ਜਲੰਧਰ ਨਗਰ ਨਿਗਮ ਪਹੁੰਚੀ ''ਕੈਗ'' ਆਡਿਟ ਵਾਲੀ ਟੀਮ

04/26/2018 12:38:21 PM

ਜਲੰਧਰ (ਖੁਰਾਣਾ)— ਸਰਕਾਰੀ ਸੰਸਥਾਵਾਂ ਦਾ ਆਡਿਟ ਕਰਨ ਵਾਲੀ 'ਕੈਗ' (ਕੰਪਟ੍ਰੋਲਰ ਐਂਡ ਆਡੀਟਰਜ਼ ਜਨਰਲ ਆਫ ਇੰਡੀਆ) ਦੀ ਟੀਮ ਜਲੰਧਰ ਨਗਰ ਨਿਗਮ ਪਹੁੰਚ ਗਈ ਹੈ ਅਤੇ ਇਸ ਟੀਮ ਨੇ ਨਗਰ ਨਿਗਮ ਦੇ ਅਕਾਊਂਟ ਆਫਿਸ ਅਤੇ ਸਾਰੇ ਵਿਭਾਗਾਂ ਦਾ ਆਡਿਟ ਸ਼ੁਰੂ ਕਰ ਦਿੱਤਾ ਹੈ। ਕੈਗ ਦੇ ਅਧਿਕਾਰੀਆਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲ ਕੇ ਆਡਿਟ ਕੀਤੇ ਜਾਣ ਵਾਲੇ ਰਿਕਾਰਡ ਨੂੰ ਤਲਬ ਕਰ ਲਿਆ ਹੈ। ਇਸ ਟੀਮ ਦੇ ਦੋ ਅਧਿਕਾਰੀਆਂ ਨੇ ਸਾਲਿਡ ਵੇਸਟ ਮੈਨੇਜਮੈਂਟ ਸਿਸਟਮ ਦਾ ਵਿਸ਼ੇਸ਼ ਆਡਿਟ ਸ਼ੁਰੂ ਕਰ ਦਿੱਤਾ ਹੈ, ਜਿਸ ਲਈ ਸੈਨੀਟੇਸ਼ਨ ਵਿਭਾਗ ਕੋਲੋਂ ਸਾਰਾ ਰਿਕਾਰਡ ਮੰਗਿਆ ਹੈ। ਜ਼ਿਕਰਯੋਗ ਹੈ ਕਿ ਨਿਗਮ ਨੇ ਕਈ ਸਾਲ ਪਹਿਲਾਂ ਜਿੰਦਲ ਕੰਪਨੀ ਨੂੰ ਵੇਸਟ ਮੈਨੇਜਮੈਂਟ ਪ੍ਰਾਜੈਕਟ ਅਲਾਟ ਕੀਤਾ ਸੀ, ਜਿਸ ਬਾਰੇ ਐਗਰੀਮੈਂਟ ਦੀ ਕਾਪੀ ਤੇ ਹੋਰ ਰਿਕਾਰਡ ਕੈਗ ਨੇ ਮੰਗਿਆ ਹੈ। ਇਸ ਤੋਂ ਇਲਾਵਾ ਨਿਗਮ ਦੀ ਵਰਕਸ਼ਾਪ, ਬੀ. ਐਂਡ. ਆਰ. ਓ. ਐਂਡ. ਐੱਮ. ਅਤੇ ਹੋਰ ਸ਼ਾਖਾਵਾਂ ਦਾ ਆਡਿਟ ਵੀ ਸ਼ੁਰੂ ਕਰ ਦਿੱਤਾ ਹੈ।
ਕੁਝ ਦਿਨਾਂ ਬਾਅਦ ਸ਼ੁਰੂ ਹੋਵੇਗਾ ਫੌਰੈਂਸਿਕ ਆਡਿਟ : ਨਗਰ ਨਿਗਮ ਵਿਚ ਕੁਝ ਦਿਨਾਂ ਬਾਅਦ ਹੀ ਫੌਰੈਂਸਿਕ ਆਡਿਟ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ  ਸਿੱਧੂ ਨੇ ਸਾਰੇ ਨਗਰ ਨਿਗਮਾਂ ਵਿਚ ਪਿਛਲੇ 10 ਸਾਲਾਂ ਦੌਰਾਨ ਹੋਏ ਕੰਮਾਂ ਦਾ ਫੌਰੈਂਸਿਕ ਆਡਿਟ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਅਜਿਹਾ ਆਡਿਟ ਅੰਮ੍ਰਿਤਸਰ ਵਿਚ ਚੱਲ ਰਿਹਾ ਹੈ ਤੇ ਉਥੋਂ ਟੀਮ ਜਲਦੀ ਹੀ ਨਿਗਮ ਆ ਰਹੀ ਹੈ।


Related News