ਜਲੰਧਰ ਸ਼ਹਿਰ ਦੇ ਕਾਂਗਰਸੀ ਵਿਧਾਇਕਾਂ ’ਚ ਪਈ ਫੁੱਟ, 2 ਸਿੱਧੂ ਤੇ 2 ਕੈਪਟਨ ਖੇਮੇ ’ਚ ਗਏ
Wednesday, Aug 25, 2021 - 11:04 AM (IST)
ਜਲੰਧਰ (ਖੁਰਾਣਾ)–ਸਾਬਕਾ ਲੋਕਲ ਬਾਡੀਜ਼ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੇ 2 ਦਰਜਨ ਤੋਂ ਵੱਧ ਵਿਧਾਇਕਾਂ ਨੂੰ ਇਕੱਠਾ ਕਰਕੇ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਕੁਰਸੀ ਬਚਾਉਣ ਖਾਤਿਰ ਆਪਣੇ ਸਾਥੀਆਂ ਅਤੇ ਵਿਧਾਇਕਾਂ ਨੂੰ ਆਪਣੇ ਕੈਂਪ ਵਿਚ ਜੋੜਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਉਸ ਨਾਲ ਜਿੱਥੇ ਪੂਰੇ ਪੰਜਾਬ ਵਿਚ ਕਾਂਗਰਸੀ ਰਾਜਨੀਤੀ ਦੋਫਾੜ ਹੋ ਗਈ, ਉਥੇ ਹੀ ਜਲੰਧਰ ਸ਼ਹਿਰ ਦੇ ਚਾਰਾਂ ਕਾਂਗਰਸੀ ਵਿਧਾਇਕਾਂ ਵਿਚ ਵੀ ਇਸ ਘਟਨਾਕ੍ਰਮ ਨੂੰ ਲੈ ਕੇ ਫੁੱਟ ਪੈ ਗਈ ਹੈ। ਇਨ੍ਹਾਂ ਚਾਰਾਂ ਵਿਚੋਂ 2 ਵਿਧਾਇਕ ਬਾਵਾ ਹੈਨਰੀ ਅਤੇ ਪਰਗਟ ਸਿੰਘ ਖੁੱਲ੍ਹ ਕੇ ਸਿੱਧੂ ਖੇਮੇ ਵਿਚ ਚਲੇ ਗਏ ਹਨ, ਜਦਕਿ ਰਾਜਿੰਦਰ ਬੇਰੀ ਤੇ ਸੁਸ਼ੀਲ ਰਿੰਕੂ ਕੈਪਟਨ ਧੜੇ ਦਾ ਸਾਥ ਦੇ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ: ਜੇਕਰ ਤੁਸੀਂ ਵੀ ਕਰਨਾ ਹੈ ਅੱਜ ਬੱਸ 'ਚ ਸਫ਼ਰ ਤਾਂ ਹੋ ਜਾਓ ਸਾਵਧਾਨ, ਪਹਿਲਾਂ ਪੜ੍ਹੋ ਇਹ ਖ਼ਬਰ
ਜ਼ਿਕਰਯੋਗ ਹੈ ਕਿ 2017 ਵਿਚ ਜਦੋਂ ਪੰਜਾਬ ਦੀ ਸੱਤਾ ’ਤੇ ਕਾਂਗਰਸ ਕਾਬਜ਼ ਹੋਈ ਸੀ ਤਾਂ ਉਸ ਸਮੇਂ ਇਨ੍ਹਾਂ ਚਾਰਾਂ ਵਿਧਾਇਕਾਂ ਨੇ ਆਪਸ ਵਿਚ ਏਕਾ ਕਰਕੇ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਸੀ। ਕਈ ਮਹੀਨੇ ਇਹ ਚਾਰੋਂ ਵਿਧਾਇਕ ਆਪਸ ਵਿਚ ਠੀਕ-ਠਾਕ ਚੱਲੇ ਅਤੇ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਸਬੰਧੀ ਕਈ ਨਵੀਆਂ-ਨਵੀਆਂ ਯੋਜਨਾਵਾਂ ਬਣਾਈਆਂ। ਇਸ ਦੌਰਾਨ ਇਨ੍ਹਾਂ ਚਾਰਾਂ ਵਿਧਾਇਕਾਂ ਨੇ ਨਿਗਮ ’ਤੇ ਹਾਵੀ ਹੋ ਚੁੱਕੀਆਂ ਨਿਗਮ ਯੂਨੀਅਨਾਂ ਨਾਲ ਵੀ ਪੰਗਾ ਲੈਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਇਕ ਵਾਰ ਯੂਨੀਅਨ ਦੀ ਹੜਤਾਲ ਵੀ ਹੋ ਗਈ ਕਿਉਂਕਿ ਚਾਰੋਂ ਵਿਧਾਇਕ ਨਿਗਮ ਯੂਨੀਅਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਲਈ ਇਹ ਹੜਤਾਲ ਲੰਮੀ ਚੱਲੀ ਅਤੇ ਪ੍ਰਸ਼ਾਸਨ ਨੇ ਵੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ।
ਉਦੋਂ ਅਚਾਨਕ ਵਿਧਾਇਕ ਬਾਵਾ ਹੈਨਰੀ ਦੇ ਪਿਤਾ ਅਤੇ ਸਾਬਕਾ ਕਾਂਗਰਸੀ ਮੰਤਰੀ ਅਵਤਾਰ ਹੈਨਰੀ ਨੇ ਯੂਨੀਅਨ ਦੀ ਹੜਤਾਲ ਖੁੱਲ੍ਹਵਾ ਇਕ ਨਵੇਂ ਘਟਨਾਕ੍ਰਮ ਨੂੰ ਜਨਮ ਦੇ ਦਿੱਤਾ, ਜਿਸ ਤੋਂ ਬਾਅਦ ਚਾਰਾਂ ਵਿਧਾਇਕਾਂ ਦੇ ਰਸਤੇ ਵੱਖ-ਵੱਖ ਹੋ ਗਏ। ਵਿਧਾਇਕਾਂ ਦੀ ਆਪਸੀ ਏਕਤਾ ਵਿਚ ਫੁੱਟ ਪੈਣ ਕਾਰਨ ਸ਼ਹਿਰ ਦਾ ਵਿਕਾਸ ਕਾਫ਼ੀ ਪ੍ਰਭਾਵਿਤ ਹੋਇਆ।
ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਵਿਧਾਨ ਸਭਾ ਚੋਣਾਂ ’ਚ ਆਵੇਗੀ ਮੁਸ਼ਕਲ
ਸ਼ਹਿਰ ਦੇ ਚਾਰਾਂ ਕਾਂਗਰਸੀ ਵਿਧਾਇਕਾਂ ਵਿਚ ਪਈ ਇਸ ਫੁੱਟ ਦਾ ਸਾਫ਼-ਸਾਫ਼ ਅਸਰ ਕੁਝ ਮਹੀਨੇ ਬਾਅਦ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਵੇਖਣ ਨੂੰ ਮਿਲੇਗਾ। ਪੰਜਾਬ ਦੀ ਸਿਆਸਤ ਵਿਚ ਹੁਣ ਹਾਈਕਮਾਨ ਕਿਸ ਨੂੰ ਅੱਪ ਅਤੇ ਕਿਸ ਨੂੰ ਡਾਊਨ ਕਰਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਸਿੱਧੂ ਅਤੇ ਅਮਰਿੰਦਰ ਖੇਮੇ ਵਿਚ ਫੁੱਟ ਦਾ ਅਸਰ ਕਾਂਗਰਸੀ ਵਰਕਰਾਂ ’ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਜਿਹੜੇ ਕਾਂਗਰਸੀ ਨਵਜੋਤ ਸਿੰਘ ਸਿੱਧੂ ਨੂੰ ਪਸੰਦ ਨਹੀਂ ਕਰਦੇ, ਕੀ ਉਹ ਬਾਵਾ ਹੈਨਰੀ ਜਾਂ ਪਰਗਟ ਸਿੰਘ ਨੂੰ ਵੋਟ ਪਾਉਣਗੇ ਜਾਂ ਨਹੀਂ। ਇਸੇ ਤਰ੍ਹਾਂ ਜਿਹੜੇ ਕੈਪਟਨ ਨੂੰ ਪਸੰਦ ਨਹੀਂ ਕਰਦੇ, ਉਹ ਸੁਸ਼ੀਲ ਰਿੰਕੂ ਜਾਂ ਰਾਜਿੰਦਰ ਬੇਰੀ ਦੇ ਪੱਖ ਵਿਚ ਚੱਲਣਗੇ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੋਵੇਗੀ। ਇੰਨਾ ਜ਼ਰੂਰ ਹੈ ਕਿ ਕਾਂਗਰਸੀ ਵਿਧਾਇਕਾਂ ਦੀ ਇਹ ਆਪਸੀ ਫੁੱਟ ਅਫ਼ਸਰਸ਼ਾਹੀ ਵਿਚਕਾਰ ਮਜ਼ਾਕ ਦਾ ਕਾਰਨ ਬਣ ਰਹੀ ਹੈ। ਅਫ਼ਸਰਸ਼ਾਹੀ ਦਾ ਧਿਆਨ ਇਸ ਪਾਸੇ ਹੈ ਕਿ ਇਸ ਵਾਰ ਜਿੱਤ ਕੈਪਟਨ ਦੀ ਹੁੰਦੀ ਹੈ ਜਾਂ ਸਿੱਧੂ ਦੀ, ਤਾਂ ਕਿ ਉਸੇ ਹਿਸਾਬ ਨਾਲ ਵਿਧਾਇਕਾਂ ਨੂੰ ਤਵੱਜੋ ਦਿੱਤੀ ਜਾਵੇ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ 'ਚ ਛਾਂਟੀ ਕਰਨ ਦੀਆਂ ਖ਼ਬਰਾਂ ਲੀਕ ਹੋਣ ’ਤੇ ਕੁਝ ਮੰਤਰੀਆਂ ’ਚ ਆਇਆ ਉਬਾਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।