ਮਜ਼ਾਕ ਬਣਿਆ ਸੋਸ਼ਲ ਡਿਸਟੈਂਸ ਦਾ ਨਿਯਮ, ਪੰਜਾਬ ਦੀ ਜਨਤਾ ਲਈ ਜਾਨਲੇਵਾ ਸਾਬਤ ਹੋਵੇਗੀ ਬੱਸ ਅੱਡੇ ਦੀ ਬੇਕਾਬੂ ਭੀੜ

Saturday, Apr 24, 2021 - 10:23 AM (IST)

ਮਜ਼ਾਕ ਬਣਿਆ ਸੋਸ਼ਲ ਡਿਸਟੈਂਸ ਦਾ ਨਿਯਮ, ਪੰਜਾਬ ਦੀ ਜਨਤਾ ਲਈ ਜਾਨਲੇਵਾ ਸਾਬਤ ਹੋਵੇਗੀ ਬੱਸ ਅੱਡੇ ਦੀ ਬੇਕਾਬੂ ਭੀੜ

ਜਲੰਧਰ (ਪੁਨੀਤ)– ਕੋਰੋਨਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਅਤੇ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਅਜਿਹੇ ਹਾਲਾਤ ਵਿਚ ਸੋਸ਼ਲ ਡਿਸਟੈਂਸ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ ਪਰ ਬੱਸ ਅੱਡੇ ਵਿਚ ਨਿਯਮਾਂ ਦੀ ਪ੍ਰਵਾਹ ਨਹੀਂ ਕੀਤੀ ਜਾ ਰਹੀ। ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਸੋਸ਼ਲ ਡਿਸਟੈਂਸ ਦਾ ਜ਼ਰੂਰੀ ਨਿਯਮ ਮਜ਼ਾਕ ਬਣ ਕੇ ਰਹਿ ਗਿਆ ਹੈ। ਤੁਰੰਤ ਪ੍ਰਭਾਵ ਨਾਲ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਬੱਸ ਅੱਡੇ ਵਿਚ ਬੇਕਾਬੂ ਭੀੜ ਪੰਜਾਬ ਦੀ ਜਨਤਾ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਸੋਸ਼ਲ ਡਿਸਟੈਂਸ ਬਣਾਈ ਰੱਖਣ ਲਈ ਬੱਸਾਂ ਵਿਚ 50 ਫੀਸਦੀ ਲੋਕਾਂ ਦੇ ਬੈਠਣ ਦਾ ਨਿਯਮ ਲਾਗੂ ਕੀਤਾ ਗਿਆ ਹੈ ਪਰ ਇਨ੍ਹਾਂ ਨਿਯਮਾਂ ਨੂੰ ਤਾਕ ’ਤੇ ਰੱਖਿਆ ਜਾ ਰਿਹਾ ਹੈ।

ਬੱਸ ਅੱਡੇ ਵਿਚ ਲੋਕਾਂ ਦੇ ਬੈਠਣ ਦੌਰਾਨ ਸੋਸ਼ਲ ਡਿਸਟੈਂਸ ਬਿਲਕੁਲ ਵੇਖਣ ਨੂੰ ਨਹੀਂ ਮਿਲ ਰਿਹਾ। ਬੱਸਾਂ ਦੀ ਉਡੀਕ ਕਰਨ ਵਾਲੇ ਲੋਕਾਂ ਲਈ ਜਿਹੜੇ ਬੈਂਚ ਲਾਏ ਗਏ ਹਨ, ਉਨ੍ਹਾਂ ਵਿਚ ਇਕ ਸੀਟ ਛੱਡ ਕੇ ਬੈਠਣ ਦਾ ਉਚਿਤ ਪ੍ਰਬੰਧ ਨਹੀਂ ਕੀਤਾ ਗਿਆ। ਲੋਕਾਂ ਦੇ ਖੜ੍ਹੇ ਹੋਣ ਲਈ ਗੋਲੇ ਆਦਿ ਵੀ ਕਿਤੇ ਵੇਖਣ ਨੂੰ ਮਿਲ ਰਹੇ। ਹਾਲਾਤ ਇੰਨੇ ਬਦਤਰ ਹਨ ਕਿ ਯਾਤਰੀ ਟਿਕਟ ਲੈਣ ਲਈ ਮੁਸ਼ੱਕਤ ਕਰਦੇ ਵੇਖੇ ਜਾ ਸਕਦੇ ਹਨ। ਯਾਤਰੀਆਂ ਨੂੰ ਲਾਈਨਾਂ ਵਿਚ ਟਿਕਟ ਦੇਣ ਦਾ ਪੁਖ਼ਤਾ ਇੰਤਜ਼ਾਮ ਨਹੀਂ ਹੈ। ਅਧਿਕਾਰੀਆਂ ਦੀ ਗੈਰ-ਮੌਜੂਦਗੀ ਵਿਚ ਸੋਸ਼ਲ ਡਿਸਟੈਂਸ ਸਿਫ਼ਰ ਦੇ ਬਰਾਬਰ ਰਹਿ ਜਾਂਦਾ ਹੈ। ਟਿਕਟ ਕਾਊਂਟਰ ’ਤੇ ਹਰ ਪਾਸਿਓਂ ਲੋਕ ਟਿਕਟਾਂ ਲੈਂਦੇ ਹਨ। ਸਰਕਾਰੀ ਬੱਸਾਂ ਵਿਚ ਸਫ਼ਰ ਕਰਨ ਲਈ ਔਰਤਾਂ ਨੂੰ ਸਭ ਤੋਂ ਵੱਧ ਪਾਪੜ ਵੇਲਣੇ ਪੈ ਰਹੇ ਹਨ। ਬੱਸਾਂ ਵਿਚ 50 ਫ਼ੀਸਦੀ ਦੇ ਨਿਯਮਾਂ ਕਾਰਨ ਔਰਤਾਂ ਸਭ ਤੋਂ ਵੱਧ ਪ੍ਰੇਸ਼ਾਨੀ ਝੱਲ ਰਹੀਆਂ ਹਨ। ਸਰਕਾਰੀ ਬੱਸਾਂ ਦੀ ਗਿਣਤੀ ਘੱਟ ਹੋਣ ਕਾਰਨ ਔਰਤਾਂ ਨੂੰ ਲੰਮੇ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਗਾਂਧੀ ਵਨੀਤਾ ਆਸ਼ਰਮ ਦੀਆਂ 40 ਤੋਂ ਵੱਧ ਕੁੜੀਆਂ ਕੋਰੋਨਾ ਪਾਜ਼ੇਟਿਵ, ਸਿਹਤ ਮਹਿਕਮੇ ’ਚ ਪਈਆਂ ਭਾਜੜਾਂ

PunjabKesari

ਅਜੇ ਵੀ ਬੱਸ ਅੱਡੇ ਵਿਚ ਕਈ ਲੋਕਾਂ ਨੂੰ ਬਿਨਾਂ ਮਾਸਕ ਵੇਖਿਆ ਜਾ ਸਕਦਾ ਹੈ, ਜੋ ਕਿ ਬਹੁਤ ਖਤਰਨਾਕ ਹੈ। ਸਿਹਤ ਮਹਿਕਮੇ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਲਈ ਸਾਰਿਆਂ ਨੂੰ ਇਸ ਪ੍ਰਤੀ ਚੌਕਸ ਰਹਿਣਾ ਚਾਹੀਦਾ ਹੈ, ਨਹੀਂ ਤਾਂ ਸਾਨੂੰ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਬੱਸ ਅੱਡੇ ਵਰਗੇ ਜਨਤਕ ਸਥਾਨ ’ਤੇ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਸਰਕਾਰ ਵੱਲੋਂ ਬਣਾਏ ਨਿਯਮਾਂ ਦੀ ਪਾਲਣਾ ਹੋਵੇ।

ਬੱਸ ਅੱਡੇ ਵਿਚ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਦੀ ਗਿਣਤੀ ਵਿਚ ਗਿਰਾਵਟ ਦਾ ਦੌਰ ਜਾਰੀ ਹੈ। ਕਈ ਸੂਬਿਆਂ ਵਿਚ ਲਾਕਡਾਊਨ ਹੋਣ ਕਾਰਨ ਯਾਤਰੀ ਸਫਰ ਕਰਨ ਤੋਂ ਗੁਰੇਜ਼ ਕਰ ਰਹੇ ਹਨ, ਜਿਸ ਕਾਰਨ ਯਾਤਰੀਆਂ ਦੀ ਗਿਣਤੀ ਘੱਟ ਚੁੱਕੀ ਹੈ। ਇਸ ਦਾ ਪੰਜਾਬ ਵਿਚ ਚੱਲਣ ਵਾਲੀ ਬੱਸ ਸੇਵਾ ’ਤੇ ਵੀ ਅਸਰ ਪੈ ਰਿਹਾ ਹੈ। ਪ੍ਰਾਈਵੇਟ ਬੱਸਾਂ ਦੇ ਚਾਲਕ ਦਲਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਚੱਲਣ ਵਾਲੀਆਂ ਬੱਸਾਂ ਨੂੰ ਦੂਜੇ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਕਾਰਨ ਹੋਣ ਵਾਲੇ ਲਾਭ ਵਿਚ ਗਿਰਾਵਟ ਆਈ ਹੈ। ਜਲੰਧਰ ਤੋਂ ਦਿੱਲੀ ਜਾਣ ਵਾਲੀਆਂ ਬੱਸਾਂ ਦੀਆਂ ਸੀਟਾਂ ਖਾਲੀ ਜਾ ਰਹੀਆਂ ਹਨ। ਹਰਿਆਣਾ ਸਰਕਾਰ ਵੱਲੋਂ ਸਖ਼ਤੀ ਕਰਨ ਕਾਰਨ ਯਾਤਰੀਆਂ ਦੀ ਗਿਣਤੀ ਹੋਰ ਘਟੀ ਹੈ।

ਇਹ ਵੀ ਪੜ੍ਹੋ : ਕਪੂਰਥਲਾ ਵਿਖੇ ਰਿਜ਼ਾਰਟ ’ਚ ਚੱਲ ਰਹੀ ਪਾਰਟੀ ’ਚ ਅਚਾਨਕ ਪੁੱਜੀ ਪੁਲਸ ਨੇ ਪਾ ਦਿੱਤਾ ਭੜਥੂ

PunjabKesari

ਮੁਫ਼ਤ ਦੇ ਬਾਵਜੂਦ ਔਰਤਾਂ ਨੂੰ ਟਿਕਟ ਖ਼ਰੀਦ ਕੇ ਕਰਨਾ ਪੈ ਰਿਹੈ ਸਫ਼ਰ
ਸਰਕਾਰੀ ਬੱਸਾਂ ਵਿਚ ਔਰਤਾਂ ਲਈ ਸਫ਼ਰ ਫ੍ਰੀ ਹੈ ਪਰ ਬੱਸਾਂ ਵਿਚ 50 ਫ਼ੀਸਦੀ ਯਾਤਰੀ ਹੋ ਜਾਣ ’ਤੇ ਬੱਸਾਂ ਦੇ ਚਾਲਕ ਦਲਾਂ ਵੱਲੋਂ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ। ਸ਼ੁੱਕਰਵਾਰ ਵੇਖਣ ਵਿਚ ਆਇਆ ਕਿ ਇਕ ਬੱਸ ਦਾ ਦਰਵਾਜ਼ਾ ਨਾ ਖੁੱਲ੍ਹਣ ਕਾਰਨ ਔਰਤਾਂ ਹੱਥ ਨਿਰਾਸ਼ਾ ਲੱਗੀ। ਇਕ ਔਰਤ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਸੀ ਕਿ ਬੱਸ ਆਉਣ ਤੋਂ ਬਾਅਦ ਲੋਕ ਜਲਦੀ ਨਾਲ ਚੜ੍ਹ ਗਏ ਪਰ ਉਹ ਨਹੀਂ ਚੜ੍ਹ ਸਕੀ, ਜਿਸ ਕਾਰਨ ਕੰਡਕਟਰ ਨੇ ਦਰਵਾਜ਼ੇ ਬੰਦ ਕਰ ਲਏ। ਇਸ ਤੋਂ ਬਾਅਦ ਉਕਤ ਔਰਤ ਪ੍ਰਾਈਵੇਟ ਬੱਸ ਵਿਚ ਟਿਕਟ ਲੈ ਕੇ ਰਵਾਨਾ ਹੋਈ।

ਲੰਮੇ ਸਮੇਂ ਤੱਕ ਉਡੀਕ ਦੇ ਬਾਵਜੂਦ ਨਹੀਂ ਪਹੁੰਚੀਆਂ ਕਈ ਰੂਟਾਂ ਦੀਆਂ ਬੱਸਾਂ
ਬੱਸ ਅੱਡੇ ਵਿਚ ਸਰਕਾਰੀ ਬੱਸਾਂ ਦੀ ਗਿਣਤੀ ਵਿਚ ਗਿਰਾਵਟ ਦਰਜ ਹੋਈ ਹੈ। ਇਸ ਲੜੀ ਵਿਚ ਦੇਖਣ ਵਿਚ ਆਇਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸਮੇਤ ਕਈ ਰੂਟਾਂ ’ਤੇ ਲੰਮੇ ਸਮੇਂ ਤੱਕ ਸਰਕਾਰੀ ਬੱਸਾਂ ਹੀ ਨਹੀਂ ਪਹੁੰਚੀਆਂ। ਉਡੀਕ ਕਰ ਰਹੇ ਲੋਕ ਨਿਰਾਸ਼ ਹੋ ਕੇ ਦੂਜੀਆਂ ਪ੍ਰਾਈਵੇਟ ਬੱਸਾਂ ਵੱਲ ਜਾਣ ਲੱਗੇ। ਇਕ ਔਰਤ ਯਾਤਰੀ ਸਵਿੱਤਰੀ ਦੇਵੀ ਨੇ ਕਿਹਾ ਕਿ ਸਰਕਾਰ ਨੂੰ ਫ੍ਰੀ ਸਫ਼ਰ ਦੇ ਨਾਲ-ਨਾਲ ਬੱਸਾਂ ਵੀ ਉਪਲੱਬਧ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ।

ਪੁੱਛਗਿੱਛ ਕੇਂਦਰ ਦੀਆਂ ਖਾਲੀ ਸੀਟਾਂ ਬਣ ਰਹੀਆਂ ਪ੍ਰੇਸ਼ਾਨੀਆਂ
ਲੋਕਾਂ ਦੀ ਸਹੂਲਤ ਲਈ ਬੱਸ ਅੱਡੇ ਵਿਚ ਇਕ ਪੁੱਛਗਿੱਛ ਕੇਂਦਰ ਬਣਾਇਆ ਗਿਆ ਹੈ, ਉਥੇ ਕਰਮਚਾਰੀ ਕਈ ਵਾਰ ਮੌਜੂਦ ਨਹੀਂ ਹੁੰਦੇ, ਜੋ ਕਿ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਦੂਜੇ ਪਾਸੇ ਬੱਸ ਅੱਡੇ ਦੇ ਪੁੱਛਗਿੱਛ ਕੇਂਦਰ ਦਾ ਫੋਨ ਨੰਬਰ 0181-2223755 ਹਮੇਸ਼ਾ ਬਿਜ਼ੀ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਘੰਟੇ ਮਿਲਾਉਣ ਦੇ ਬਾਵਜੂਦ ਨੰਬਰ ਨਹੀਂ ਮਿਲਦਾ। ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

ਲੋਕਾਂ ਦੀ ਪ੍ਰੇਸ਼ਾਨੀ ਦਾ ਹੱਲ ਕੱਢਾਂਗੇ : ਜੀ. ਐੱਮ. ਬਾਤਿਸ਼
ਜੀ. ਐੱਮ. ਨਵਰਾਜ ਬਾਤਿਸ਼ ਦਾ ਕਹਿਣਾ ਸੀ ਕਿ ਉਹ ਲੋਕਾਂ ਦੀ ਪ੍ਰੇਸ਼ਾਨੀ ਦਾ ਹੱਲ ਕੱਢਣਗੇ। ਉਨ੍ਹਾਂ ਕਿਹਾ ਕਿ ਸਟਾਫ਼ ਦੀ ਕਮੀ ਕਾਰਨ ਦਿੱਕਤ ਪੇਸ਼ ਆ ਰਹੀ ਹੈ। ਪੁੱਛਗਿੱਛ ਕੇਂਦਰ ਦਾ ਫੋਨ ਲੋਕਾਂ ਦੀ ਸਹੂਲਤ ਲਈ ਹੈ। ਕਈ ਵਾਰ ਦੂਜਾ ਫੋਨ ਆਉਣ ਕਾਰਨ ਫੋਨ ਬਿਜ਼ੀ ਹੋ ਸਕਦਾ ਹੈ। ਉਹ ਇਸ ਦੀ ਖੁਦ ਜਾਂਚ ਕਰਨਗੇ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

shivani attri

Content Editor

Related News