ਜਿੰਨੀ ਜਲਦੀ MP ਸੁਸ਼ੀਲ ਰਿੰਕੂ ਵਾਰਡਬੰਦੀ ਫਾਈਨਲ ਕਰਨਗੇ, ਓਨੀ ਜਲਦੀ ਹੋਣਗੀਆਂ ਨਗਰ ਨਿਗਮ ਚੋਣਾਂ

Thursday, May 18, 2023 - 11:07 AM (IST)

ਜਿੰਨੀ ਜਲਦੀ MP ਸੁਸ਼ੀਲ ਰਿੰਕੂ ਵਾਰਡਬੰਦੀ ਫਾਈਨਲ ਕਰਨਗੇ, ਓਨੀ ਜਲਦੀ ਹੋਣਗੀਆਂ ਨਗਰ ਨਿਗਮ ਚੋਣਾਂ

ਜਲੰਧਰ (ਖੁਰਾਣਾ)–ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਇਹ ਸੰਕੇਤ ਦੇ ਦਿੱਤੇ ਹਨ ਕਿ ਪੰਜਾਬ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਜਲਦ ਕਰਵਾਈਆਂ ਜਾਣਗੀਆਂ ਪਰ ਮੰਨਿਆ ਜਾ ਰਿਹਾ ਹੈ ਕਿ ਜਿੰਨੀ ਜਲਦੀ ਸੰਸਦ ਮੈਂਬਰ ਸੁਸ਼ੀਲ ਰਿੰਕੂ ਜਲੰਧਰ ਨਗਰ ਨਿਗਮ ਦੀ ਨਵੀਂ ਵਾਰਡਬੰਦੀ ਨੂੰ ਫਾਈਨਲ ਕਰਨਗੇ, ਓਨੀ ਜਲਦੀ ਹੀ ਜਲੰਧਰ ਨਿਗਮ ਦੀਆਂ ਚੋਣਾਂ ਹੋ ਸਕਣਗੀਆਂ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਜਲੰਧਰ ਨਿਗਮ ਦੀ ਨਵੀਂ ਵਾਰਡਬੰਦੀ ਨੂੰ ਮਹੀਨਿਆਂ ਪਹਿਲਾਂ ਫਾਈਨਲ ਕਰ ਰੱਖਿਆ ਹੈ। ਉਸ ਵਾਰਡਬੰਦੀ ਵਿਚ ਵਿਧਾਇਕ ਸ਼ੀਤਲ ਅੰਗੁਰਾਲ, ਉਨ੍ਹਾਂ ਦੇ ਭਰਾ ਰਾਜਨ ਅੰਗੁਰਾਲ, ਵਿਧਾਇਕ ਰਮਨ ਅਰੋੜਾ, ਉਨ੍ਹਾਂ ਦੇ ਸਪੁੱਤਰ ਰਾਜਨ ਅਰੋੜਾ, ਹਲਕਾ ਇੰਚਾਰਜ ਦਿਨੇਸ਼ ਢੱਲ, ਉਨ੍ਹਾਂ ਦੇ ਭਰਾ ਬੌਬੀ ਢੱਲ ਅਤੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਤੋਂ ਇਲਾਵਾ ਮੈਡਮ ਰਾਜਵਿੰਦਰ ਕੌਰ ਦੀ ਵੀ ਪੂਰੀ-ਪੂਰੀ ਭੂਮਿਕਾ ਅਤੇ ਦਖ਼ਲਅੰਦਾਜ਼ੀ ਰਹੀ। ਇਨ੍ਹਾਂ ਸਾਰੇ ਨੇਤਾਵਾਂ ਨੇ ਜਦੋਂ ਜਲੰਧਰ ਨਿਗਮ ਦੀ ਵਾਰਡਬੰਦੀ ਨੂੰ ਫਾਈਨਲ ਕੀਤਾ, ਉਦੋਂ ਉਨ੍ਹਾਂ ਦੇ ਮਨ ਵਿਚ ਇਕ ਫ਼ੀਸਦੀ ਵੀ ਇਹ ਖਿਆਲ ਨਹੀਂ ਸੀ ਕਿ ਜਲਦ ਹੀ ਇਨ੍ਹਾਂ ਸਾਰੇ ਨੇਤਾਵਾਂ ਤੋਂ ਪਾਵਰਫੁੱਲ ਨੇਤਾ ਦੀ ‘ਆਪ’ ਵਿਚ ਐਂਟਰੀ ਹੋਵੇਗੀ, ਜਿਨ੍ਹਾਂ ਦੇ ਸਾਹਮਣੇ ਫਾਈਨਲ ਕੀਤੀ ਜਾ ਚੁੱਕੀ ਵਾਰਡਬੰਦੀ ਵੀ ਕੋਈ ਮਾਇਨੇ ਨਹੀਂ ਰੱਖੇਗੀ।

ਇਹ ਵੀ ਪੜ੍ਹੋ - ਤੇਜ਼ ਹਵਾਵਾਂ ਚੱਲਣ ਮਗਰੋਂ ਪੰਜਾਬ ਦਾ ਮੌਸਮ ਲਵੇਗਾ ਕਰਵਟ, ਜਾਣੋ ਆਉਣ ਵਾਲੇ ਦਿਨਾਂ ਦੀ ਤਾਜ਼ਾ ਅਪਡੇਟ

ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਲੋਕ ਸਭਾ ਦੀ ਉਪ ਚੋਣ ਦੀ ਕਮਾਨ ਸਿੱਧੇ ਆਪਣੇ ਹੱਥ ਵਿਚ ਰੱਖੀ ਅਤੇ ਕਈ ਚੱਕਰ ਲਗਾ ਕੇ ਸ਼ਹਿਰ ਦੀ ਨਬਜ਼ ਨੂੰ ਪਛਾਣਿਆ, ਉਸ ਤੋਂ ਬਾਅਦ ਉਨ੍ਹਾਂ ਦੇ ਜਲੰਧਰ ਨੂੰ ਲੈ ਕੇ ਨਾ ਸਿਰਫ ਭਰਮ ਦੂਰ ਹੋਏ, ਸਗੋਂ ਉਨ੍ਹਾਂ ਵੱਲੋਂ ਅਜਿਹੇ ਸੰਦੇਸ਼ ਵੀ ਮਿਲ ਰਹੇ ਹਨ ਕਿ ਹੁਣ ਇਸ ਹਲਕੇ ਵਿਚ ਆਮ ਆਦਮੀ ਪਾਰਟੀ ਵਿਚ ਨਵੇਂ ਚੁਣੇ ਗਏ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਭੂਮਿਕਾ ਸਰਵਉੱਚ ਰਹੇਗੀ। ਇਸ ਹਿਸਾਬ ਨਾਲ ਹੁਣ ਫਾਈਨਲ ਹੋ ਚੁੱਕੀ ਵਾਰਡਬੰਦੀ ਬਾਰੇ ਫ਼ੈਸਲਾ ਵੀ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਹੀ ਲੈਣਾ ਹੈ। ਉਨ੍ਹਾਂ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਿਚ ਜਿਸ ਵਾਰਡਬੰਦੀ ਨੂੰ ਫਾਈਨਲ ਕੀਤਾ ਗਿਆ ਸੀ, ਉਸ ਵਿਚ ਸੁਸ਼ੀਲ ਰਿੰਕੂ ਸਮਰਥਕ ਨੇਤਾਵਾਂ ਦੇ ਵਾਰਡ ਟੁਕੜੇ-ਟੁਕੜੇ ਕਰ ਦਿੱਤੇ ਗਏ ਸਨ।
ਹੁਣ ਬਦਲ ਚੁੱਕੇ ਘਟਨਾਕ੍ਰਮ ਤਹਿਤ ਸੁਸ਼ੀਲ ਰਿੰਕੂ ਦੇ ਉਹੀ ਸਮਰਥਕ ‘ਆਪ’ ਲੀਡਰਸ਼ਿਪ ’ਤੇ ਵੀ ਹਾਵੀ ਹੋ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਸੰਸਦ ਮੈਂਬਰ ਸੁਸ਼ੀਲ ਰਿੰਕੂ ਆਪਣੇ ਸਮਰਥਕਾਂ ਨੂੰ ਐਡਜਸਟ ਕਰਨ ਲਈ ਨਵੀਂ ਵਾਰਡਬੰਦੀ ਵਿਚ ਬਦਲਾਅ ਕਰਨਗੇ ਅਤੇ ਇਹ ਬਦਲਾਅ 2-4 ਵਾਰਡਾਂ ਵਿਚ ਨਹੀਂ, ਸਗੋਂ ਦਰਜਨਾਂ ਵਾਰਡਾਂ ਵਿਚ ਹੋ ਸਕਦਾ ਹੈ।

ਰੱਦ ਹੋ ਸਕਦੀ ਹੈ 25 ਨੂੰ ਬੁਲਾਈ ਗਈ ਡੀਲਿਮਿਟੇਸ਼ਨ ਬੋਰਡ ਦੀ ਬੈਠਕ
ਇਸ ਦੌਰਾਨ ਜਲੰਧਰ ਨਿਗਮ ਦੀ ਵਾਰਡਬੰਦੀ ਨੂੰ ਫਾਈਨਲ ਕਰਨ ਲਈ ਪੰਜਾਬ ਸਰਕਾਰ ਨੇ ਡੀਲਿਮਿਟੇਸ਼ਨ ਬੋਰਡ ਦੀ ਬੈਠਕ 25 ਮਈ ਨੂੰ ਕਾਲ ਕਰ ਲਈ ਹੈ ਪਰ ਸੂਤਰ ਦੱਸਦੇ ਹਨ ਕਿ ਇਹ ਬੈਠਕ ਵੀ ਰੱਦ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਸੁਸ਼ੀਲ ਰਿੰਕੂ 25 ਮਈ ਤੱਕ ਨਵੀਂ ਵਾਰਡਬੰਦੀ ਨੂੰ ਫਾਈਨਲ ਨਹੀਂ ਕਰ ਸਕਣਗੇ। ਅਜਿਹੇ ਵਿਚ ਹੁਣ ਜਦਕਿ ਕਈ ਵਾਰਡਾਂ ਦੀਆਂ ਹੱਦਾਂ ਦਾ ਦੁਬਾਰਾ ਨਿਰਧਾਰਨ ਹੋਣਾ ਹੈ ਤਾਂ ਇਹੀ ਮੰਨਿਆ ਜਾ ਰਿਹਾ ਹੈ ਕਿ ਇਸ ਕੰਮ ਵਿਚ ਕੁਝ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ।

ਇਹ ਵੀ ਪੜ੍ਹੋ - ਜਲੰਧਰ ਪੁੱਜੇ CM ਮਾਨ ਬੋਲੇ, ਬਿਨ੍ਹਾਂ ਸਿਫ਼ਾਰਿਸ਼ ਨੌਜਵਾਨਾਂ ਨੂੰ ਦੇਵਾਂਗੇ ਨੌਕਰੀਆਂ, ਹਰ ਵਿਭਾਗ ਨੂੰ ਕਰਾਂਗੇ ਪਾਰਦਰਸ਼ੀ

ਮਹਿਲਾ, ਪੁਰਸ਼, ਐੱਸ. ਸੀ., ਬੀ. ਸੀ. ਅਤੇ ਜਨਰਲ ਵਾਰਡ ਬਣਾਉਣਾ ਮੁਸ਼ਕਲ ਭਰਿਆ ਕੰਮ
ਸੰਸਦ ਮੈਂਬਰ ਸੁਸ਼ੀਲ ਰਿੰਕੂ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨੇੜੇ ਹੋ ਗਏ ਹਨ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਆਗਾਮੀ ਨਿਗਮ ਚੋਣਾਂ ਵਿਚ ਟਿਕਟ ਵੰਡ ਦਾ ਕੰਮ ਵੀ ਸੁਸ਼ੀਲ ਰਿੰਕੂ ਦੇ ਹਵਾਲੇ ਹੀ ਹੋਵੇਗਾ। ਅਜਿਹੇ ਵਿਚ ਹੁਣ ਇਹ ਰਿੰਕੂ ਲਈ ਬਹੁਤ ਵੱਡੀ ਚੁਣੌਤੀ ਹੈ ਕਿ ਆਮ ਆਦਮੀ ਪਾਰਟੀ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਨਵੀਂ ਵਾਰਡਬੰਦੀ ਵਿਚ ਮਹਿਲਾ ਅਤੇ ਪੁਰਸ਼ ਰਿਜ਼ਰਵ ਵਾਰਡ, ਉਨ੍ਹਾਂ ਦੇ ਇਲਾਵਾ ਐੱਸ. ਸੀ., ਬੀ. ਸੀ. ਅਤੇ ਜਨਰਲ ਵਾਰਡ ਕਿਵੇਂ ਬਣਾਏ ਜਾਣ ਅਤੇ ਕਿਸ-ਕਿਸ ਨੇਤਾ ਨੂੰ ਕੌਂਸਲਰ ਦੀ ਟਿਕਟ ਦੇ ਕੇ ਉਸਨੂੰ ਇਨ੍ਹਾਂ ਵਾਰਡਾਂ ਵਿਚ ਐਡਜਸਟ ਕੀਤਾ ਜਾਵੇ।

ਇਹ ਵੀ ਪੜ੍ਹੋ - ਡਰੋਨ ਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਲਈ ਪੰਜਾਬ ਪੁਲਸ ਦਾ ਵੱਡਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News