2019 'ਚ ਆਨਰ ਕਿਲਿੰਗ ਦੀਆਂ ਇਨ੍ਹਾਂ ਖੌਫਨਾਕ ਘਟਨਾਵਾਂ ਨਾਲ ਦਹਿਲਿਆ ਪੰਜਾਬ

12/29/2019 9:35:58 AM

ਜਲੰਧਰ/ਅੰਮ੍ਰਿਤਸਰ : ਪੰਜਾਬ 'ਚ ਆਨਰ ਕਿਲਿੰਗ ਦੇ ਕਈ ਮਾਮਲੇ ਸਾਲ 2019 ਦੌਰਾਨ ਸਾਹਮਣੇ ਆਏ। ਝੂਠੀ ਅਣਖ ਖਾਤਰ ਜ਼ਿਆਦਾਤਰ ਮੁੰਡਿਆਂ-ਕੁੜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਇਨ੍ਹਾਂ ਦਾ ਕਸੂਰ ਸਿਰਫ ਇੰਨਾਂ ਸੀ ਕਿ ਇਨ੍ਹਾਂ ਨੇ ਪਿਆਰ ਕਰਨ ਦਾ ਗੁਨਾਹ ਕੀਤਾ ਸੀ। ਪਿਆਰ ਨੂੰ ਗੁਨਾਹ ਸ਼ਬਦ ਨਾਲ ਅਸੀਂ ਇਸ ਲਈ ਜੋੜ ਰਹੇ ਹਾਂ, ਕਿਉਂਕਿ ਪੰਜਾਬ ਹੀ ਨਹੀਂ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਆਨਰ ਕਿਲਿੰਗ ਜਿਹੀਆਂ ਰੂਹ ਕੰਬਾਅ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਛੋਟੀ ਉਮਰ 'ਚ ਮੌਤ ਜਿਹੀ ਸਜ਼ਾ ਦੇਣਾ ਆਖਰ ਕਿੱਥੋ ਦਾ ਇਨਸਾਫ ਹੈ? ਇਹ ਸਵਾਲ ਇਕ ਵੱਡਾ ਮੁੱਦਾ ਬਣ ਗਿਆ ਹੈ। ਅੱਜ ਅਸੀਂ ਤੁਹਾਨੂੰ ਸਾਲ 2019 'ਚ ਵਾਪਰੀਆਂ ਅਜਿਹੀਆਂ ਘਟਨਾਵਾਂ ਨਾਲ ਰੂ-ਬ-ਰੂ ਕਰਾਉਂਦੇ ਹਾਂ ਜੋ ਕਿ ਪੂਰੇ ਪੰਜਾਬ ਜ਼ਿਆਦਾਤਰ ਨੌਜਵਾਨ ਪੀੜ੍ਹੀ ਨੂੰ ਡੂੰਘੇ ਜ਼ਖਮ ਦੇ ਗਈਆਂ।

ਅੰਮ੍ਰਿਤਸਰ 'ਚ ਆਨਰ ਕਿਲਿੰਗ, ਧੀ ਦੇ ਪ੍ਰੇਮੀ ਨੂੰ ਕੀਤਾ ਕਤਲ
13 ਦਸੰਬਰ 2019 ਨੂੰ ਅੰਮ੍ਰਿਤਸਰ 'ਚ ਅਣਖ ਦੀ ਖਾਤਰ ਨਾਬਾਲਗ ਮੁੰਡੇ ਨੂੰ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ 16 ਸਾਲਾ ਅਕਾਸ਼ਦੀਪ ਦੇ ਆਪਣੇ ਗੁਆਂਢ 'ਚ ਰਹਿੰਦੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ  ਜੋ ਲੜਕੀ ਦੇ ਪਰਿਵਾਰ ਨੂੰ ਗਵਾਰਾ ਨਹੀਂ ਸਨ। ਪਰਿਵਾਰ ਮੁਤਾਬਕ ਬੀਤੇ ਦਿਨ ਆਕਾਸ਼ ਘਰੋਂ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਗਿਆ ਸੀ, ਜਿਥੇ ਰਸਤੇ 'ਚੋਂ ਹੀ ਕੁੜੀ ਦੇ ਪਰਿਵਾਰ ਨੇ ਉਸਨੂੰ ਅਗਵਾ ਕਰ ਲਿਆ ਤੇ ਘਰ ਲਿਆ ਕੇ ਉਸਨੂੰ ਕੁੱਟਮਰ ਕਰਨ ਮਗਰੋਂ ਕਤਲ ਕਰ ਦਿੱਤਾ ਗਿਆ।
PunjabKesari
ਸਮਾਣਾ 'ਚ ਪ੍ਰੇਮਿਕਾ ਨੂੰ ਮਿਲਣ ਗਏ ਨੌਜਵਾਨ ਦਾ ਕਤਲ
10 ਮਈ 2019 ਨੂੰ ਸਮਾਣਾ 'ਚ ਕੁੜੀ ਨੂੰ ਮਿਲਣ ਗਏ ਨੌਜਵਾਨ ਦਾ ਕੁੜੀ ਦੇ ਭਰਾਵਾਂ ਵਲੋਂ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ (24) ਪੁੱਤਰ ਲਖਵਿੰਦਰ ਸਿੰਘ ਪਿੰਡ ਖਾਨਪੁਰ ਗਾੜੀਆ ਦਾ ਫਤਿਹਮਾਜਰੀ ਪਿੰਡ ਦੀ ਇਕ ਲੜਕੀ ਨਾਲ ਪ੍ਰੇਮ-ਸਬੰਧ ਸੀ। ਰਾਤ ਕਰੀਬ 10 ਵਜੇ ਤੋਂ ਬਾਅਦ ਉਹ ਲੜਕੀ ਦੇ ਘਰ ਉਸ ਦੇ ਕਮਰੇ ਵਿਚ ਪੁੱਜਾ। ਇਸ ਦੌਰਾਨ ਲੜਕੀ ਦੇ ਭਰਾਵਾਂ ਨੂੰੰ ਨੌਜਵਾਨ ਦੇ ਘਰ ਆਉਣ ਸਬੰਧੀ ਜਾਣਕਾਰੀ ਮਿਲਣ 'ਤੇ ਉਨ੍ਹਾਂ ਨੇ ਕਮਰੇ ਵਿਚ ਪੁੱਜੇ ਅਮਰਜੀਤ ਸਿੰਘ ਨੂੰ ਕਾਬੂ ਕਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਨੌਜਵਾਨ ਨੂੰ ਬੇਹੋਸ਼ ਦੇਖ ਪਿੰਡ ਦੇ ਸਰਪੰਚ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
PunjabKesari
ਸਮਾਣਾ 'ਚ ਵਿਆਹੁਤਾ ਦਾ ਕਤਲ
ਸਮਾਣਾ ਦੇ ਪਿੰਡ ਘਿਓਰਾ 'ਚ ਪਰਿਵਾਰ ਦੇ ਖਿਲਾਫ ਜਾ ਕੇ ਮਰਜ਼ੀ ਨਾਲ ਲਵ-ਮੈਰਿਜ ਕਰਨ ਵਾਲੀ ਜੋਤੀ ਨਾਮ ਦੀ ਕੁੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸ ਦੇ ਪਤੀ ਗੁਰਜੰਟ ਨੇ ਦੱਸਿਆ ਕਿ ਉਨ੍ਹਾਂ ਦਾ 6 ਸਾਲ ਤੋਂ ਅਫੇਅਰ ਸੀ। ਉਹ ਮੋਹਾਲੀ 'ਚ ਕੰਮ ਕਰਦਾ ਸੀ ਅਤੇ ਜੋਤੀ ਸਕੂਲ ਜਾਂਦੀ ਸੀ। ਜੋਤੀ ਦੇ ਪਰਿਵਾਰ ਨੂੰ ਭਣਕ ਲੱਗ ਗਈ ਸੀ। 2019 ਦੀ ਫਰਵਰੀ 'ਚ ਜੋਤੀ ਨੂੰ ਪਰਿਵਾਰ ਨੇ ਓਮਾਨ ਭੇਜ ਦਿੱਤਾ ਸੀ। ਉੱਥੇ ਸ਼ੇਖ ਪਰੇਸ਼ਾਨ ਕਰਨ ਲੱਗਾ ਤਾਂ ਉਸ ਨੂੰ ਵਾਪਸ ਇੰਡੀਆ ਲਿਆਉਣ ਨੂੰ ਏਜੰਟ ਨੂੰ 1 ਲੱਖ ਰੁਪਏ ਦਿੱਤੇ। ਅਪ੍ਰੈਲ 'ਚ ਜੋਤੀ ਆ ਗਈ। 19 ਮਈ ਨੂੰ ਉਨ੍ਹਾਂ ਨੇ ਖਰੜ ਦੇ ਗੁਰਦੁਆਰਾ ਸਾਹਿਬ 'ਚ ਵਿਆਹ ਕੀਤਾ ਅਤੇ ਇਕੱਠੇ ਰਹਿਣ ਲੱਗੇ। ਜਦੋਂ ਜੋਤੀ ਦੇ ਪਰਿਵਾਰ ਨੂੰ ਭਣਕ ਲੱਗੀ ਤਾਂ ਪਰਿਵਾਰ ਨੇ ਪੰਚਾਇਤ ਤੌਰ 'ਤੇ ਜ਼ਬਰਨ ਤਲਾਕ ਕਰਵਾ ਦਿੱਤਾ। ਫਿਰ ਉਹ ਆਪਣੇ ਕੰਮ 'ਤੇ ਮੋਹਾਲੀ ਚਲਾ ਗਿਆ। ਜੋਤੀ ਪਰਿਵਾਰ ਦੇ ਨਾਲ ਰਹਿਣ ਲੱਗੀ। ਪਰਿਵਾਰ ਵਾਲੇ ਜੋਤੀ ਨੂੰ ਮਾਰਨ ਦੀ ਧਮਕੀ ਦਿੰਦੇ ਸਨ। ਇਹ ਦੱਸਣ 14 ਜੁਲਾਈ ਨੂੰ ਉਸ ਦੇ ਘਰ ਆਈ ਸੀ। ਇਹ ਪਤਾ ਚੱਲਦੇ ਹੀ ਜੋਤੀ ਦੇ ਪਰਿਵਾਰ ਨੇ ਉਸ ਨੂੰ ਮਾਰ ਦਿੱਤਾ।
PunjabKesari
ਮਾਨਸਾ 'ਚ ਅਣਖ ਖਾਤਰ ਕਤਲ ਕੀਤੀ ਗਰਭਵਤੀ ਭੈਣ, ਮਾਮੇ ਦੇ ਪੁੱਤ ਨੂੰ ਫਾਂਸੀ ਦੀ ਸਜ਼ਾ
2015 'ਚ ਹੋਈ ਆਨਰ ਕਿਲਿੰਗ ਮਾਮਲੇ ਦਾ 2019 'ਚ ਫੈਸਲਾ ਆਇਆ। ਸੈਸ਼ਨ ਜੱਜ ਨੇ ਦੋਸ਼ੀ ਨੂੰ ਫਾਸਾਂਦੀ ਸਜ਼ਾ ਸੁਣਾਉਂਦੇ ਹੋਏ ਬਾਕੀ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਮਾਮਲਾ ਮਾਨਸਾ ਦਾ ਹੈ, ਜਿਥੇ 2014 'ਚ ਦੋ ਅਧਿਆਪਕਾਂ ਨੇ ਪ੍ਰੇਮ ਵਿਆਹ ਕਰਵਾ ਲਿਆ ਸੀ। ਲੜਕੀ ਸਿਮਰਜੀਤ ਕੌਰ ਦੇ ਮਾਪਿਆਂ ਨੇ ਦੋਵਾਂ 'ਤੇ ਫਾਇਰਿੰਗ ਕਰਦਿਆਂ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜ਼ਖਮੀ ਹੋਏ ਲੜਕੇ ਗੁਰਪਿਆਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ। 4 ਸਾਲ ਚੱਲੇ ਇਸ ਕੇਸ 'ਚ ਅਦਾਲਤ ਨੇ ਗੋਲੀਆਂ ਮਾਰਨ ਵਾਲੇ ਮ੍ਰਿਤਕ ਦਾ ਮਾਮੇ ਦੇ ਪੁੱਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਤੇ ਬਾਕੀ 2 ਨੂੰ ਬਰੀ ਕਰ ਦਿੱਤਾ।  ਇਸ ਆਨਰ ਕਿਲਿੰਗ 'ਚ ਆਪਣੀ ਪਤਨੀ ਤੇ ਅਣਜੰਮੇ ਬੱਚੇ ਨੂੰ ਗੁਆਉਣ ਵਾਲਾ ਪੀੜਤ ਗੁਰਪਿਆਰ ਅਦਾਲਤ ਦੇ ਇਸ ਫੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਤੇ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕਹਿ ਰਿਹਾ।


Baljeet Kaur

Content Editor

Related News