ਟ੍ਰੈਫਿਕ ਵਿਵਸਥਾ ਨੂੰ ਲੈ ਕੇ ਜਲੰਧਰ ਪੁਲਸ ਸਖ਼ਤ, ‘ਨੋ ਆਟੋ ਜ਼ੋਨ’, ‘ਨੋ ਪਾਰਕਿੰਗ’ ਸਬੰਧੀ ਦਿੱਤੀਆਂ ਇਹ ਹਦਾਇਤਾਂ
Wednesday, Mar 13, 2024 - 03:36 PM (IST)
ਜਲੰਧਰ (ਵਰੁਣ)–ਜਲੰਧਰ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਏ. ਡੀ. ਸੀ. ਪੀ. ਟ੍ਰੈਫਿਕ ਅਮਨਦੀਪ ਕੌਰ ਨੇ ਆਪਣੀ ਫੋਰਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਏ. ਡੀ. ਸੀ. ਪੀ. ਨੇ ਕਿਹਾ ਕਿ ਜੇਕਰ ਕਿਸੇ ਵੀ ਟ੍ਰੈਫਿਕ ਕਰਮਚਾਰੀ ਨੇ ਡਿਊਟੀ ਦੌਰਾਨ ਲਾਪ੍ਰਵਾਹੀ ਵਰਤੀ ਤਾਂ ਉਸ ਖ਼ਿਲਾਫ਼ ਕਾਰਵਾਈ ਹੋਣੀ ਤੈਅ ਹੈ। ਏ. ਡੀ. ਸੀ. ਪੀ. ਅਮਨਦੀਪ ਕੌਰ ਨੇ ਟ੍ਰੈਫਿਕ ਥਾਣੇ ਵਿਚ ਚਾਰਾਂ ਜ਼ੋਨਾਂ ਦੇ ਇੰਚਾਰਜਾਂ ਅਤੇ ਹੋਰ ਟ੍ਰੈਫਿਕ ਕਰਮਚਾਰੀਆਂ ਨੂੰ ਬੁਲਾ ਕੇ ਮੀਟਿੰਗ ਕੀਤੀ ਅਤੇ ਸ਼ਹਿਰ ਵਿਚ ਟ੍ਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਲਈ ਹਦਾਇਤਾਂ ਦਿੰਦਿਆਂ ਕਿਹਾ ਕਿ ਮੁਲਾਜ਼ਮ ਆਪਣੇ ਨਾਲ ਬਾਡੀ ਕੈਮਰੇ ਜ਼ਰੂਰ ਰੱਖਣ। ਜੇਕਰ ਕੋਈ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨਾਲ ਬਦਸਲੂਕੀ ਨਾਲ ਪੇਸ਼ ਨਾ ਆ ਕੇ ਜੋ ਬਣਦੀ ਕਾਰਵਾਈ ਹੈ, ਉਹ ਕੀਤੀ ਜਾਵੇ।
ਇਸ ਤੋਂ ਇਲਾਵਾ ਏ. ਡੀ. ਸੀ. ਪੀ. ਨੇ ਕਿਹਾ ਕਿ ਸ਼੍ਰੀ ਰਾਮ ਚੌਕ ਤੋਂ ਲੈ ਕੇ ਬਸਤੀ ਅੱਡਾ ਚੌਕ ਤਕ ਬਣਾਏ ਗਏ ‘ਨੋ ਆਟੋ ਜ਼ੋਨ’ ਵਿਚ ਕੋਈ ਵੀ ਆਟੋ ਦਾਖਲ ਨਹੀਂ ਹੋਣਾ ਚਾਹੀਦਾ। ਜੇਕਰ ਕੋਈ ਸ਼ਾਰਟਕੱਟ ਰਸਤਿਆਂ ਦੀ ਵਰਤੋਂ ਕਰ ਕੇ ‘ਨੋ ਆਟੋ ਜ਼ੋਨ’ ਵਿਚ ਦਾਖਲ ਹੁੰਦਾ ਹੈ ਤਾਂ ਆਟੋ ਇੰਪਾਊਂਡ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਟ੍ਰੈਫਿਕ ਕਰਮਚਾਰੀ ਦੀ ਲਾਪ੍ਰਵਾਹੀ ਕਾਰਨ ਟ੍ਰੈਫਿਕ ਜਾਮ ਨਹੀਂ ਲੱਗਣਾ ਚਾਹੀਦਾ। ਜੇਕਰ ਜਾਮ ਲੱਗਾ ਤਾਂ ਉਥੇ ਜਿਸ ਵੀ ਟੀਮ ਦੀ ਡਿਊਟੀ ਲੱਗੀ ਹੋਵੇਗੀ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਲੋਕ ਰਾਤ ਨੂੰ ਘਰਾਂ 'ਚੋਂ ਨਾ ਨਿਕਲਣ ਬਾਹਰ, ਜਾਰੀ ਹੋ ਗਿਆ ਅਲਰਟ (ਵੀਡੀਓ)
ਏ. ਡੀ. ਸੀ. ਪੀ. ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਉਹ ਪਾਰਕਿੰਗ ਸਥਾਨਾਂ ’ਤੇ ਹੀ ਆਪਣੇ ਵਾਹਨ ਖੜ੍ਹੇ ਕਰਨ ਤਾਂ ਕਿ ਟ੍ਰੈਫਿਕ ਜਾਮ ਨਾ ਹੋਵੇ। ਉਨ੍ਹਾਂ ਚਾਰਾਂ ਜ਼ੋਨਾਂ ਦੇ ਇੰਚਾਰਜਾਂ ਨੂੰ ਵੀ ਕਿਹਾ ਕਿ ਜੇਕਰ ਕੋਈ ਵੀ ਗੱਡੀ ‘ਨੋ ਪਾਰਕਿੰਗ ਜ਼ੋਨ’ ਜਾਂ ਫਿਰ ਗਲਤ ਢੰਗ ਨਾਲ ਖੜ੍ਹੀ ਹੈ ਤਾਂ ਉਸ ਨੂੰ ਟੋਅ ਕਰਵਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨਾਬਾਲਗ ਵਾਹਨ ਚਾਲਕਾਂ ’ਤੇ ਵੀ ਸਖ਼ਤੀ ਵਰਤਣ ਦੇ ਹੁਕਮ ਦਿੱਤੇ ਹਨ। ਨਾਬਾਲਗ ਵਾਹਨ ਚਾਲਕਾਂ ਦੇ ਫੜੇ ਜਾਣ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਸ ਤਲਬ ਵੀ ਕਰ ਸਕਦੀ ਹੈ।
ਸ਼ਹਿਰ ’ਚ ਮਸ਼ਹੂਰ ਹੋ ਰਿਹਾ ਸਿਗਰੇਟ ਵਾਲਾ ਟ੍ਰੈਫਿਕ ਕਰਮਚਾਰੀ
ਇਸ ਸਮੇਂ ਸ਼ਹਿਰ ਵਿਚ ਨਾਕੇ ’ਤੇ ਤਾਇਨਾਤੀ ਦੌਰਾਨ ਖਾਕੀ ਵਰਦੀ ਵਿਚ ਸ਼ਰੇਆਮ ਸਿਗਰੇਟ ਪੀਣ ਵਾਲਾ ਟ੍ਰੈਫਿਕ ਕਰਮਚਾਰੀ ਕਾਫ਼ੀ ਚਰਚਾ ਬਟੋਰ ਰਿਹਾ ਹੈ। ਕਿਸੇ ਸਮੇਂ ਇਹ ਮੁਲਾਜ਼ਮ ਥਾਣੇ ਵਿਚ ਹੁੰਦਾ ਸੀ ਪਰ ਉਥੇ ਵੀ ਉਸਦੇ ਚਰਚੇ ਅਕਸਰ ਸੁਣਨ ਨੂੰ ਮਿਲਦੇ ਰਹਿੰਦੇ ਸਨ। ਕਾਫ਼ੀ ਲੋਕਾਂ ਦਾ ਕਹਿਣਾ ਹੈ ਕਿ ਇਹ ਟ੍ਰੈਫਿਕ ਕਰਮਚਾਰੀ ਅਕਸਰ ਵਾਹਨ ਚਾਲਕਾਂ ਨਾਲ ਬਦਸਲੂਕੀ ਨਾਲ ਪੇਸ਼ ਆਉਂਦਾ ਹੈ ਅਤੇ ਕਈ ਵਾਰ ਨਸ਼ੇ ਦੀ ਹਾਲਤ ਵਿਚ ਵੀ ਡਿਊਟੀ ਦਿੰਦਾ ਹੈ। ਬਿਨਾਂ ਟੋਪੀ ਅਤੇ ਡਰੈੱਸ ਸੈਂਸ ਬਾਹਰ ਹੋ ਕੇ ਡਿਊਟੀ ਦੇਣ ਵਾਲੇ ਇਸ ਟ੍ਰੈਫਿਕ ਕਰਮਚਾਰੀ ਦੀ ਅਧਿਕਾਰੀ ਆਪਣੇ ਪੱਧਰ ’ਤੇ ਜਾਂਚ ਕਰਵਾਉਣ ਤਾਂ ਉਸ ਦੀਆਂ ਹੋਰ ਵੀ ਕਈ ਹਰਕਤਾਂ ਸਾਹਮਣੇ ਆ ਸਕਦੀਆਂ ਹਨ। ਅਜਿਹੇ ਟ੍ਰੈਫਿਕ ਕਰਮਚਾਰੀਆਂ ਕਾਰਨ ਹੀ ਅਕਸਰ ਵਿਭਾਗ ਦੀ ਬਦਨਾਮੀ ਹੁੰਦੀ ਹੈ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਤੋਂ ਵਾਪਸ ਪਰਤਦਿਆਂ 4 ਦੋਸਤਾਂ ਨਾਲ ਵਾਪਰੀ ਅਣਹੋਣੀ, ਉੱਡੇ ਕਾਰ ਦੇ ਪਰਖੱਚੇ, ਇਕ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8