ਜਲੰਧਰ ਦੇ ਪੱਕਾ ਬਾਗ 'ਚ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਨੂੰ ਕੀਤਾ ਜ਼ਖਮੀ
Sunday, Jul 28, 2019 - 04:03 PM (IST)

ਜਲੰਧਰ(ਸੁਨੀਲ ਮਹਾਜਨ) : ਜਲੰਧਰ ਦੇ ਪੱਕਾ ਬਾਗ ਵਿਚ ਸ਼ਨੀਵਾਰ ਨੂੰ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਕਾਰ ਵਿਚ ਸਵਾਰ ਹੋ ਕੇ ਆਏ 5 ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇਕ ਦੁਕਾਨ ਵਿਚ ਦਾਖਲ ਹੋ ਕੇ ਮਨਿੰਦਰ ਸਿੰਘ ਉਰਫ ਮੋਨੂੰ ਨਾਂ ਦੇ ਵਿਅਕਤੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਮੋਨੂੰ ਆਪਣੇ ਰਿਸ਼ਤੇਦਾਰਾਂ ਨਾਲ ਸੀ ਅਤੇ ਸਾਰੇ ਲੋਕ ਆਪਸ ਵਿਚ ਗੱਲਬਾਤ ਕਰ ਰਹੇ ਸਨ ਕਿ ਅਚਾਨਕ ਦੁਕਾਨ ਦਾ ਸ਼ੀਸ਼ਾ ਤੋੜ ਕੇ ਕਰੀਬ 5 ਹਥਿਆਰਬੰਦ ਨੌਜਵਾਨ ਅੰਦਰ ਆਏ ਅਤੇ ਮਨਿੰਦਰ ਨੂੰ ਮਾਰਨ ਲੱਗ ਪਏ। ਇਸ ਤੋਂ ਬਾਅਦ ਮਨਿੰਦਰ ਨੂੰ ਦੁਕਾਨ ਵਿਚੋਂ ਬਾਹਰ ਲਿਆ ਕੇ ਤੇਜ਼ਧਾਰ ਹਥਿਆਰਾਂ ਨਾਲ ਸਿਰ, ਪੈਰ, ਹੱਥਾਂ 'ਤੇ ਕਈ ਵਾਰ ਕੀਤੇ ਅਤੇ ਫਰਾਰ ਹੋ ਗਏ। ਇਸ ਹਮਲੇ ਵਿਚ ਮਨਿੰਦਰ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਉਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ। ਮਨਿੰਦਰ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਆਰਥੋਨੋਵਾ ਹਸਪਤਾਲ ਰੈਫਰ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਥਾਣਾ 4 ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਐਚ.ਐਚ.ਓ. ਕਮਲਜੀਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਨਿੰਦਰ ਦੇ ਪਰਿਵਾਰਕ ਮੈਂਬਰਾਂ ਸ਼ਸ਼ੀ ਸ਼ਰਮਾ ਅਤੇ ਹੋਰ ਲੋਕਾਂ ਦੇ ਬਿਆਨਾਂ ਦੇ ਆਧਾਰ 'ਤੇ 5 ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਹੁਣ ਪੁਲਸ ਮੁਹੱਲੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।