ਜਲੰਧਰ ਨਿਗਮ ਨੇ ਅੰਦਰੂਨੀ ਬਾਜ਼ਾਰ ’ਚ ਤੋੜਿਆ ਨਾਜਾਇਜ਼ ਨਿਰਮਾਣ, ਬਾਕੀਆਂ ’ਤੇ ਕਾਰਵਾਈ ਦੀ ਤਲਵਾਰ ਲਟਕੀ

Saturday, Apr 22, 2023 - 11:20 AM (IST)

ਜਲੰਧਰ ਨਿਗਮ ਨੇ ਅੰਦਰੂਨੀ ਬਾਜ਼ਾਰ ’ਚ ਤੋੜਿਆ ਨਾਜਾਇਜ਼ ਨਿਰਮਾਣ, ਬਾਕੀਆਂ ’ਤੇ ਕਾਰਵਾਈ ਦੀ ਤਲਵਾਰ ਲਟਕੀ

ਜਲੰਧਰ (ਖੁਰਾਣਾ)– ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਸ਼ੁੱਕਰਵਾਰ ਤੜਕਸਾਰ ਅੰਦਰੂਨੀ ਬਾਜ਼ਾਰ ਸੈਦਾਂ ਗੇਟ ਵਿਚ ਕਾਰਵਾਈ ਕਰਕੇ ਇਕ ਨਾਜਾਇਜ਼ ਨਿਰਮਾਣ ਨੂੰ ਡਿੱਚ ਮਸ਼ੀਨ ਦੀ ਸਹਾਇਤਾ ਨਾਲ ਤੋੜ ਦਿੱਤਾ। ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਨਿਰਦੇਸ਼ਾਂ ’ਤੇ ਹੋਈ ਇਸ ਕਾਰਵਾਈ ਦੀ ਅਗਵਾਈ ਏ. ਟੀ. ਪੀ. ਸੁਸ਼ਮਾ ਦੁੱਗਲ ਅਤੇ ਸੁਖਦੇਵ ਵਸ਼ਿਸ਼ਟ ਨੇ ਕੀਤੀ। ਜ਼ਿਕਰਯੋਗ ਹੈ ਕਿ ਨਿਗਮ ਨੇ ਪਹਿਲਾਂ ਵੀ ਇਸ ਨਿਰਮਾਣ ਦਾ ਕੰਮ ਰੁਕਵਾਇਆ ਸੀ ਪਰ ਉਸ ਦੇ ਬਾਵਜੂਦ ਉਥੇ ਸ਼ਟਰ ਲਾ ਦਿੱਤੇ ਗਏ, ਜਿਸ ਤੋਂ ਬਾਅਦ ਨਿਗਮ ਨੇ ਨਾ ਸਿਰਫ਼ ਉਥੇ ਸ਼ਟਰ ਉਖਾੜ ਦਿੱਤੇ, ਸਗੋਂ ਕੰਧਾਂ ਅਤੇ ਪਿੱਲਰ ਨੂੰ ਵੀ ਨੁਕਸਾਨ ਪਹੁੰਚਾਇਆ।

2 ਵਾਰ ਡਿੱਚ ਚੱਲਣ ਦੇ ਬਾਵਜੂਦ ਫਿਰ ਤਿਆਰ ਹੋ ਗਈ ਬਿਲਡਿੰਗ
ਨਿਗਮ ਕੋਲ ਅੱਜ ਸ਼ਿਕਾਇਤ ਪਹੁੰਚੀ ਕਿ ਇਕ ਪਾਸੇ ਤਾਂ ਬਿਲਡਿੰਗ ਵਿਭਾਗ ਨਾਜਾਇਜ਼ ਨਿਰਮਾਣਾਂ ’ਤੇ ਡਿੱਚ ਚਲਾ ਰਿਹਾ ਹੈ ਪਰ ਜਿਸ ਨਿਰਮਾਣ ’ਤੇ 2 ਵਾਰ ਡਿੱਚ ਚਲਾਈ ਗਈ, ਉਥੇ ਬਿਲਡਿੰਗ ਦਾ ਫਿਰ ਨਿਰਮਾਣ ਕਰ ਲਿਆ ਗਿਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਲਾਡੋਵਾਲੀ ਰੋਡ ’ਤੇ ਸੰਤ ਨਗਰ ਵਿਚ ਫਾਟਕ ਦੇ ਨੇੜੇ ਬਣੀ ਬਿਲਡਿੰਗ ਦੇ ਫਰੰਟ ਹਿੱਸੇ ਨੂੰ ਨਿਗਮ ਦੀਆਂ ਡਿੱਚ ਮਸ਼ੀਨਾਂ ਨੇ 2 ਵਾਰ ਬੁਰੀ ਤਰ੍ਹਾਂ ਨਾਲ ਤੋੜਿਆ ਸੀ ਪਰ ਇਸਦੇ ਬਾਵਜੂਦ ਨਾ ਸਿਰਫ ਫਰੰਟ ਵਾਲੇ ਹਿੱਸੇ ’ਤੇ ਫਿਰ ਪੌੜੀਆਂ ਆਦਿ ਦਾ ਨਿਰਮਾਣ ਕਰ ਲਿਆ ਗਿਆ ਹੈ, ਸਗੋਂ ਉਥੇ ਸ਼ਟਰ ਤੱਕ ਲਾ ਦਿੱਤੇ ਗਏ।

PunjabKesari

ਇਹ ਵੀ ਪੜ੍ਹੋ :  ਜਲੰਧਰ ਦੇ ਇਸ ਇਲਾਕੇ 'ਚ ਚੱਲ ਰਿਹੈ ਦੇਹ ਵਪਾਰ ਦਾ ਧੰਦਾ, ਸਟਿੰਗ ਆਪ੍ਰੇਸ਼ਨ ਦੌਰਾਨ ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ

ਪੁਰਾਣੀਆਂ ਹਵੇਲੀਆਂ ’ਚ ਫਿਰ ਸ਼ੁਰੂ ਹੋਏ ਕਮਰਸ਼ੀਅਲ ਨਿਰਮਾਣ
ਕੁਝ ਸਮਾਂ ਪਹਿਲਾਂ ਕਾਂਗਰਸ ਸਰਕਾਰ ਦੌਰਾਨ ਸ਼ਹਿਰ ਵਿਚ ਇਕ ਅਜਿਹਾ ਮਾਫੀਆ ਉਭਰਿਆ ਸੀ, ਜਿਸ ਨੇ ਪੁਰਾਣੀਆਂ ਹਵੇਲੀਆਂ ਅਤੇ ਮੱਡ ਹਾਊਸ ਆਦਿ ਨੂੰ ਸਸਤੇ ਵਿਚ ਖ਼ਰੀਦ ਕੇ ਉਥੇ ਕਮਰਸ਼ੀਅਲ ਮਾਰਕੀਟ ਅਤੇ ਦੁਕਾਨਾਂ ਆਦਿ ਦਾ ਨਿਰਮਾਣ ਕਰਕੇ ਕਰੋੜਾਂ ਰੁਪਏ ਕਮਾਏ ਅਤੇ ਨਿਗਮ ਨੂੰ ਕਾਫੀ ਚੂਨਾ ਲਾਇਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਅਦ ਵੀ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਿਗਮ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਫਗਵਾੜਾ ਗੇਟ ਇਲਾਕੇ ਤੋਂ ਬਾਅਦ ਹੁਣ ਵਿਕਰਮਪੁਰਾ ਇਲਾਕੇ ਵਿਚ ਇਹ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਉਥੇ ਕਿਰਨ ਬੁੱਕ ਸ਼ਾਪ ਦੇ ਸਾਹਮਣੇ ਅਤੇ ਆਹਲੂਵਾਲੀਆ ਬਿਲਡਿੰਗ ਦੇ ਬਿਲਕੁਲ ਪਿੱਛੇ ਗਲੀ ਵਿਚ ਪੁਰਾਣੀ ਹਵੇਲੀ ਨੂੰ ਤੋੜ ਕੇ ਉਥੇ ਦੁਕਾਨ ਆਦਿ ਬਣਾਉਣ ਦਾ ਕੰਮ ਚੱਲ ਰਿਹਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਨਿਗਮ ਅਧਿਕਾਰੀ ਕਾਰਵਾਈ ਕਰਨ ਦੇ ਮਾਮਲੇ ਵਿਚ ਪੱਖਪਾਤ ਕਰ ਰਹੇ ਹਨ।

PunjabKesari

ਅਗਰਵਾਲ ਸਟਰੀਟ ਵਿਚ ਬਣੀ ਬਿਲਡਿੰਗ ’ਤੇ ਵੀ ਕਾਰਵਾਈ ਨਹੀਂ ਕਰ ਰਿਹਾ ਨਿਗਮ
ਪ੍ਰਤਾਪ ਬਾਗ ਸਥਿਤ ਅਗਰਵਾਲ ਸਟਰੀਟ ਨਿਵਾਸੀ ਅਨਿਲ ਕੁਮਾਰ ਜੈਨ ਨੇ ਦੋਸ਼ ਲਾਇਆ ਕਿ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀ ਪਿਛਲੇ 6 ਸਾਲਾਂ ਤੋਂ ਉਨ੍ਹਾਂ ਦੀ ਗਲੀ ਵਿਚ ਬਣੀ ਉਸ ਨਾਜਾਇਜ਼ ਬਿਲਡਿੰਗ ’ਤੇ ਕੋਈ ਕਾਰਵਾਈ ਨਹੀਂ ਕਰ ਰਹੇ, ਜਿਥੇ ਫਿਲਹਾਲ ਫਲੈਕਸ ਬੋਰਡ ਬਣਾਉਣ ਦਾ ਕਾਰੋਬਾਰ ਚੱਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਿਲਡਿੰਗ ਬਾਰੇ ਸੀਲਿੰਗ ਦੇ ਹੁਕਮ ਹੋ ਚੁੱਕੇ ਹਨ ਪਰ ਹੇਠਲੇ ਪੱਧਰ ਦੇ ਅਧਿਕਾਰੀ ਫਾਈਲ ਨੂੰ ਕਮਿਸ਼ਨਰ ਤੱਕ ਪਹੁੰਚਣ ਹੀ ਨਹੀਂ ਦੇ ਰਹੇ, ਜਿਸ ਕਾਰਨ ਮਿਲੀਭੁਗਤ ਦਾ ਖਦਸ਼ਾ ਜਾਪ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਬਿਲਡਿੰਗ ਨੂੰ ਨਿਗਮ ਨੇ ਜਿਹੜੇ ਨੋਟਿਸ ਕੱਢੇ ਹੋਏ ਹਨ, ਉਨ੍ਹਾਂ ਵਿਚ ਸਾਫ਼ ਕਿਹਾ ਗਿਆ ਹੈ ਕਿ ਰਿਹਾਇਸ਼ੀ ਨਕਸ਼ਾ ਪਾਸ ਕਰ ਕੇ ਨਾ ਸਿਰਫ਼ ਕਮਰਸ਼ੀਅਲ ਨਿਰਮਾਣ ਕੀਤਾ ਗਿਆ ਹੈ, ਸਗੋਂ ਨਾਜਾਇਜ਼ ਢੰਗ ਨਾਲ ਬੇਸਮੈਂਟ ਵੀ ਪੁੱਟ ਲਈ ਗਈ ਹੈ ਅਤੇ ਰਜਿਸਟਰੀ ਤੋਂ ਵਾਧੂ ਜਗ੍ਹਾ ਵੀ ਸ਼ਾਮਲ ਕਰ ਲਈ ਗਈ ਹੈ। ਅਨਿਲ ਜੈਨ ਦਾ ਦੋਸ਼ ਹੈ ਕਿ ਇਸ ਨਿਰਮਾਣ ਕਾਰਨ ਉਨ੍ਹਾਂ ਦੇ ਘਰ ਦੀਆਂ ਕੰਧਾਂ ਵਿਚ ਤਰੇੜਾਂ ਆ ਚੁੱਕੀਆਂ ਹਨ ਪਰ ਨਿਗਮ ਅਧਿਕਾਰੀ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰ ਰਹੇ।

ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਕੈਨੇਡਾ ’ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News