ਜਲੰਧਰ ਦੇ ਸਿਵਲ ਹਸਪਤਾਲ ''ਚ ਚੌਥੇ ਦਰਜੇ ਦੇ ਕਰਮਚਾਰੀ ਨਿਭਾਉਂਦੇ ਨੇ ਡਾਕਟਰ ਦੀ ਡਿਊਟੀ
Thursday, Jun 13, 2019 - 07:00 PM (IST)

ਜਲੰਧਰ (ਸੋਨੂੰ)— ਪੰਜਾਬ ਸਰਕਾਰ ਭਾਵੇਂ ਸੂਬੇ 'ਚ ਚੰਗੀਆਂ ਸਿਹਤ ਸਹੂਲਤਾਂ ਦੇ ਦਾਅਵੇ ਕਰ ਰਹੀ ਹੈ ਪਰ ਕੁਝ ਸਰਕਾਰੀ ਹਸਪਤਾਲਾਂ 'ਚ ਜੋ ਕੁਝ ਹੋ ਰਿਹਾ ਹੈ, ਉਹ ਸਰਕਾਰੀ ਦਾਅਵਿਆਂ ਉਤੇ ਸਵਾਲ ਖੜ੍ਹੇ ਕਰ ਰਿਹਾ ਹੈ। ਅਜਿਹਾ ਹੀ ਮਾਮਲਾ ਜਲੰਧਰ ਦੇ ਸਿਵਲ ਹਸਪਤਾਲ 'ਚੋਂ ਸਾਹਮਣੇ ਆਇਆ ਹੈ, ਜਿੱਥੇ ਚੌਥੇ ਦਰਜੇ ਦੇ ਕਰਮਚਾਰੀ ਡਾਕਟਰ ਦੀ ਸੇਵਾ ਨਿਭਾਅ ਰਹੇ ਹਨ। ਕਰਮਚਾਰੀ ਜ਼ਖਮੀਆਂ ਨੂੰ ਟਾਂਕੇ ਲਗਾਉਣ ਤੋਂ ਲੈ ਕੇ ਹਰ ਤਰ੍ਹਾਂ ਦੇ ਇਲਾਜ ਕਰ ਰਿਹਾ ਹੈ।
ਜਾਣਕਾਰੀ ਮੁਤਾਬਕ ਸਿਵਲ ਹਸਪਤਾਲ 'ਚ ਇਕ ਜ਼ਖਮੀ ਵਿਅਕਤੀ ਨੂੰ ਮਾਈਨਰ ਆਪਰੇਸ਼ਨ ਥੀਏਟਰ 'ਚ ਇਲਾਜ ਲਈ ਲਿਜਾਇਆ ਗਿਆ। ਉਥੇ ਡਾਕਟਰ ਨਾ ਹੋਣ 'ਤੇ ਚੌਥੇ ਦਰਜੇ ਦੇ ਕਰਮਚਾਰੀ ਨੇ ਮਰੀਜ਼ ਨੂੰ ਟਾਂਕੇ ਲਗਾਉਣ ਦੀ ਸੇਵਾ ਨਿਭਾਈ। ਇਸ ਸਬੰਧੀ ਜਦੋਂ ਮੈਡੀਕਲ ਸੁਪਰਡੈਂਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ। ਹੁਣ ਉਹ ਗੰਭੀਰਤਾ ਨਾਲ ਇਸ ਮਾਮਲੇ 'ਤੇ ਕਾਰਵਾਈ ਕਰੇਗੀ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਿਵਲ ਹਸਪਤਾਲ 'ਚ ਦੇਖਣ ਨੂੰ ਮਿਲ ਰਹੇ ਹਨ, ਜਿੱਥੇ ਮਰੀਜ਼ਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਰੀਜ਼ਾਂ ਨੂੰ ਪਰਚੀ ਬਨਵਾਉਣ ਲਈ ਲੰਬੀ ਲਾਈਨਾਂ 'ਚ ਲੱਗਣਾ ਪੈਂਦਾ ਹੈ।