ਕੈਨੇਡਾ ਇਮੀਗ੍ਰੇਸ਼ਨ ਅਧਿਕਾਰੀ ਨੇ ਮੁੰਡੇ ਨੂੰ ਪੁੱਛਿਆ 'ਆਰ. ਯੂ. ਮੈਰਿਡ', 'ਨੋ' ਕਹਿਣ 'ਤੇ ਵਾਪਸ ਭੇਜਿਆ ਭਾਰਤ

Friday, Feb 21, 2020 - 12:58 PM (IST)

ਕੈਨੇਡਾ ਇਮੀਗ੍ਰੇਸ਼ਨ ਅਧਿਕਾਰੀ ਨੇ ਮੁੰਡੇ ਨੂੰ ਪੁੱਛਿਆ 'ਆਰ. ਯੂ. ਮੈਰਿਡ', 'ਨੋ' ਕਹਿਣ 'ਤੇ ਵਾਪਸ ਭੇਜਿਆ ਭਾਰਤ

ਜਲੰਧਰ (ਸੁਧੀਰ) : ਵਿਦੇਸ਼ ਜਾਣ ਦੇ ਨਾਂ 'ਤੇ ਲੋਕਾਂ ਨੂੰ ਡਾਲਰਾਂ-ਪੌਂਡਾਂ ਦੇ ਸੁਨਹਿਰੀ ਸੁਪਨੇ ਦਿਖਾ ਕੇ ਲੱਖਾਂ ਕਰੋੜਾਂ ਦੀ ਠੱਗੀ ਕਰਨ ਦੇ ਕਈ ਮਾਮਲੇ ਤਾਂ ਅਕਸਰ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਪਰ ਅੱਜ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਫਰਜ਼ੀ ਏੇਜੰਟ ਨੇ ਜਿਊਲਰ ਦੇ ਬੇਟੇ ਦੇ ਫਰਜ਼ੀ ਦਸਤਾਵੇਜ਼ ਬਣਾ ਕੇ ਉਸ ਦਾ ਸੰਗਰੂਰ ਦੀ ਲੜਕੀ ਨਾਲ ਵਿਆਹ ਕਰਵਾ ਕੇ ਲੜਕੀ ਦੇ ਪਰਿਵਾਰ ਵਾਲਿਆਂ ਤੋਂ 25 ਲੱਖ ਰੁਪਏ ਲੈ ਕੇ ਲੜਕੀ ਨੂੰ ਕੈਨੇਡਾ ਭੇਜ ਦਿੱਤਾ।

ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਜਿਊਲਰ ਦਾ ਬੇਟਾ ਕੈਨੇਡਾ ਪਹੁੰਚਿਆ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਤੋਂ 3 ਵਾਰ ਪੁੱਛਿਆ ਆਰ. ਯੂ. ਮੈਰਿਡ ਉਸ ਵਲੋਂ ਨੋ ਕਹਿਣ 'ਤੇ ਉਸ ਨੂੰ ਕੈਨੇਡਾ ਏਅਰਪੋਟ 'ਤੇ ਹੀ ਹੱਥਕੜੀ ਲਗਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਏਅਰਪੋਟ 'ਤੇ ਅਚਾਨਕ ਹੱਥਕੜੀ ਲੱਗਣ 'ਤੇ ਜਿਊਲਰ ਦਾ ਬੇਟਾ ਵੀ ਘਬਰਾ ਗਿਆ ਕਿ ਉਸ ਨੇ ਅਜਿਹਾ ਕੀ ਕੀਤਾ ਕਿ ਉਸ ਨੂੰ ਹੱਥਕੜੀ ਲਗਾ ਦਿੱਤੀ ਗਈ, ਜਿਸ ਤੋਂ ਬਾਅਦ ਉਸ ਨੂੰ ਡਿਟੇਨ ਸੈਂਟਰ 'ਚ ਲਿਜਾਇਆ ਗਿਆ, ਜਿੱਥੇ ਉਸ ਨੇ ਕਿਹਾ ਕਿ ਉਹ ਮੈਰਿਡ ਨਹੀਂ ਹੈ ਜਦਕਿ ਅਹੁਦੇਦਾਰਾਂ ਨੇ ਕਿਹਾ ਕਿ ਉਹ ਝੂਠ ਬੋਲ ਰਿਹਾ ਹੈ ਕਿ ਉਹ ਮੈਰਿਡ ਹੈ, ਜਿਸ ਤੋਂ 24 ਘੰਟਿਆਂ ਬਾਅਦ ਉਸ ਨੂੰ ਭਾਰਤ ਦੀ ਨਵੀਂ ਟਿਕਟ ਦੇ ਕੇ ਉਸ ਨੂੰ ਭਾਰਤ ਡਿਪੋਰਟ ਕਰ ਕੇ ਵਾਪਸ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਵੀ ਹੋਸ਼ ਉਡ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਘਟਨਾ ਸਬੰਧੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਜਲੰਧਰ ਹਾਈਟਸ ਵਾਸੀ ਰਾਜੇਸ਼ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੀ ਸਤ ਕਰਤਾਰ ਮਾਰਕੀਟ 'ਚ ਅਰੋਮਾ ਜਿਊਲਰ ਦੇ ਨਾਂ ਦੀ ਦੁਕਾਨ ਹੈ ਅਤੇ ਉਨ੍ਹਾਂ ਦਾ ਬੇਟਾ 12ਵੀਂ ਪਾਸ ਹੈ ਅਤੇ ਉਹ ਸਨੂਕਰ ਗੇਮ ਦਾ ਨੈਸ਼ਨਲ ਖਿਡਾਰੀ ਵੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਾ ਹੋਇਆ ਸੀ ਅਤੇ 2 ਵਾਰ ਉਨ੍ਹਾਂ ਦਾ ਬੇਟਾ ਅਮਰੀਕਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਇਕ ਏਜੰਟ ਅਤੇ ਉਸ ਦੀ ਪਤਨੀ ਨੇ ਉਨ੍ਹਾਂ ਦੇ ਬੇਟੇ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ ਦਸਤਾਵੇਜ਼ ਲਏ ਅਤੇ ਕੁੱਝ ਸਮੇਂ ਬਾਅਦ ਹੀ ਉਸ ਦਾ ਕੈਨੇਡਾ ਦਾ ਵੀਜ਼ਾ ਲਗਵਾ ਕੇ ਪਾਸਪੋਰਟ ਵਾਪਸ ਕਰ ਦਿੱਤਾ। ਉਨ੍ਹਾਂ ਨਹੀਂ ਪਤਾ ਸੀ ਕਿ ਆਖਿਰਕਾਰ ਵੀਜਾ ਫਾਈਲ 'ਚ ਚਲਾਕ ਏਜੰਟ ਨੇ ਉਨ੍ਹਾਂ ਨਾਲ ਫਰਜ਼ੀਵਾੜਾ ਕੀਤਾ ਹੈ।

ਕੈਨੇਡਾ ਦੇ ਵਕੀਲ ਜ਼ਰੀਏ ਹੋਇਆ ਫਰਜ਼ੀ ਵਿਆਹ ਦਾ ਖੁਲਾਸਾ
ਪੀੜਤ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਸਚਾਈ ਜਾਣਨ ਲਈ ਆਪਣੇ ਰਿਸ਼ਤੇਦਾਰਾਂ ਰਾਹੀਂ ਕੈਨੇਡਾ 'ਚ ਵਕੀਲ ਹਾਇਰ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਕੈਨੇਡਾ ਸਰਕਾਰ ਤੋਂ ਸਾਰੇ ਦਸਤਾਵੇਜ਼ ਕਢਵਾਏ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਬੇਟਾ ਮੈਰਿਡ ਹੈ ਅਤੇ ਉਸ ਦੇ ਦਸਤਾਵੇਜ਼ਾਂ 'ਤੇ ਉਕਤ ਸ਼ਾਤਿਰ ਏਜੰਟ ਨੇ ਸੰਗਰੂਰ ਦੀ ਲੜਕੀ ਨਾਲ ਵਿਆਹ ਦਾ ਫਰਜ਼ੀ ਸਰਟੀਫਿਕੇਟ ਵੀ ਲਾਇਆ ਹੋਇਆ ਸੀ। ਜਿਸ ਨੂੰ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।

ਸ਼ਾਤਿਰ ਏਜੰਟ ਨੂੰ ਸਾਲ ਦੇ ਵੀਜ਼ੇ ਦਾ ਸੀ ਪਤਾ
ਪੀੜਤ ਜਦੋਂ ਮਾਮਲੇ ਨੂੰ ਲੈ ਕੇ ਉਕਤ ਲੜਕੀ ਦੇ ਸੰਗਰੂਰ ਪਤੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਉਕਤ ਸ਼ਾਤਿਰ ਏਜੰਟ ਨੇ ਲੜਕੀ ਦੇ ਪਰਿਵਾਰ ਤੋਂ 25 ਲੱਖ ਰੁਪਏ ਲਏ ਸਨ। ਜਿਸ ਤੋਂ ਬਾਅਦ ਸ਼ਾਤਿਰ ਏਜੰਟ ਨੇ ਲੜਕੀ ਦਾ ਵੀਜ਼ਾ ਲਗਾ ਕੇ ਉਸ ਨੂੰ ਕੈਨੇਡਾ ਭੇਜ ਦਿੱਤਾ ਅਤੇ ਇਮੀਗ੍ਰੇਸ਼ਨ 'ਚ ਪੁੱਛੇ ਜਾਣ ਵਾਲੇ ਸਵਾਲਾਂ ਦੇ ਬਾਰੇ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਸ਼ਾਤਿਰ ਏਜੰਟ ਨੂੰ ਪਤਾ ਸੀ ਕਿ ਲੜਕੇ ਕੋਲ ਅਮਰੀਕਾ ਦਾ 10 ਸਾਲ ਦਾ ਵੀਜ਼ਾ ਹੈ ਅਤੇ ਉਸ ਦਾ ਕੈਨੇਡਾ ਦਾ ਵੀਜ਼ਾ ਵੀ ਲੱਗ ਗਿਆ ਹੈ ਅਤੇ ਉਸ ਨੇ ਇਸ ਗੱਲ ਦਾ ਫਾਇਦਾ ਉਠਾਇਆ। ਸ਼ਾਤਿਰ ਏਜੰਟ ਨੇ ਅਜਿਹਾ ਡਰਾਮਾ ਰਚ ਕੇ 25 ਲੱਖ ਰੁਪਏ ਦੀ ਮੋਟੀ ਕਮਾਈ ਕਰ ਕੇ ਜਿਊਲਰ ਦੇ ਬੇਟੇ ਦੇ ਭਵਿੱਖ ਨੂੰ ਖ਼ਰਾਬ ਕਰ ਦਿੱਤਾ।

ਲੜਕੀ ਦਾ ਪਿਤਾ ਫੁਟ-ਫੁਟ ਕੇ ਰੋਇਆ, ਕਿਹਾ ਜ਼ਮੀਨ ਵੇਚ ਕੇ ਦਿੱਤੇ ਸਨ 25 ਲੱਖ
ਮਾਮਲੇ ਦੀ ਜਾਂਚ ਲਈ ਅੱਜ ਕਮਿਸ਼ਨਰ ਦਫਤਰ 'ਚ ਸੰਗਰੂਰ ਤੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਵੀ ਬੁਲਾਇਆ ਹੋਇਆ ਸੀ। ਲੜਕੀ ਦਾ ਪਿਤਾ ਬਿਲਕੁੱਲ ਭੋਲਾ ਸੀ। ਉਸ ਨੇ ਰੋਂਦੇ ਹੋਏ ਦੱਸਿਆ ਕਿ ਉਸ ਨੂੰ ਤਾਂ ਪਤਾ ਨਹੀਂ ਉਸ ਦੇ ਨਾਲ ਕੀ ਹੋਇਆ ਹੈ। ਉਸ ਨੇ ਦੱਸਿਆ ਕਿ ਲੜਕੀ ਨੇ ਵਿਦੇਸ਼ ਜਾਣਾ ਸੀ ਤਾਂ ਉਸ ਨੇ ਇਕ ਏਜੰਟ ਨੂੰ ਆਪਣੀ ਜ਼ਮੀਨ ਵੇਚ ਕੇ 25 ਲੱਖ ਰੁਪਏ ਦਿੱਤੇ ਅਤੇ ਉਸ ਨੂੰ ਵੀ ਪਤਾ ਨਹੀਂ ਸੀ ਕਿ ਜਿਊਲਰ ਦੇ ਬੇਟੇ ਨਾਲ ਉਸ ਦੀ ਬੇਟੀ ਦਾ ਫਰਜ਼ੀ ਵਿਆਹ ਏਜੰਟ ਨੇ ਰਚਾ ਕੇ ਆਪਣੀ ਜ਼ੇਬ 'ਚ 25 ਲੱਖ ਰੁਪਏ ਪਾ ਕੇ ਉਸ ਨਾਲ ਧੋਖਾ ਕੀਤਾ ਹੈ।

PunjabKesari

ਸ਼ਿਕਾਇਤ ਮਿਲੀ ਹੈ, ਮਾਮਲੇ ਦੀ ਜਾਂਚ ਤੋਂ ਬਾਅਦ ਹੋਵੇਗੀ ਸਖਤ ਕਾਰਵਾਈ, ਪੁਲਸ ਕਮਿਸ਼ਨਰ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਫਰਜ਼ੀ ਏਜੰਟਾਂ ਖਿਲਾਫ ਪਹਿਲਾਂ ਹੀ ਲਗਾਤਾਰ ਆਪਣਾ ਸ਼ਿਕੰਜਾ ਕੱਸਦੀ ਆ ਰਹੀ ਹੈ ਕਮਿਸ਼ਨਰੇਟ ਪੁਲਸ ਨੇ ਪਿਛਲੇ ਕੁਝ ਸਮੇਂ ਦੌਰਾਨ ਸ਼ਹਿਰ 'ਚ ਕਈ ਫਰਜ਼ੀ ਟ੍ਰੈਵਲ ਏਜੰਟਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਸੀਖਾਂ ਦੇ ਪਿੱਛੇ ਪਹੁੰਚਾਇਆ ਹੈ। ਉਨ੍ਹਾਂ ਨੇ ਲੋਕਾਂ ਤੋਂ ਵੀ ਅਪੀਲ ਕੀਤੀ ਕਿ ਲੋਕ ਕਾਨੂੰਨੀ ਤੌਰ 'ਤੇ ਹੀ ਵਿਦੇਸ਼ ਜਾਣ ਅਤੇ ਸਰਕਾਰ ਵਲੋਂ ਮਾਨਤਾ ਪ੍ਰਾਪਤ ਏਜੰਟਾਂ ਨਾਲ ਹੀ ਵਿਦੇਸ਼ ਜਾਣ ਸਬੰਧੀ ਜਾਣਕਾਰੀ ਹਾਸਲ ਕਰਨ ਜਾਂ ਫਿਰ ਵਿਦੇਸ਼ੀ ਅੰਬੈਸੀ ਦੀ ਸਰਕਾਰੀ ਵੈੱਬ ਸਾਈਟ 'ਤੇ ਜਾ ਕੇ ਜਾਣਕਾਰੀ ਹਾਸਲ ਕਰਨ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਨੋਟਿਸ 'ਚ ਆਇਆ ਹੈ ਜਿਸ ਦੀ ਜਾਂਚ ਏ. ਡੀ. ਸੀ. ਪੀ. ਹਰਪ੍ਰੀਤ ਸਿੰਘ ਬੈਨੀਪਾਲ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਵਲੋਂ ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾਵੇਗੀ। ਫਰਜੀ ਏਜੰਟਾਂ 'ਤੇ ਕਮਿਸ਼ਨਰੇਟ ਪੁਲਸ ਵਲੋਂ ਸ਼ਿਕੰਜਾ ਕੱਸਿਆ ਜਾਵੇਗਾ।


author

cherry

Content Editor

Related News