ਕਰਫਿਊ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ
Monday, Apr 06, 2020 - 06:21 PM (IST)
ਜਲੰਧਰ (ਮਾਹੀ,ਗੋਪਾਲ) — ਜਲੰਧਰ ਨੇੜੇ ਪੈਂਦੇ ਪਿੰਡ ਪੰਡੋਰੀ ਜਗੀਰ 'ਚ ਕਰਫਿਊ ਦੌਰਾਨ ਪੁਲਸ ਮੁਲਾਜ਼ਮਾਂ 'ਤੇ ਪੈਟਰੋਲ ਸੁੱਟ ਕੇ ਅੱਗ ਲਾਉਣ ਦੀ ਖਬਰ ਮਿਲੀ ਹੈ। ਹਮਲੇ 'ਚ 'ਚ ਏ. ਐੱਸ. ਆਈ. ਸਰੂਪ ਸਿੰਘ ਅਤੇ ਹੋਮ ਗਾਰਡ ਦੇ ਮੁਲਾਜ਼ਮ ਰਛਪਾਲ ਸਿੰਘ ਝੁਲਸ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਦੋਵੇਂ ਮੁਲਾਜ਼ਮ ਨੂਰਮਹਿਲ ਥਾਣੇ 'ਚ ਤਾਇਨਤ ਹਨ। ਇਹ ਦੋਵੇਂ ਸੋਮਵਾਰ ਨੂੰ ਬਾਈਕ ਤੋਂ ਜਾ ਰਹੇ ਸਨ ਕਿ ਪਿੰਡ ਪੰਡੋਰੀ ਜਗੀਰ 'ਚ ਸੜਕ ਕੰਢੇ ਖੜ੍ਹੇ ਇਕ ਵਿਅਕਤੀ ਨੇ ਪੁਲਸ ਮੁਲਾਜ਼ਮਾਂ ਨੂੰ ਦੇਖ ਕੇ ਉਨ੍ਹਾਂ 'ਤੇ ਪੈਟਰੋਲ ਸੁੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਹਮਲੇ 'ਚ ਦੋਵੇਂ ਮੁਲਾਜ਼ਮ ਬੁਰੀ ਤਰ੍ਹਾਂ ਝੁਲਸ ਗਏ। ਪੁਲਸ ਨੇ ਬਾਅਦ 'ਚ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਮਲਾ ਕਰਨ ਵਾਲੇ ਦੀ ਪਛਾਣ ਦੇਸ ਰਾਜ ਪੁੱਤਰ ਤਾਰਾ ਚੰਦ ਦੇ ਰੂਪ 'ਚ ਹੋਈ ਹੈ, ਜੋਕਿ ਪੰਡੋਰੀ ਜਗੀਰ ਥਾਣਾ ਨੂਰਮਹਿਲ ਦਾ ਰਹਿਣ ਵਾਲਾ ਹੈ। ਪੁੱਛਗਿੱਛ 'ਚ ਦੇਸ ਰਾਜ ਨੇ ਦੱਸਿਆ ਕਿ ਉਸ ਨੇ ਇਹ ਹਮਲਾ ਰੰਜਿਸ਼ ਕਰਕੇ ਕੀਤਾ ਹੈ। ਉਸ ਨੇ ਪੁਲਸ ਮੁਲਾਜ਼ਮਾਂ 'ਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ।
ਡਾਕਟਰਾਂ ਅਨੁਸਾਰ 24 ਫੀਸਦੀ ਝੁਲਸ ਗਿਆ ਹੈ ਜਦਕਿ ਏ. ਐੱਸ. ਆਈ. ਸਰੂਪ ਸਿੰਘ ਵਾਲ-ਵਾਲ ਬਚ ਗਿਆ। ਰਸ਼ਪਾਲ ਸਿੰਘ ਨੂੰ ਨੂਰਮਹਿਲ ਤੋਂ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਦੇਸ ਰਾਜ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਨ੍ਹਾਂ ਦੋਹਾਂ ਮੁਲਾਜ਼ਮਾਂ ਨੇ ਉਸ ਨੂੰ ਬੇ-ਇਜ਼ੱਤ ਕੀਤਾ ਸੀ, ਜਿਸ ਦੀ ਰੰਜਿਸ਼ ਵਜੋਂ ਉਸ ਨੇ ਇਹ ਕੰਮ ਕੀਤਾ। ਪੁਲਸ ਨੇ ਦੋਸ਼ੀ ਦੇਸ ਰਾਜ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਭਾਰਤੀ ਦੰਡਾਵਲੀ ਦੀ ਧਾਰਾ 307, 353, 186, 188, 427 ਦੇ ਤਹਿਤ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।