ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਯਾਤਰੀਆਂ ਦੀ ਫੀਸ ਦਾ ਬੋਝ ਚੁੱਕਣ : ਦਲ ਖਾਲਸਾ

Tuesday, Oct 22, 2019 - 09:55 AM (IST)

ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਯਾਤਰੀਆਂ ਦੀ ਫੀਸ ਦਾ ਬੋਝ ਚੁੱਕਣ : ਦਲ ਖਾਲਸਾ

ਜਲੰਧਰ (ਚਾਵਲਾ) - ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਯਾਤਰੀਆਂ ਦੀ ਫੀਸ ਦਾ ਬੋਝ ਬਰਾਬਰ ਦਾ ਚੁੱਕਣ ਲਈ ਅੱਗੇ ਆਉਣ ਜੋ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਗੁਰਦੁਆਰਾ ਸਾਹਿਬ ਜਾਣ ਲਈ ਪਾਕਿਸਤਾਨ ਸਰਕਾਰ ਵਲੋਂ 20 ਡਾਲਰ ਦੀ ਤੈਅ ਫੀਸ ਅਦਾ ਕਰਨ ਦੇ ਸਮਰੱਥ ਨਹੀਂ ਹਨ। ਇਸਦੇ ਨਾਲ ਜਥੇਬੰਦੀ ਨੇ ਪਾਕਿਸਤਾਨ ਸਰਕਾਰ ਨੂੰ ਵੀ 20 ਡਾਲਰ ਦੀ ਫੀਸ ਨੂੰ ਉਸ ਹੱਦ ਤੱਕ ਘਟਾਉਣ ਲਈ ਬੇਨਤੀ ਕੀਤੀ ਜਿਥੇ ਆਮ ਯਾਤਰੀ ਨੂੰ ਮਾਇਕ ਪੱਖ ਤੋਂ ਯਾਤਰਾ 'ਤੇ ਜਾਣਾ ਸੌਖਾਲਾ ਹੋਵੇ।

ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਫੀਸ ਨੂੰ ਲੈ ਕੇ ਚਲ ਰਿਹਾ ਅੜਿਕਾ ਅਫਸੋਸਨਾਕ ਹੈ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭਾਰਤ ਨਾਲ ਚਲ ਰਹੇ ਤਣਾਅ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਮੁਕੰਮਲ ਕਰਨ ਉਤੇ ਸਿਫਤ ਕਰਦਿਆਂ ਕਿਹਾ ਕਿ ਉਨ੍ਹਾਂ ਸਿੱਖ ਕੌਮ ਨਾਲ ਕੀਤਾ ਇਕਰਾਰ ਨਿਭਾਇਆ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਉਨ੍ਹਾਂ ਯਾਤਰੀਆਂ, ਜੋ ਦਰਸ਼ਨ-ਦੀਦਾਰੇ ਦੀ ਤਾਂਘ ਰੱਖਦੇ ਹਨ ਪਰ ਆਰਥਿਕ ਪੱਖ ਤੋਂ ਕਮਜ਼ੋਰ ਹਨ ਦਾ ਮਾਇਕ ਭਾਰ ਚੁੱਕਣ ਦੀ ਪੁਰਜ਼ੋਰ ਸ਼ਬਦਾਂ ਵਿਚ ਬੇਨਤੀ ਕੀਤੀ। ਉਨ੍ਹਾਂ ਪਾਕਿਸਤਾਨ ਦੀ ਅਫਸਰਸ਼ਾਹੀ ਨੂੰ ਵੀ ਫੀਸ ਘੱਟੋ-ਘੱਟ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚੇਤੇ ਹੈ ਕਿ ਉਹ ਦਹਾਕਿਆਂ ਤੋਂ ਜਿਸ ਖੁਸ਼ੀਆਂ ਭਰਿਆ ਸੰਦੇਸ਼ (ਕਰਤਾਰਪੁਰ ਲਾਂਘੇ ਦੇ ਖੁੱਲਣ) ਦਾ ਇੰਤਜਾਰ ਕਰ ਰਹੇ ਸਨ, ਉਹ ਬਾਰਡਰ ਦੇ ਪਾਰੋਂ ਨਵਜੋਤ ਸਿੰਘ ਸਿੱਧੂ ਲ਼ੈ ਕੇ ਆਏ ਸਨ।


author

rajwinder kaur

Content Editor

Related News