ਪਤਨੀ ਨੂੰ ਫਾਹੇ 'ਤੇ ਲਟਕਦੀ ਛੱਡ ਘਰੋਂ ਦੌੜਿਆ ਪਤੀ (ਤਸਵੀਰਾਂ)

Wednesday, Jun 05, 2019 - 10:01 AM (IST)

ਪਤਨੀ ਨੂੰ ਫਾਹੇ 'ਤੇ ਲਟਕਦੀ ਛੱਡ ਘਰੋਂ ਦੌੜਿਆ ਪਤੀ (ਤਸਵੀਰਾਂ)

ਜਲੰਧਰ (ਕਮਲੇਸ਼)- ਨਿਊ ਦਸਮੇਸ਼ ਨਗਰ 'ਚ 6 ਸਾਲ ਪਹਿਲਾਂ ਵਿਆਹੀ ਪ੍ਰਾਪਰਟੀ ਡੀਲਰ ਦੀ ਪਤਨੀ ਦੀ ਲਾਸ਼ ਘਰ ਦੀ ਪਹਿਲੀ ਮੰਜ਼ਿਲ 'ਤੇ ਬਣੇ ਕਮਰੇ 'ਚ ਲਟਕਦੀ ਹੋਈ ਮਿਲੀ। ਮ੍ਰਿਤਕਾ ਦੀ ਲਾਸ਼ ਜਿਸ ਤਰ੍ਹਾਂ ਪੁਲਸ ਨੂੰ ਝੂਲਦੀ ਮਿਲੀ, ਉਸ ਤੋਂ ਸ਼ੱਕ ਹੈ ਕਿ ਔਰਤ ਦੀ ਹੱਤਿਆ ਕਰਕੇ ਲਾਸ਼ ਲਟਕਾਈ ਗਈ ਹੈ। ਦੱਸ ਦੇਈਏ ਕਿ ਔਰਤ ਦੀ ਮੌਤ ਸੋਮਵਾਰ ਨੂੰ ਰਾਤ ਨੂੰ ਹੀ ਹੋ ਗਈ ਸੀ, ਜਿਸ ਦਾ ਪਤਾ ਲੱਗਣ 'ਤੇ ਉਸ ਦਾ ਪਤੀ ਰਾਤ ਨੂੰ ਹੀ ਫਰਾਰ ਹੋ ਗਿਆ, ਜਦਕਿ ਮੰਗਲਵਾਰ ਦੀ ਦੁਪਹਿਰ ਖੁਦ ਹੀ ਪੁਲਸ ਨੂੰ ਫੋਨ ਕਰ ਕੇ ਸੂਚਨਾ ਦੇ ਦਿੱਤੀ। ਪ੍ਰਾਪਰਟੀ ਡੀਲਰ ਨੇ ਕਿਹਾ ਕਿ ਉਹ ਪ੍ਰੇਸ਼ਾਨ ਹੈ ਤੇ 2 ਦਿਨਾਂ ਬਾਅਦ ਖੁਦ ਸਰੰਡਰ ਕਰ ਦੇਵੇਗਾ। ਪੁਲਸ ਨੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ ਪਤੀ, ਸੱਸ ਤੇ ਵਿਦੇਸ਼ 'ਚ ਰਹਿੰਦੀ ਨਣਾਨ ਤੇ ਦਿਓਰ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਦੀ ਪਛਾਣ ਰਮਨ ਬਾਲਾ (35) ਪਤਨੀ ਅਮਿਤ ਕੁਮਾਰ ਵਾਸੀ ਨਿਊ ਦਸਮੇਸ਼ ਨਗਰ ਵਜੋਂ ਹੋਈ ਹੈ। 6 ਸਾਲ ਪਹਿਲਾਂ ਦੋਵਾਂ ਦਾ ਵਿਆਹ ਹੋਇਆ ਸੀ ਤੇ ਹੁਣ ਉਨ੍ਹਾਂ ਦੀ 5 ਸਾਲਾਂ ਦੀ ਬੇਟੀ ਹੈ।

PunjabKesari

ਥਾਣਾ ਨਵੀਂ ਬਾਰਾਂਦਰੀ ਦੇ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੁਪਹਿਰੇ ਅਮਿਤ ਨੇ ਉਨ੍ਹਾਂ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਕਿ ਉਸ ਦੀ ਪਤਨੀ ਨੇ ਰਾਤ ਨੂੰ ਸੁਸਾਈਡ ਕਰ ਲਿਆ। ਲਾਸ਼ ਪਹਿਲੀ ਮੰਜ਼ਿਲ 'ਤੇ ਬਣੇ ਕਮਰੇ 'ਚ ਲਟਕ ਰਹੀ ਹੈ। ਅਮਿਤ ਨੇ ਇਹ ਵੀ ਕਿਹਾ ਕਿ ਪਤਨੀ ਦੀ ਮੌਤ ਤੋਂ ਬਾਅਦ ਉਹ ਕਾਫੀ ਪ੍ਰੇਸ਼ਾਨ ਹੈ, ਜਿਸ ਕਾਰਨ ਭੱਜ ਗਿਆ ਤੇ 2 ਦਿਨਾਂ ਅੰਦਰ ਖੁਦ ਹੀ ਸਰੰਡਰ ਕਰ ਦੇਵੇਗਾ। ਪੁਲਸ ਟੀਮ ਤੁਰੰਤ ਦੱਸੇ ਗਏ ਪਤੇ 'ਤੇ ਪਹੁੰਚੀ। ਪਹਿਲੀ ਮੰਜ਼ਿਲ 'ਤੇ ਜਾ ਕੇ ਦੇਖਿਆ ਕਿ ਰੂਮ ਨੂੰ ਬਾਹਰੋਂ ਲਾਕ ਕੀਤਾ ਹੋਇਆ ਸੀ। ਪੁਲਸ ਲਾਕ ਤੋੜ ਕੇ ਅੰਦਰ ਦਾਖਲ ਹੋਈ ਤਾਂ ਰਮਨ ਬਾਲਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਲਾਸ਼ ਦੇ ਗੋਡੇ ਬੈੱਡ 'ਤੇ ਲੱਗ ਰਹੇ ਸਨ ਤੇ ਸਰੀਰ 'ਤੇ ਕੁੱਟ-ਮਾਰ ਦੇ ਵੀ ਨਿਸ਼ਾਨ ਸਨ। ਪੁਲਸ ਨੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਜਾਂਚ ਕੀਤੀ ਤਾਂ ਬਾਅਦ 'ਚ ਲਾਸ਼ ਨੂੰ ਹੇਠਾਂ ਉਤਾਰਿਆ।

ਪੁਲਸ ਨੇ ਰਮਨ ਦੀ ਮੌਤ ਦੀ ਸੂਚਨਾ ਉਸ ਦੇ ਪੇਕੇ ਪਰਿਵਾਰ ਨੂੰ ਦਿੱਤੀ, ਜਿਸ ਤੋਂ ਬਾਅਦ ਰਮਨ ਦੀ ਮਾਂ ਸ਼ਸ਼ੀ ਨਈਅਰ ਤੇ ਹੋਰ ਰਿਸ਼ਤੇਦਾਰ ਪਠਾਨਕੋਟ ਤੋਂ ਇਥੇ ਪਹੁੰਚ ਗਏ। ਸ਼ਸ਼ੀ ਨਈਅਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਦਾਜ ਲਈ ਮਾਰਿਆ ਜਾਂਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਰਮਨ ਦੀ ਹੱਤਿਆ ਕਰ ਕੇ ਲਾਸ਼ ਨੂੰ ਲਟਕਾਇਆ ਗਿਆ ਹੈ ਤਾਂ ਜੋ ਇਹ ਦਿਖਾਇਆ ਜਾਵੇ ਕਿ ਰਮਨ ਨੇ ਸੁਸਾਈਡ ਕੀਤਾ ਹੈ। ਸੁਖਬੀਰ ਸਿੰਘ ਨੇ ਕਿਹਾ ਕਿ ਪ੍ਰਾਪਰਟੀ ਡੀਲਰ ਅਮਿਤ, ਉਸ ਦੀ ਮਾਂ ਚੰਚਲ ਰਾਣੀ, ਆਸਟਰੇਲੀਆ ਰਹਿੰਦੇ ਦਿਓਰ ਤੇ ਨਣਾਨ ਖਿਲਾਫ ਕੇਸ ਦਰਜ ਕਰ ਲਿਆ ਹੈ। ਸਾਰੇ ਫਰਾਰ ਹਨ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਰਮਨ ਦੀ ਹੱਤਿਆ ਕਰ ਕੇ ਲਾਸ਼ ਲਟਕਾਈ ਗਈ ਸੀ ਜਾਂ ਰਮਨ ਨੇ ਸੁਸਾਈਡ ਕੀਤੀ। ਬਾਕੀ ਦੀ ਸੱਚਾਈ ਨਾਮਜ਼ਦ ਕੀਤੇ ਮੁਲਜ਼ਮਾਂ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਪਤਾ ਲੱਗੇਗੀ।

PunjabKesari
ਮੀਡੀਆ ਨੂੰ ਬਿਆਨ ਦੇਣ ਤੋਂ ਬਾਅਦ ਗਾਇਬ ਹੋਈ ਅਮਿਤ ਦੀ ਮਾਂ
ਹੈਰਾਨੀ ਦੀ ਗੱਲ ਹੈ ਕਿ ਪ੍ਰਾਪਰਟੀ ਡੀਲਰ ਦੀ ਮਾਂ ਨੂੰ ਪੁਲਸ ਫਰਾਰ ਦੱਸ ਰਹੀ ਹੈ। ਉਸ ਨੇ ਮੀਡੀਆ ਨੂੰ ਰਾਤ ਹੋਏ ਝਗੜੇ ਬਾਰੇ ਸਾਰੀ ਜਾਣਕਾਰੀ ਦਿੱਤੀ। ਪ੍ਰਾਪਰਟੀ ਡੀਲਰ ਦੀ ਮਾਂ ਚੰਚਲ ਰਾਣੀ ਨੇ ਦੱਸਿਆ ਕਿ ਰਾਤ ਨੂੰ ਖਾਣਾ ਬਣਾਉਂਦਿਆਂ ਪਤੀ-ਪਤਨੀ 'ਚ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਰਮਨ ਗੁੱਸੇ 'ਚ ਆਪਣੇ ਰੂਮ 'ਚ ਚਲੀ ਗਈ। ਉਸ ਨੇ ਅੰਦਰੋਂ ਲਾਕ ਕਰ ਲਿਆ। ਅਮਿਤ ਨੇ ਕਈ ਵਾਰ ਦਰਵਾਜ਼ਾ ਖੜਕਾਇਆ ਪਰ ਉਸ ਨੇ ਨਹੀਂ ਖੋਲ੍ਹਿਆ। ਅਮਿਤ ਦੁਬਾਰਾ ਗਰਾਊਂਡ ਫਲੋਰ 'ਤੇ ਆ ਗਿਆ। ਕੁਝ ਸਮੇਂ ਬਾਅਦ ਦੋਬਾਰਾ ਉਪਰ ਗਿਆ ਤਾਂ ਉਸ ਨੇ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ। ਫਿਰ ਜਾ ਕੇ ਪਤਾ ਲੱਗਾ ਕਿ ਰਮਨ ਨੇ ਸੁਸਾਈਡ ਕਰ ਲਿਆ ਹੈ। ਚੰਚਲ ਰਾਣੀ ਨੇ ਕਿਹਾ ਕਿ ਰਾਤ ਨੂੰ ਉਹ ਕਾਫੀ ਡਰ ਗਏ ਸਨ, ਜਿਸ ਕਾਰਨ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਨਹੀਂ ਦਿੱਤੀ। ਰਮਨ ਦੀ ਬੇਟੀ ਫਿਲਹਾਲ ਆਪਣੀ ਦਾਦੀ ਨਾਲ ਸੀ।


author

rajwinder kaur

Content Editor

Related News