ਲਓ ਜੀ ਕਰ ਲਓ ਗੱਲ, ਜਲੰਧਰ ਸਿਵਲ ਹਸਪਤਾਲ ਦਾ ਕਰਮਚਾਰੀ ਹੀ ਲੈ ਕੇ ਭੱਜ ਗਿਆ ਕੋਵਿਡ ਵੈਕਸੀਨ ਦੀਆਂ 30 ਡੋਜ਼ਾਂ

08/14/2021 3:21:54 PM

ਜਲੰਧਰ (ਰੱਤਾ)– ਕੋਰੋਨਾ ਵੈਕਸੀਨੇਸ਼ਨ ਮੁਹਿੰਮ ਤਹਿਤ ਵੈਕਸੀਨ ਲਵਾਉਣ ਵਾਲਿਆਂ ਵਿਚ ਉਂਝ ਹੀ ਇਨ੍ਹੀਂ ਦਿਨੀਂ ਭੱਜ-ਦੌੜ ਲੱਗੀ ਹੋਈ ਹੈ ਅਤੇ ਵੈਕਸੀਨ ਲੁਆਉਣ ਲਈ ਲੋਕ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ। ਅਜਿਹੇ ਵਿਚ ਵੈਕਸੀਨ ਲੁਆਉਣਾ ਜਿੱਥੇ ਕੋਈ ਜੰਗ ਜਿੱਤਣ ਦੇ ਬਰਾਬਰ ਮੰਨਿਆ ਜਾ ਰਿਹਾ ਹੈ, ਉਥੇ ਹੀ ਕੁਝ ਕਰਮਚਾਰੀ ਇਸ ਮੌਕੇ ਨੂੰ ਭੁਨਾਉਣ ਤੋਂ ਵੀ ਬਾਜ਼ ਨਹੀਂ ਆ ਰਹੇ। ਜੀ ਹਾਂ, ਇਹ ਗੱਲ ਬਿਲਕੁਲ ਸੱਚ ਹੈ। ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਦਾ ਦਰਜਾ ਚਾਰ ਕਰਮਚਾਰੀ ਕੋਵਿਡ ਵੈਕਸੀਨ ਦੀਆਂ 3 ਵਾਇਲਜ਼ (ਲਗਭਗ 30 ਡੋਜ਼) ਲੈ ਕੇ ਭੱਜ ਗਿਆ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਕਰੀਬ 2 ਹਜ਼ਾਰ ਮੁਲਾਜ਼ਮ ਕਰਨਗੇ ਜਲੰਧਰ ਸ਼ਹਿਰ ਦੀ ਰਖਵਾਲੀ, ਸਟੇਡੀਅਮ ਸੀਲ

ਸਿਹਤ ਮਹਿਕਮੇ ਦੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿਵਲ ਹਸਪਤਾਲ ਸਥਿਤ ਨਰਸਿੰਗ ਇੰਸਟੀਚਿਊਟ ਵਿਚ ਮਹਿਕਮੇ ਵੱਲੋਂ ਬਣਾਏ ਗਏ ਵੈਕਸੀਨੇਸ਼ਨ ਸੈਂਟਰ ’ਚ ਡਿਊਟੀ ’ਤੇ ਤਾਇਨਾਤ ਇਕ ਦਰਜਾ ਚਾਰ ਕਰਮਚਾਰੀ ਨੂੰ ਜਦੋਂ ਸਟਾਫ਼ ਨੇ ਸਟੋਰ ਵਿਚੋਂ ਵੈਕਸੀਨ ਲੈਣ ਲਈ ਭੇਜਿਆ ਤਾਂ ਉਹ ਉਥੋਂ ਵੈਕਸੀਨ ਤਾਂ ਲੈ ਆਇਆ ਪਰ ਵੈਕਸੀਨੇਸ਼ਨ ਸੈਂਟਰ ਵਿਚ ਵੈਕਸੀਨ ਦੇਣ ਦੀ ਥਾਂ 3 ਵਾਇਲਜ਼ ਉਸ ਨੇ ਆਪਣੀ ਜੇਬ ਵਿਚ ਪਾ ਲਈਆਂ ਅਤੇ ਘਰ ਨੂੰ ਚਲਾ ਗਿਆ। ਕਾਫ਼ੀ ਦੇਰ ਤੱਕ ਜਦੋਂ ਵੈਕਸੀਨੇਸ਼ਨ ਸੈਂਟਰ ਵਿਚ ਵੈਕਸੀਨ ਨਾ ਆਈ ਤਾਂ ਇੰਚਾਰਜ ਡਾ. ਇੰਦੂ ਨੇ ਸਟੋਰ ਵਿਚ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਦਰਜਾ ਚਾਰ ਕਰਮਚਾਰੀ ਵੈਕਸੀਨ ਲੈ ਕੇ ਕਾਫ਼ੀ ਸਮਾਂ ਪਹਿਲਾਂ ਉਥੋਂ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ 'ਤੇ ਜਲੰਧਰ ਦੇ ਕਈ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਵੱਲੋਂ ਜਾਰੀ ਹੋਇਆ ਰੂਟ ਪਲਾਨ

ਡਾ. ਇੰਦੂ ਨੇ ਤੁਰੰਤ ਚੌਕਸੀ ਵਰਤਦਿਆਂ ਵੈਕਸੀਨੇਸ਼ਨ ਸੈਂਟਰ ਵਿਚ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਉਕਤ ਦਰਜਾ ਚਾਰ ਕਰਮਚਾਰੀ ਨੂੰ ਲੱਭਣ ਲਈ ਭੇਜਿਆ। ਪੁਲਸ ਕਰਮਚਾਰੀ ਜਦੋਂ ਉਕਤ ਦਰਜਾ ਚਾਰ ਕਰਮਚਾਰੀ ਦੇ ਘਰ ਪੁੱਜੇ ਤਾਂ ਉਥੋਂ ਨਾ ਸਿਰਫ ਕਰਮਚਾਰੀ ਸਗੋਂ ਵੈਕਸੀਨ ਵੀ ਬਰਾਮਦ ਹੋ ਗਈ। ਪਤਾ ਲੱਗਾ ਹੈ ਕਿ ਡਾ. ਇੰਦੂ ਨੇ ਇਸ ਸਬੰਧੀ ਸਿਵਲ ਸਰਜਨ ਅਤੇ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਇਕ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ।

ਈਮਾਨਦਾਰ ਅਧਿਕਾਰੀਆਂ ਦੇ ਅਕਸ ਨੂੰ ਧੁੰਦਲਾ ਕਰ ਰਹੇ ਹਨ ਅਜਿਹੇ ਕਰਮਚਾਰੀ!
ਕੋਰੋਨਾ ਵੈਕਸੀਨੇਸ਼ਨ ਮੁਹਿੰਮ ਨੂੰ ਬੜੇ ਸੁਚਾਰੂ ਢੰਗ ਨਾਲ ਚਲਾ ਰਹੇ ਡਾ. ਇੰਦੂ ਵਰਗੀ ਈਮਾਨਦਾਰ ਅਧਿਕਾਰੀ ਦੇ ਅਕਸ ਨੂੰ ਉਕਤ ਦਰਜਾ ਚਾਰ ਵਰਗੇ ਕਰਮਚਾਰੀ ਧੁੰਦਲਾ ਕਰ ਰਹੇ ਹਨ। ਵਰਣਨਯੋਗ ਕਿ ਜਦੋਂ ਤੋਂ ਡਾ. ਇੰਦੂ ਨੇ ਸਿਵਲ ਹਸਪਤਾਲ ਸਥਿਤ ਨਰਸਿੰਗ ਸਕੂਲ ਵਿਚ ਬਣਾਏ ਗਏ ਵੈਕਸੀਨੇਸ਼ਨ ਸੈਂਟਰ ਦੀ ਕਮਾਨ ਆਪਣੇ ਹੱਥਾਂ ਵਿਚ ਸੰਭਾਲੀ ਹੈ, ਉਦੋਂ ਤੋਂ ਵੈਕਸੀਨੇਸ਼ਨ ਦਾ ਕੰਮ ਬੜੇ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਅਜਿਹੇ ਵਿਚ ਇਕ ਕਰਮਚਾਰੀ ਵੱਲੋਂ ਇਥੋਂ ਵੈਕਸੀਨ ਲੈ ਕੇ ਭੱਜ ਜਾਣਾ ਉਕਤ ਅਧਿਕਾਰੀਆਂ ਦੇ ਈਮਾਨਦਾਰ ਅਕਸ ਨੂੰ ਧੁੰਦਲਾ ਕਰਨ ਵਰਗਾ ਹੈ।

ਇਹ ਵੀ ਪੜ੍ਹੋ: ਹੈਵਾਨੀਅਤ: ਰਾਜਮਾਂਹ ਦੀ ਬੋਰੀ ਚੋਰੀ ਕਰਦੇ ਫੜੇ ਨੌਜਵਾਨਾਂ ਨੂੰ ਨੰਗੇ ਕਰਕੇ ਕੁੱਟਿਆ, ਪਿੱਠ ’ਤੇ ਲਿਖ ਦਿੱਤਾ ਚੋਰ

ਨੋਟ- ਸਿਵਲ ਹਸਪਤਾਲ ਵਿਚੋਂ ਕਰਮਚਾਰੀ ਵੱਲੋਂ ਕੋਵਿਡ ਵੈਕਸੀਨ ਚੋਰੀ ਕਰਨ ਸਬੰਧੀ ਕੀ ਹੈ ਤੁਹਾਡੇ ਰਾਈ, ਕੁਮੈਂਟ ਕਰਕੇ ਦਿਓ ਜਵਾਬ 


shivani attri

Content Editor

Related News