ਜਲੰਧਰ ਪੁਲਸ ਹੱਥ ਲੱਗੀ ਕਾਮਯਾਬੀ, ਹਥਿਆਰਾਂ ਤੇ ਵਿਦੇਸ਼ੀ ਕਰੰਸੀ ਸਣੇ 13 ਸ਼ੂਟਰ ਕੀਤੇ ਗ੍ਰਿਫ਼ਤਾਰ
Friday, Jun 24, 2022 - 04:08 PM (IST)
ਜਲੰਧਰ (ਸੋਨੂੰ, ਮਹੇਸ਼, ਰਮਨਜੀਤ)— ਜਲੰਧਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਦਿਹਾਤੀ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਸ ਨੇ ਹਥਿਆਰਾਂ ਸਮੇਤ ਗੈਂਗਸਟਰ ਪਿੰਦਾ ਨਿਹਾਲੂਵਾਲਾ ਗੈਂਗ ਦੇ 19 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿਚ 13 ਸ਼ੂਟਰ ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਗਏ 19 ਗੈਂਗਸਟਰਾਂ ਕੋਲੋਂ 11 ਹਥਿਆਰਾਂ ਸਮੇਤ ਦੋ ਗੱਡੀਆਂ ਅਤੇ 8 ਲੱਖ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ। ਤਿੰਨ ਹਫ਼ਤੇ ਚੱਲੇ ਆਪ੍ਰੇਸ਼ਨ ਤੋਂ ਬਾਅਦ, ਜਲੰਧਰ ਦਿਹਾਤੀ ਪੁਲਸ ਨੇ ਪਿੰਦਾ ਗੈਂਗ ਨਾਲ ਜੁੜੇ ਫਿਰੌਤੀ ਅਤੇ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ 13 ਮੈਂਬਰਾਂ-ਸਾਰੇ ਸ਼ਾਰਪ ਸ਼ੂਟਰ, ਇਸ ਤੋਂ ਇਲਾਵਾ ਪਨਾਹ ਦੇਣ ਅਤੇ ਲਾਜਿਸਟਿਕ ਸਹਾਇਤਾ ਮੁਹੱਈਆ ਕਰਾਉਣ ਵਾਲੇ 6 ਹੋਰਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਹ ਜਾਣਾਕਰੀ ਸੀਨੀਅਰ ਪੁਲਸ ਕਪਤਾਨ (ਐੱਸ. ਐੱਸ. ਪੀ.) ਸਵਪਨ ਸਰਮਾ ਨੇ ਸ਼ੁੱਕਰਵਾਰ ਨੂੰ ਸਾਂਝੀ ਕੀਤੀ ।
ਪੁਲਸ ਮੁਤਾਬਕ ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਪਲਵਿੰਦਰ ਸਿੰਘ ਉਰਫ਼ ਪਿੰਦਾ, ਜਿਸ ਦੀ ਨਾਭਾ ਜੇਲ੍ਹ ਬਰੇਕ ਵਿਚ ਵੀ ਭੂਮਿਕਾ ਸਾਹਮਣੇ ਆਈ ਸੀ, ਨੂੰ ਗੈਂਗ ਦਾ ਸਰਗਨਾ ਦੱਸਿਆ ਜਾਂਦਾ ਹੈ ਅਤੇ ਜ਼ਾਹਰ ਤੌਰ ’ਤੇ ਪਰਮਜੀਤ ਉਰਫ਼ ਪੰਮਾ, ਵਾਸੀ ਸ਼ਾਹਕੋਟ, ਜਲੰਧਰ ਅਤੇ ਜੋਕਿ ਮੌਜੂਦਾ ਸਮੇਂ ਗ੍ਰੀਸ ਵਿਚ ਰਹਿਦਾ ਹੈ, ਦੀ ਮਦਦ ਨਾਲ ਗੈਂਗ ਨੂੰ ਸੰਭਾਲ ਰਿਹਾ ਸੀ।
ਇਹ ਹੋਈ ਸ਼ੂਟਰਾਂ ਦੀ ਪਛਾਣ
ਗ੍ਰਿਫ਼ਤਾਰ ਕੀਤੇ ਗਏ 13 ਸ਼ੂਟਰਾਂ ਦੀ ਪਛਾਣ ਸੁਨੀਲ ਮਸੀਹ ਉਰਫ਼ ਜਿਉਣਾ, ਰਵਿੰਦਰ ਉਰਫ਼ਫ ਰਵੀ, ਪ੍ਰਦੀਪ ਸਿੰਘ, ਮਨਜਿੰਦਰ ਉਰਫ ਸ਼ਵੀ ਅਤੇ ਸੁਖਮਨ ਸਿੰਘ ਉਰਫ਼ ਸੱਭਾ, ਸਾਰੇ ਵਾਸੀ ਲੋਹੀਆਂ ਜਲੰਧਰ, ਸੰਦੀਪ ਉਰਫ਼ ਦਿੱਲੀ, ਮੇਜਰ ਸਿੰਘ, ਅਪ੍ਰੈਲ ਸਿੰਘ ਉਰਫ਼ ਸ਼ੇਰਾ, ਬਲਵਿੰਦਰ ਉਰਫ਼ ਗੁੱਢਾ ਅਤੇ ਸਲਿੰਦਰ ਸਿੰਘ; ਸਾਰੇ ਵਾਸੀਅਨ ਨਕੋਦਰ, ਜਲੰਧਰ; ਦਾ ਸਤਪਾਲ ਉਰਫ਼ ਸੱਤਾ ਵਾਸੀ ਮੱਖੂ, ਫਿਰੋਜ਼ਪੁਰ; ਦਵਿੰਦਰਪਾਲ ਸਿੰਘ ਉਰਫ਼ ਦੀਪੂ ਅਤੇ ਸਤਵੰਤ ਸਿੰਘ ਉਰਫ਼ ਜੱਗਾ ਵਾਸੀ ਸ਼ਾਹਕੋਟ, ਜਲੰਧਰ ਵਜੋਂ ਹੋਈ ਹੈ। ਇਹ ਸਾਰੇ ਗ੍ਰਿਫ਼ਤਾਰ ਵਿਅਕਤੀ ਹਿਸਟਰੀ ਸ਼ੀਟਰ ਹਨ ਅਤੇ ਇਨ੍ਹਾਂ ’ਤੇ ਕਤਲ, ਇਰਾਦਾ ਕਤਲ, ਜਬਰਨ ਵਸੂਲੀ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਘਿਨਾਉਣੇ ਅਪਰਾਧਾਂ ਨਾਲ ਸਬੰਧਤ ਮਾਮਲੇ ਦਰਜ ਹਨ। ਜਦਕਿ 6 ਹੋਰ ਵਿਅਕਤੀ, ਜਿਨਾਂ ਨੂੰ ਪਨਾਹ ਦੇਣ ਅਤੇ ਲੌਜਿਸਟਿਕ ਸੁਪੋਰਟ ਦੇਣ ਦੇ ਦੋਸ਼ ਵਿਚ ਗਿ੍ਰਫ਼ਤਾਰ ਕੀਤਾ ਗਿਆ ਹੈ, ਦੀ ਪਛਾਣ ਅਮਰਜੀਤ ਉਰਫ਼ ਅਮਰ ਵਾਸੀ ਧਰਮਕੋਟ, ਬਲਬੀਰ ਮਸੀਹ, ਐਰਿਕ ਅਤੇ ਬਾਦਲ, ਤਿੰਨੇ ਵਾਸੀ ਲੋਹੀਆਂ, ਹਰਵਿੰਦਰ ਸਿੰਘ ਵਾਸੀ ਸ਼ਾਹਕੋਟ ਅਤੇ ਬਚਿੱਤਰ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਵੱਡੀ ਵਾਰਦਾਤ, ਫਗਵਾੜਾ ’ਚ ਨਾਕੇ ’ਤੇ ਪੁਲਸ ਮੁਲਾਜ਼ਮਾਂ ’ਤੇ ਚੱਲੀਆਂ ਗੋਲ਼ੀਆਂ
ਪੁਲਸ ਨੇ ਦੋਸ਼ੀਆਂ ਕੋਲੋਂ ਸੱਤ .32 ਬੋਰ ਪਿਸਤੌਲ, ਤਿੰਨ .315 ਬੋਰ ਪਿਸਤੌਲ, ਇਕ .315 ਬੋਰ ਦੀ ਬੰਦੂਕ ਅਤੇ ਇਕ .12 ਬੋਰ ਦੀ ਬੰਦੂਕ ਸਮੇਤ 9 ਹਥਿਆਰ ਬਰਾਮਦ ਕੀਤੇ ਹਨ ਅਤੇ ਟੋਇਟਾ ਇਨੋਵਾ ਅਤੇ ਮਹਿੰਦਰਾ ਐੱਕਸ. ਯੂ. ਵੀ. 500 ਸਮੇਤ ਦੋ ਵਾਹਨਾਂ ਤੋਂ ਇਲਾਵਾ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪਰਮਜੀਤ ਉਰਫ਼ ਪੰਮਾ ਗਿਰੋਹ ਨੂੰ ਫਾਇਨਾਂਸ ਕਰਦਾ ਸੀ ਅਤੇ ਅਮਰਜੀਤ ਉਰਫ਼ ਅਮਰ ਨੂੰ ਹਵਾਲਾ ਰਾਹੀਂ ਵਿਦੇਸ਼ੀ ਕਰੰਸੀ ਭੇਜਦਾ ਸੀ, ਜੋ ਅੱਗੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਗਿਰੋਹ ਦੇ ਮੈਂਬਰਾਂ ਵਿਚ ਵੰਡਦਾ ਸੀ। ਉਨ੍ਹਾਂ ਦੱਸਿਆ ਕਿ ਇਹ ਗਿਰੋਹ ਪਿਛਲੇ ਛੇ ਸਾਲਾਂ ਤੋਂ ਸਰਗਰਮ ਹੈ ਅਤੇ ਮੱਧ ਪ੍ਰਦੇਸ਼ ਤੋਂ ਸੰਗਠਿਤ ਜਬਰਨ ਵਸੂਲੀ, ਹਥਿਆਰਬੰਦ ਹਾਈਵੇ ਡਕੈਤੀ, ਭੂ-ਮਾਫ਼ੀਆ ਅਤੇ ਹਥਿਆਰਾਂ ਦੀ ਤਸਕਰੀ ਵਿਚ ਸ਼ਾਮਲ ਹੈ। ਸਵਪਨ ਸ਼ਰਮਾ ਨੇ ਕਿਹਾ, ‘ਇਸ ਗਿਰੋਹ ਦੀ ਗ੍ਰਿਫ਼ਤਾਰੀ ਦੇ ਨਾਲ, ਪੁਲਸ ਵੱਲੋਂ ਜਲੰਧਰ ਅਤੇ ਬਠਿੰਡਾ ਵਿਚ ਕਤਲ, ਜ਼ਬਰਨ ਵਸੂਲੀ ਅਤੇ ਹਾਈਵੇਅ ਆਰਮਡ ਡਕੈਤੀ ਸਮੇਤ ਤਿੰਨ ਵੱਡੇ ਕੇਸਾਂ ਨੂੰ ਵੀ ਸੁਲਝਾਉਣ ਵਿਚ ਕਾਮਯਾਬੀ ਹਾਸਲ ਕੀਤੀ ਗਈ ਹੈ।” ਉਨ੍ਹਾਂ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਕੁੱਲ 19 ਵਿਅਕਤੀਆਂ ਵਿਚੋਂ ਘੱਟੋ-ਘੱਟ 12 ਪੁਲਸ ਨੂੰ ਅੱਠ ਅਪਰਾਧਿਕ ਮਾਮਲਿਆਂ ਵਿਚ ਲੋੜੀਂਦੇ ਸਨ।
ਇਥੇ ਦੱਸਣਯੋਗ ਹੈ ਕਿ ਕਤਲ ਵਰਗੀਆਂ ਵੱਡੀਆਂ ਵਾਰਦਾਤਾਂ ਕਰਕੇ ਕੁਝ ਹੀ ਸਮੇਂ ਅੰਦਰ ਅਪਰਾਧ ਦੀ ਦੁਨੀਆ 'ਚ ਸ਼ਾਮਲ ਹੋਏ ਪਲਵਿੰਦਰ ਸਿੰਘ ਸੰਧੂ ਉਰਫ਼ ਪਿੰਦਾ ਨਿਹਾਲੂਵਾਲਾ ਹੀ ਉਹ ਨੌਜਵਾਨ ਸੀ, ਜਿਸ ਨੇ 27 ਨਵੰਬਰ 2016 ਨੂੰ ਪੰਜਾਬ ਦੀ ਹਾਈ ਪ੍ਰੋਫ਼ਾਈਲ ਨਾਭਾ ਜੇਲ੍ਹ ਵਿਚੋਂ ਦਿਨ-ਦਿਹਾੜੇ ਗੋਲ਼ੀਆਂ ਚਲਾ ਕੇ ਪੰਜਾਬ ਦੇ ਸਭ ਤੋਂ ਵੱਧ ਖ਼ਤਰਨਾਕ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਭਜਾਇਆ ਸੀ। ਪੁਲਸ ਵੱਲੋਂ ਇਸ ਕਾਂਡ ਦੇ ਮਾਸਟਰ ਮਾਈਂਡ ਦੱਸੇ ਜਾਂਦੇ ਪਿੰਦਾ ਦਾ ਪਿੰਡ ਨਿਹਾਲੂਵਾਲ ਤਹਿ. ਸ਼ਾਹਕੋਟ ਜ਼ਿਲ੍ਹਾ ਜਲੰਧਰ ਹੁਣ ਫਿਰ ਚਰਚਾ 'ਚ ਹੈ। ਪਿੰਦਾ ਜਿਸ ਨੂੰ ਕਿ ਜੇਲ ਬ੍ਰੇਕ ਕਾਂਡ ਤੋਂ ਬਾਅਦ ਉਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਤੋਂ ਪਰਤ ਰਹੇ ਪਰਿਵਾਰ ਨਾਲ ਗੰਨ ਪੁਆਇੰਟ ’ਤੇ ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਲੁੱਟ
ਛੋਟੀ ਉਮਰ 'ਚ ਹੀ ਪਿੰਦਾ ਬਣ ਗਿਆ ਨਾਮੀ ਗੈਂਗਸਟਰ
ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਜਦੋਂ ਪਿੰਦਾ ਅਤੇ ਉਸ ਦਾ ਪਰਿਵਾਰ ਖੇਤੀਬਾੜੀ ਕਰਕੇ ਸ਼ਾਂਤੀਪੂਰਨ ਜੀਵਨ ਬਤੀਤ ਕਰ ਰਿਹਾ ਸੀ ਕਿ ਉਸ ਸਮੇਂ ਮਾਮੂਲੀ ਝਗੜਿਆਂ ਤੋਂ ਬਾਅਦ ਪੁਲਸ ਨੇ ਪਿੰਦਾ, ਉਸ ਦੇ ਭਰਾ ਅਤੇ ਪੂਰੇ ਪਰਿਵਾਰ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ। ਪੁਲਸ ਨੇ ਪਿੰਦੇ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ। ਪੁਲਸ ਦੀ ਧੱਕੇਸ਼ਾਹੀ ਕਾਰਨ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਘਰੋਂ-ਬੇਘਰ ਹੋਣਾ ਪਿਆ। ਉਨ੍ਹਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਅਤੇ ਪਸ਼ੂ ਭੁੱਖੇ ਪਿਆਸੇ ਮਰ ਗਏ। ਪੁਲਸ ਦੇ ਡਰ ਕਾਰਨ ਪਿੰਦਾ ਘਰ ਤੋਂ ਬਾਹਰ ਰਹਿਣ ਲਈ ਮਜਬੂਰ ਹੋ ਗਿਆ। ਇਸੇ ਸਮੇਂ ਦੌਰਾਨ ਉਹ ਅਪਰਾਧੀਆਂ ਦੇ ਸੰਪਰਕ 'ਚ ਆ ਕੇ ਗੈਂਗਸਟਰ ਬਣ ਗਿਆ।
ਇਹ ਵੀ ਪੜ੍ਹੋ: ਜੇਲ੍ਹਾਂ ’ਚ ਬੰਦ ਗੈਂਗਸਟਰਾਂ ’ਤੇ ਵੱਡੇ ਸ਼ਿਕੰਜੇ ਦੀ ਤਿਆਰੀ 'ਚ ਪੰਜਾਬ ਸਰਕਾਰ, ਮਦਦਗਾਰ ਵੀ ਹੋਣਗੇ ਤਲਬ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ