ਦਲਜੀਤ ਆਹਲੂਵਾਲੀਆ ਹੋਏ ਅਹੁਦਾ ਮੁਕਤ, ਹੁਣ ਡੀ. ਸੀ. ਸੰਭਾਲਣਗੇ ਇੰਪਰੂਵਮੈਂਟ ਟਰੱਸਟ ਚੇਅਰਮੈਨ ਦਾ ਕਾਰਜਭਾਰ

Thursday, Mar 31, 2022 - 02:58 PM (IST)

ਦਲਜੀਤ ਆਹਲੂਵਾਲੀਆ ਹੋਏ ਅਹੁਦਾ ਮੁਕਤ, ਹੁਣ ਡੀ. ਸੀ. ਸੰਭਾਲਣਗੇ ਇੰਪਰੂਵਮੈਂਟ ਟਰੱਸਟ ਚੇਅਰਮੈਨ ਦਾ ਕਾਰਜਭਾਰ

ਜਲੰਧਰ (ਚੋਪੜਾ)– ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਭੰਗ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਅਹੁਦਾ ਮੁਕਤ ਕਰ ਦਿੱਤੇ ਗਏ ਅਤੇ ਟਰੱਸਟ ਚੇਅਰਮੈਨ ਦਾ ਕਾਰਜਭਾਰ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੂੰ ਸੌਂਪ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਟਰੱਸਟ ਚੇਅਰਮੈਨ ਦਾ ਕੰਮਕਾਜ ਵੀ ਵੇਖਣਗੇ। ਇਸ ਦੇ ਨਾਲ ਹੀ ਪੰਜਾਬ ਦੀ ‘ਆਪ’ ਸਰਕਾਰ ਨੇ ਜਲੰਧਰ ਟਰੱਸਟ ਦੇ ਸਾਰੇ 6 ਟਰੱਸਟੀਆਂ ਕੌਂਸਲਰ ਪਵਨ ਕੁਮਾਰ, ਭੁਪਿੰਦਰ ਸਿੰਘ ਜੌਲੀ, ਕੌਂਸਲਰ ਮਨਮੋਹਨ ਸਿੰਘ ਰਾਜੂ, ਰਾਜੇਸ਼ ਭੱਟੀ, ਕੌਂਸਲਰ ਕਮਲੇਸ਼ ਗਰੋਵਰ ਅਤੇ ਜਸਵਿੰਦਰ ਸਿੰਘ ਬਿੱਲਾ ਦੀਆਂ ਸੇਵਾਵਾਂ ਵੀ ਖ਼ਤਮ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ 'ਚ ਯਾਦਵਿੰਦਰ ਯਾਦਾ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ

ਵਰਣਨਯੋਗ ਹੈ ਕਿ ਕੈਪਟਨ ਅਮਰਿੰਦਰ ਸਰਕਾਰ ਨੇ ਕਾਂਗਰਸ ਨਾਲ ਸਬੰਧਤ ਨੇਤਾ ਦਲਜੀਤ ਸਿੰਘ ਆਹਲੂਵਾਲੀਆ ਨੂੰ ਟਰੱਸਟ ਦਾ ਚੇਅਰਮੈਨ ਬਣਾਇਆ ਸੀ, ਜਿਸ ਉਪਰੰਤ ਨਗਰ ਨਿਗਮ ਦੇ 3 ਕਾਂਗਰਸੀ ਕੌਂਸਲਰਾਂ ਅਤੇ 3 ਹੋਰ ਕਾਂਗਰਸੀ ਨੇਤਾਵਾਂ ਨੂੰ ਟਰੱਸਟ ਦਾ ਟਰੱਸਟੀ ਬਣਾਇਆ ਗਿਆ ਸੀ ਪਰ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਬਣਨ ਉਪਰੰਤ ਸੂਬੇ ਭਰ ਦੇ ਟਰੱਸਟਾਂ ਵਿਚ ਆਉਣ ਵਾਲੀਆਂ ਸਿਆਸੀ ਨਿਯੁਕਤੀਆਂ ਦੀ ਰੱਦੋ-ਬਦਲ ਕਰਨ ਲਈ ਮੁੱਖ ਮੰਤਰੀ ਨੇ ਇਹ ਫ਼ੈਸਲਾ ਲਿਆ ਹੈ ਕਿਉਂਕਿ ਸੂਬੇ ਵਿਚ ਜਿਸ ਸਿਆਸੀ ਪਾਰਟੀ ਦੀ ਸਰਕਾਰ ਹੁੰਦੀ ਹੈ, ਟਰੱਸਟ ਸਮੇਤ ਹੋਰ ਬੋਰਡਾਂ ਅਤੇ ਨਿਗਮਾਂ ’ਤੇ ਉਸੇ ਪਾਰਟੀ ਦੇ ਨੇਤਾਵਾਂ ਨੂੰ ਅਹੁਦੇ ਦਿੱਤੇ ਜਾਂਦੇ ਹਨ। ਹੁਣ ਮੰਨਿਆ ਜਾ ਰਿਹਾ ਹੈ ਕਿ ਵਿਧਾਇਕਾਂ ਦੀ ਫੌਜ ਨੂੰ ਕੰਮ ਵੰਡਣ ਅਤੇ ਉਨ੍ਹਾਂ ਦੀ ਐਡਜਸਟਮੈਂਟ ਲਈ ਉਨ੍ਹਾਂ ਨੂੰ ਟਰੱਸਟ, ਬੋਰਡਾਂ ਅਤੇ ਨਿਗਮਾਂ ਦੀਆਂ ਚੇਅਰਮੈਨੀਆਂ ਦਿੱਤੀਆਂ ਜਾਣਗੀਆਂ। ਉਥੇ ਹੀ ਦਲਜੀਤ ਸਿੰਘ ਆਹਲੂਵਾਲੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੀਤੇ ਕੱਲ ਹੀ ਚੇਅਰਮੈਨ ਦੇ ਅਹੁਦੇ ਤੋਂ ਆਪਣਾ ਅਸਤੀਫਾ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਸੀ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਗਲੇ 1-2 ਦਿਨਾਂ ਵਿਚ ਚੇਅਰਮੈਨ ਦਾ ਰਸਮੀ ਤੌਰ ’ਤੇ ਕਾਰਜਭਾਰ ਸੰਭਾਲ ਲੈਣਗੇ।

PunjabKesari

ਇਹ ਵੀ ਪੜ੍ਹੋ: ਫਿਲੌਰ ਵਿਖੇ ਮਾਂ ਨੂੰ ਭਿਆਨਕ ਮੌਤ ਦੇਣ ਵਾਲੀ ਧੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਚੇਅਰਮੈਨ ਦੇ ਹਟਦੇ ਹੀ ਅਧਿਕਾਰੀਆਂ ਨੇ ਫੇਰੀਆਂ ਅੱਖਾਂ, ਤੁਰੰਤ ਹਟਾਈ ਆਹਲੂਵਾਲੀਆ ਦੀ ਨੇਮ ਪਲੇਟ
ਜਿਵੇਂ ਹੀ ਸਰਕਾਰ ਨੇ ਪੰਜਾਬ ਦੇ ਸਾਰੇ ਟਰੱਸਟਾਂ ਨੂੰ ਭੰਗ ਕਰਨ ਦਾ ਐਲਾਨ ਕੀਤਾ, ਉਸੇ ਸਮੇਂ ਟਰੱਸਟ ਅਧਿਕਾਰੀਆਂ ਨੇ ਵੀ ਆਪਣੀਆਂ ਅੱਖਾਂ ਫੇਰ ਲਈਆਂ। ਦਲਜੀਤ ਸਿੰਘ ਆਹਲੂਵਾਲੀਆ ਦੀ ਕੁਰਸੀ ਖੁੱਸਦੇ ਹੀ ਅਧਿਕਾਰੀਆਂ ਨੇ ਚੇਅਰਮੈਨ ਦਫਤਰ ਦੇ ਬਾਹਰ ਦਲਜੀਤ ਸਿੰਘ ਆਹਲੂਵਾਲੀਆ ਦੀ ਨੇਮ ਪਲੇਟ ਨੂੰ ਉਤਾਰ ਦਿੱਤਾ।

ਵਿਧਾਇਕ ਅੰਗੁਰਾਲ ਵੀ ਐਕਟਿਵ ਮੋਡ ’ਤੇ ਆਏ, ਟਰੱਸਟ ਦਫ਼ਤਰ ਪਹੁੰਚ ਕੇ ਕਿਹਾ-ਘਪਲਿਆਂ ਦੀ ਹੋਵੇਗੀ ਜਾਂਚ
ਇੰਪਰੂਵਮੈਂਟ ਟਰੱਸਟ ਦੇ ਭੰਗ ਹੋਣ ਤੋਂ ਬਾਅਦ ਵੈਸਟ ਹਲਕੇ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੀ ਐਕਟਿਵ ਮੋਡ ’ਤੇ ਆ ਗਏ ਹਨ। ਬੀਤੇ ਦਿਨ ਵਿਧਾਇਕ ਅੰਗੁਰਾਲ ਟਰੱਸਟ ਦਫ਼ਤਰ ਪਹੁੰਚੇ ਅਤੇ ਉਨ੍ਹਾਂ ਨੇ ਦਫ਼ਤਰ ਦੀਆਂ ਵੱਖ-ਵੱਖ ਬਰਾਂਚਾਂ ਦਾ ਨਿਰੀਖਣ ਕੀਤਾ, ਜਿਸ ਉਪਰੰਤ ਵਿਧਾਇਕ ਅੰਗੁਰਾਲ ਨੇ ਟਰੱਸਟ ਈ. ਓ. ਪਰਮਿੰਦਰ ਸਿੰਘ ਗਿੱਲ ਦੇ ਆਫਿਸ ਵਿਚ ਉਨ੍ਹਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਵਿਧਾਇਕ ਅੰਗੁਰਾਲ ਜਿਵੇਂ ਹੀ ਟਰੱਸਟ ਦਫ਼ਤਰ ਤੋਂ ਬਾਹਰ ਨਿਕਲਣ ਲੱਗੇ ਤਾਂ ਉਥੇ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ ਨੂੰ ਰੋਕ ਕੇ ਟਰੱਸਟ ਕੰਮਾਂ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਕ ਨੌਜਵਾਨ ਨੇ ਕਿਹਾ ਕਿ ਉਹ ਕਈ ਮਹੀਨਿਆਂ ਤੋਂ ਟਰੱਸਟ ਦਫ਼ਤਰ ਦੇ ਚੱਕਰ ਕੱਟ ਰਹੇ ਹਨ ਪਰ ਅਧਿਕਾਰੀ ਉਸਦਾ ਕੰਮ ਕਰਨ ਦੀ ਬਜਾਏ ਫਾਈਲ ਨਾ ਮਿਲਣ ਦਾ ਬਹਾਨਾ ਲਗਾ ਕੇ ਟਾਲ-ਮਟੋਲ ਕਰ ਰਹੇ ਹਨ, ਜਿਸ ’ਤੇ ਈ. ਓ. ਗਿੱਲ ਨੇ ਵਿਧਾਇਕ ਨੂੰ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ। ਜੇਕਰ ਫਾਈਲ ਨਾ ਮਿਲੀ ਤਾਂ ਜ਼ਿੰਮੇਵਾਰ ਅਧਿਕਾਰੀ ’ਤੇ ਐੱਫ਼. ਆਈ. ਆਰ. ਦਰਜ ਕਰਵਾਈ ਜਾਵੇਗੀ।
ਵਿਧਾਇਕ ਅੰਗੁਰਾਲ ਨੇ ਕਿਹਾ ਕਿ ਟਰੱਸਟ ਵਿਚ ਹੋਏ ਘਪਲਿਆਂ ਦਾ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਸਾਰੀਆਂ ਗੜਬੜੀਆਂ ਨਾਲ ਸਬੰਧਤ ਫਾਈਲਾਂ ਅਤੇ ਰਿਕਾਰਡ ਨੂੰ ਜਾਂਚਿਆ ਜਾਵੇਗਾ, ਜਿਸ ਉਪਰੰਤ ਉਹ ਘਪਲਿਆਂ ਵਾਲੀਆਂ ਫਾਈਲਾਂ ਨੂੰ ਲੈ ਕੇ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਕੋਲ ਜਾਣਗੇ। ਜੋ ਵੀ ਦੋਸ਼ੀ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਟਰੱਸਟ ਵਿਚ ਆਉਣ ਵਾਲੀ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਉਣ ਦਿੱਤੀ ਜਾਵੇ ਅਤੇ ‘ਆਪ’ ਸਰਕਾਰ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ।

ਇਹ ਵੀ ਪੜ੍ਹੋ: ਕੈਨੇਡਾ ਤੋਂ ਪੁੱਜੀ ਇਕਲੌਤੇ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News