ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਜਲੰਧਰ ਬਾਈਪਾਸ ਚੌਕ ਜਾਮ
Tuesday, Sep 08, 2026 - 08:03 PM (IST)
ਲੁਧਿਆਣਾ (ਅਸ਼ੋਕ): ਅੱਜ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਨੇੜੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਦੇ ਨਾਲ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਬੇਅਦਬੀ ਨੂੰ ਲੈ ਕੇ ਸਮਾਜ ਵਿਚ ਭਾਰੀ ਰੋਸ ਪਾਇਆ ਗਿਆ। ਇਸ ਬੇਅਦਬੀ ਨੂੰ ਲੈ ਕੇ ਸਮਾਜ ਦੇ ਸੈਂਕੜੇ ਵਿਅਕਤੀਆਂ ਵੱਲੋਂ ਜਲੰਧਰ ਬਾਈਪਾਸ ਚੌਕ 'ਤੇ ਧਰਨਾ ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਚੌਕ ਨੂੰ ਚਾਰੋ ਪਾਸਿਓਂ ਜਾਮ ਕਰ ਦਿੱਤਾ ਗਿਆ, ਜਿਸ ਨਾਲ ਲੰਬਾ ਟ੍ਰੈਫ਼ਿਕ ਜਾਮ ਲੱਗ ਗਿਆ। ਸਮਾਜ ਦੇ ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ ਇਸ ਬੇਅਦਬੀ ਮਾਮਲੇ ਵਿਚ ਆਪਣੀ ਭੂਮਿਕਾ ਸਹੀ ਤਰ੍ਹਾਂ ਨਹੀਂ ਨਿਭਾਈ। ਦਲਿਤ ਸਮਾਜ ਦੇ ਸੈਂਕੜੇ ਲੋਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਤੇ ਕਿਸੇ ਵੀ ਵਾਹਨ ਨੂੰ ਗੁਜ਼ਰਨ ਨਹੀਂ ਦਿੱਤਾ ਗਿਆ।
ਸਥਿਤੀ ਨੂੰ ਵੇਖਦਿਆਂ ਡੀ. ਸੀ. ਪੀ. ਆਲਮ ਵਿਜੇ ਸਿੰਘ, ਏ. ਸੀ. ਪੀ. ਨਾਰਥ ਕਿੱਕਰ ਸਿੰਘ ਭੁੱਲਰ, ਸੀਨੀਅਰ ਅਫ਼ਸਰ ਸਮੀਰ ਵਰਮਾ ਭਾਰੀ ਪੁਲਸ ਫ਼ੋਰਸ ਦੇ ਨਾਲ ਮੌਕੇ 'ਤੇ ਮੌਜੂਦ ਰਹੇ। ਸਮਾਜ ਦੇ ਆਗੂ ਨਰਿੰਦਰ ਆਧੀਆ ਨੇ ਕਿਹਾ ਕਿ ਮੁਲਜ਼ਮਾਂ ਦੇ ਫੜੇ ਜਾਣ ਤਕ ਚੌਕ 'ਚ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਤੇ ਚੌਕ ਨੂੰ ਚਾਰੋ ਪਾਸਿਓਂ ਜਾਮ ਕਰ ਕੇ ਵਾਹਨ ਨੂੰ ਨਹੀਂ ਲੰਘਣ ਦਿੱਤਾ ਜਾਵੇਗਾ।
