ਜਲੰਧਰ ਵਾਸੀ ਸਾਵਧਾਨ! ਰੈੱਡ ਲਾਈਟ ਜੰਪ, ਜ਼ੈਬਰਾ ਕਰਾਸਿੰਗ ਤੇ ਰਾਂਗ ਸਾਈਡ ਐਂਟਰੀ ’ਤੇ ਈ-ਚਲਾਨ ਦਾ ਫੋਕਸ
Wednesday, Oct 01, 2025 - 02:06 PM (IST)

ਜਲੰਧਰ (ਵਰੁਣ)–ਟ੍ਰੈਫਿਕ ਪੁਲਸ ਨੇ ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ ’ਤੇ ਈ-ਚਲਾਨ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦੇ ਨਾਲ-ਨਾਲ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਮੁਲਾਜ਼ਮਾਂ ਨੂੰ ਵੀ ਕਈ ਟਿਪਸ ਦਿੱਤੇ। ਹੁਣ ਕੁਝ ਦਿਨਾਂ ਤਕ ਲੋਕਾਂ ਨੂੰ ਜਾਗਰੂਕ ਕਰਨ ਤੋਂ ਬਾਅਦ ਟ੍ਰੈਫਿਕ ਪੁਲਸ 3 ਤਰੀਕਿਆਂ ਦੇ ਨਿਯਮ ਤੋੜਨ ’ਤੇ ਲੋਕਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਈ-ਚਲਾਨ ਕਰੇਗੀ ਅਤੇ ਫਿਰ ਹੌਲੀ-ਹੌਲੀ ਸਾਰੇ ਨਿਯਮ ਈ-ਚਲਾਨ ਅਧੀਨ ਲਿਆਂਦੇ ਜਾਣਗੇ।
ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਅਤੇ ਏ. ਸੀ. ਪੀ. ਟ੍ਰੈਫਿਕ ਮਹੇਸ਼ ਕੁਮਾਰ ਨੇ ਮੰਗਲਵਾਰ ਨੂੰ ਫੀਲਡ ਵਿਚ ਉਤਰ ਕੇ ਪ੍ਰਮੁੱਖ ਚੌਰਾਹਿਆਂ ’ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੂੰ ਰੈੱਡ ਲਾਈਟ ਹੋਣ ’ਤੇ ਆਪਣੇ ਵਾਹਨ ਜ਼ੈਬਰਾ ਲਾਈਨ ਤੋਂ ਪਹਿਲਾਂ ਖੜ੍ਹੇ ਕਰਨ, ਰੈੱਡ ਲਾਈਟ ਜੰਪ ਨਾ ਕਰਨ ਅਤੇ ਰਾਂਗ ਸਾਈਡ ’ਤੇ ਵਾਹਨ ਨਾ ਚਲਾਉਣ ਦੀਆਂ ਹਦਾਇਤਾਂ ਦਿੱਤੀਆਂ।
ਇਹ ਵੀ ਪੜ੍ਹੋ: MLA ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈਕੋਰਟ ਤੋਂ ਵੱਡਾ ਝਟਕਾ
ਏ. ਡੀ. ਸੀ. ਪੀ. ਨੇ ਕਿਹਾ ਕਿ ਇਹ ਟਿਪਸ ਤਾਂ ਡਰਾਈਵਿੰਗ ਲਾਇਸੈਂਸ ਦਿੰਦੇ ਹੋਏ ਵੀ ਦਿੱਤੇ ਜਾਂਦੇ ਹਨ ਪਰ ਲੋਕ ਉਨ੍ਹਾਂ ਨੂੰ ਫਾਲੋ ਨਹੀਂ ਕਰਦੇ। ਇਸ ਦੇ ਇਲਾਵਾ ਏ. ਡੀ. ਸੀ. ਪੀ. ਗੁਰਬਾਜ ਸਿੰਘ ਨੇ ਮੁਲਾਜ਼ਮਾਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਨਾਕਿਆਂ ’ਤੇ ਤਾਇਨਾਤੀ ਸਮੇਂ ਲੋਕਾਂ ਨੂੰ ਜਾਗਰੂਕ ਕਰਦੇ ਰਹਿਣ ਤਾਂ ਕਿ ਲੋਕਾਂ ਨੂੰ ਜ਼ੈਬਰਾ ਲਾਈਨ ਤੋਂ ਪਹਿਲਾਂ ਵਾਹਨ ਖੜ੍ਹੇ ਕਰਨ, ਰੈੱਡ ਲਾਈਟ ਜੰਪ ਨਾ ਕਰਨ ਅਤੇ ਰਾਂਗ ਸਾਈਡ ’ਤੇ ਵਾਹਨ ਨਾ ਚਲਾਉਣ ਦੀ ਆਦਤ ਪੈ ਜਾਵੇ। ਉਨ੍ਹਾਂ ਕਿਹਾ ਕਿ ਜਾਗਰੂਕ ਕਰਨ ਦੇ ਕੁਝ ਦਿਨਾਂ ਤੋਂ ਬਾਅਦ ਫਿਰ ਇਨ੍ਹਾਂ ਤਿੰਨ ਤਰ੍ਹਾਂ ਦੇ ਈ-ਚਲਾਨ ਸਭ ਤੋਂ ਪਹਿਲਾਂ ਸ਼ੁਰੂ ਹੋਣਗੇ। ਇਸ ਦੇ ਬਾਅਦ ਫਿਰ ਹੋਰ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਵੀ ਇਸੇ ਤਰ੍ਹਾਂ ਈ-ਚਲਾਨ ਕੀਤੇ ਜਾਣਗੇ। ਏ. ਡੀ. ਸੀ. ਪੀ. ਟ੍ਰੈਫਿਕ ਨੇ ਦੱਸਿਆ ਕਿ ਜਲਦ ਸ਼ਹਿਰ ਵਿਚ ਈ-ਚਲਾਨ ਸਿਸਟਮ ਸ਼ੁਰੂ ਹੋਵੇਗਾ, ਜਿਸ ਤਰ੍ਹਾਂ ਲੋਕ ਚੰਡੀਗੜ੍ਹ ਜਾਣ ਤੋਂ ਪਹਿਲਾਂ ਨਿਯਮਾਂ ਦੀ ਪਾਲਣਾ ਕਰਦੇ ਹਨ, ਹੁਣ ਜਲੰਧਰ ਵਿਚ ਵੀ ਉਸੇ ਤਰ੍ਹਾਂ ਦੀ ਆਦਤ ਪਾ ਲੈਣ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਮਸ਼ਹੂਰ ਕਾਲਜ ਨੇੜਿਓਂ ਨਿਕਲੇ 12 ਜ਼ਹਿਰੀਲੇ ਸੱਪ, ਵੇਖ ਉੱਡੇ ਲੋਕਾਂ ਦੇ ਹੋਸ਼
ਨੰਬਰ ਪਲੇਟ ਨਾ ਹੋਈ ਤਾਂ ਸੀ. ਸੀ. ਟੀ. ਵੀ. ਕੈਮਰੇ ’ਚ ਵੇਖ ਕੇ ਪੁਲਸ ਕਰ ਸਕਦੀ ਹੈ ਪਿੱਛਾ
ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਨੇ ਦੱਸਿਆ ਕਿ ਸ਼ਹਿਰ ਭਰ ਵਿਚ 1150 ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ। ਜੇਕਰ ਕਿਸੇ ਵੀ ਕੈਮਰੇ ਵਿਚ ਕੋਈ ਵਾਹਨ ਬਿਨਾਂ ਨੰਬਰ ਪਲੇਟ ਦੇ ਦੇਖਿਆ ਗਿਆ ਤਾਂ ਤੁਰੰਤ ਕੰਟਰੋਲ ਰੂਮ ਤੋਂ ਨਜ਼ਦੀਕੀ ਤਾਇਨਾਤ ਟ੍ਰੈਫਿਕ ਪੁਲਸ ਟੀਮ ਨੂੰ ਸੂਚਿਤ ਕੀਤਾ ਜਾਵੇਗਾ, ਜਿਸ ਦੇ ਬਾਅਦ ਪੁਲਸ ਉਕਤ ਵਾਹਨ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਕੇ ਚਲਾਨ ਕੱਟੇਗੀ। ਇਸ ਦੇ ਇਲਾਵਾ ਉਸ ਤੋਂ ਨੰਬਰ ਪਲੇਟ ਨਾ ਲਾਉਣ ਕਾਰਨ ਅਤੇ ਕਿਸੇ ਕ੍ਰਿਮੀਨਲ ਸਰਗਰਮੀ ਵਿਚ ਸ਼ਾਮਲ ਨਾ ਹੋਣ ਬਾਰੇ ਪੁੱਛਗਿੱਛ ਕਰਕੇ ਚਲਾਨ ਕੱਟ ਕੇ ਛੱਡਿਆ ਜਾਵੇਗਾ। ਇਸ ਦੇ ਇਲਾਵਾ ਨੰਬਰ ਪਲੇਟ ਦਾ ਕੋਈ ਵੀ ਅੱਖਰ ਮਿਸ ਹੋਣ ’ਤੇ ਵੀ ਚਲਾਨ ਕੱਟੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕੰਮ ਉਨ੍ਹਾਂ ਦੀਆਂ ਮੈਨੂਅਲ ਚਲਾਨ ਕੱਟਣ ਵਾਲੀਆਂ ਟੀਮਾਂ ਨੂੰ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋ: ਰਜਿਸਟਰੀਆਂ ਵਾਲੇ ਦੇਣ ਧਿਆਨ, ਪੰਜਾਬ 'ਚ ਵੱਡਾ ਫੇਰਬਦਲ! 29 ਅਧਿਕਾਰੀਆਂ ਦੇ ਤਬਾਦਲੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8