਤੈਅ ਹੋਇਆ ਸੀ।
ਤਹਿਬਾਜ਼ਾਰੀ ਦੇ ਦਰਜਾ 4 ਮੁਲਾਜ਼ਮ ਦੇ ਭਰਾ ਨੇ ਮੁੜ ਲਾਇਆ ਨੋਟਾਂ ਦਾ ਕਾਊਂਟਰ
ਪਲਾਜ਼ਾ ਚੌਕ ਤੋਂ ਭਗਵਾਨ ਵਾਲਮੀਕੀ ਚੌਕ ਤੱਕ ਕਬਜ਼ਾ ਹਟਾਉਣ ਦੀ ਕਾਰਵਾਈ ਦੇ ਚੌਥੇ ਦਿਨ ਨਿਗਮ ਦੇ ਤਹਿਬਾਜ਼ਾਰੀ ਵਿਭਾਗ ’ਚ ਤਾਇਨਾਤ ਦਰਜਾ 4 ਮੁਲਾਜ਼ਮ ਦੇ ਭਰਾ ਨੇ ਆਪਣਾ ਕਾਊਂਟਰ ਦੁਬਾਰਾ ਲਗਾ ਕਬਜ਼ਾ ਕਰ ਲਿਆ। ਤਹਿਬਾਜ਼ਾਰੀ ਵਿਭਾਗ ਨੇ ਉਥੋਂ ਸਾਰੇ ਨੋਟਾਂ ਦੇ ਕਾਊਂਟਰ ਚੁੱਕਵਾ ਦਿੱਤੇ ਸਨ। ਹੁਣ ਇਹ ਚਰਚਾ ਚੱਲ ਰਹੀ ਹੈ ਕਿ ਹੋਰ ਕਾਊਂਟਰਾਂ ਨੂੰ ਚੁੱਕਵਾ ਕੇ ਸਿਰਫ ਤਹਿਬਾਜ਼ਾਰੀ ਵਿਭਾਗ ਦੇ ਮੁਲਾਜ਼ਮ ਦੇ ਭਰਾ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ।