ਅਧਿਕਾਰੀਆਂ ਦੀ ਘਾਟ ਨਾਲ ਜੂਝ ਰਿਹੈ ਜਲੰਧਰ ਪ੍ਰਸ਼ਾਸਨ, ਖ਼ਾਲੀ ਪਏ ਅਹੁਦੇ ਕਰ ਰਹੇ ਅਫ਼ਸਰਾਂ ਦੀ ਉਡੀਕ

Wednesday, May 04, 2022 - 02:59 PM (IST)

ਅਧਿਕਾਰੀਆਂ ਦੀ ਘਾਟ ਨਾਲ ਜੂਝ ਰਿਹੈ ਜਲੰਧਰ ਪ੍ਰਸ਼ਾਸਨ, ਖ਼ਾਲੀ ਪਏ ਅਹੁਦੇ ਕਰ ਰਹੇ ਅਫ਼ਸਰਾਂ ਦੀ ਉਡੀਕ

ਜਲੰਧਰ (ਚੋਪੜਾ)– ਪੰਜਾਬ ਵਿਚ ‘ਆਪ’ ਦੀ ਸਰਕਾਰ ਨੂੰ ਬਣਿਆਂ ਲਗਭਗ 2 ਮਹੀਨੇ ਬੀਤ ਚੁੱਕੇ ਹਨ ਪਰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫ਼ੈਸਲੇ ਲੈਣ ਵਿਚ ਦੇਰੀ ਕਰਕੇ ਜਲੰਧਰ ਪ੍ਰਸ਼ਾਸਨ ਅਧਿਕਾਰੀਆਂ ਦੀ ਘਾਟ ਨਾਲ ਜੂਝ ਰਿਹਾ ਹੈ, ਜਿਸ ਕਾਰਨ ਜ਼ਿਲ੍ਹੇ ਵਿਚ ਸਰਕਾਰ ਦੀਆਂ ਯੋਜਨਾਵਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਵਾਉਣ ਲਈ ਪ੍ਰਸ਼ਾਸਨਿਕ ਮਹਿਕਮਿਆਂ ਵਿਚ ਲੰਮੇ ਸਮੇਂ ਤੋਂ ਅਧਿਕਾਰੀਆਂ ਦੀ ਘਾਟ ਬਣੀ ਹੋਈ ਹੈ। ਹਾਲਾਤ ਇਹ ਹੈ ਕਿ ਜ਼ਿਲ੍ਹੇ ਵਿਚ ਨਾ ਤਾਂ ਖ਼ਾਲੀ ਪਏ ਅਹੁਦਿਆਂ ’ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਹਨ ਅਤੇ ਨਾ ਹੀ ਅਸਿਸਟੈਂਟ ਕਮਿਸ਼ਨਰ ਜਨਰਲ ਅਤੇ ਅਸਿਸਟੈਂਟ ਕਮਿਸ਼ਨਰ ਗ੍ਰੀਵੈਂਸਿਜ਼ ਸਮੇਤ ਹੋਰ ਅਧਿਕਾਰੀ ਤਾਇਨਾਤ ਕੀਤੇ ਜਾ ਸਕੇ ਹਨ, ਜਿਸ ਕਾਰਨ ਜ਼ਿਲ੍ਹੇ ਵਿਚ ਪ੍ਰਸ਼ਾਸਨ ਅਧਿਕਾਰੀਆਂ ਦੀ ਘਾਟ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਐਡੀਸ਼ਨਲ ਡਿਪਟੀ ਕਮਿਸ਼ਨਰ (ਡਿਵੈੱਲਮੈਂਟ) ਦਾ ਅਹੁਦਾ 1 ਅਪ੍ਰੈਲ ਤੋਂ ਖ਼ਾਲੀ ਪਿਆ ਹੈ। ਜ਼ਿਲ੍ਹੇ ਦੇ ਤਤਕਾਲੀ ਐਡੀਸ਼ਨਲ ਡਿਪਟੀ ਕਮਿਸ਼ਨਰ (ਡਿਵੈੱਲਪਮੈਂਟ) ਜਸਪ੍ਰੀਤ ਸਿੰਘ (ਆਈ. ਏ. ਐੱਸ.) ਨੂੰ ਪੰਜਾਬ ਸਰਕਾਰ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਦਾ ਕਾਰਜਭਾਰ ਸੌਂਪਿਆ ਹੈ। ਇਸ ਤੋਂ ਇਲਾਵਾ ਅਸਿਸਟੈਂਟ ਕਮਿਸ਼ਨਰ ਜਨਰਲ ਹਰਦੀਪ ਸਿੰਘ ਨੂੰ ਜੁਆਇੰਟ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਤਾਇਨਾਤ ਕਰਨ ਦੇ ਬਾਅਦ ਤੋਂ ਇਹ ਅਹੁਦਾ ਖ਼ਾਲੀ ਹੈ। ਉਥੇ ਹੀ, ਅਸਿਸਟੈਂਟ ਕਮਿਸ਼ਨਰ ਗ੍ਰੀਵੈਂਸਿਜ਼ (ਪੀ. ਜੀ. ਓ.) ਰਣਦੀਪ ਸਿੰਘ ਗਿੱਲ ਦਾ ਤਬਾਦਲਾ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਵਜੋਂ ਕਰ ਦਿੱਤਾ ਗਿਆ ਪਰ ਇਨ੍ਹਾਂ ਅਧਿਕਾਰੀਆਂ ਦੇ ਦਫ਼ਤਰ ਅੱਜ ਵੀ ਨਵੇਂ ਅਧਿਕਾਰੀਆਂ ਦੀ ਤਾਇਨਾਤੀ ਦੀ ਰਾਹ ਤੱਕ ਰਹੇ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਕੁੜੀ ਨੇ ਅਮਰੀਕਾ 'ਚ ਗੱਡੇ ਝੰਡੇ, ਵਿਗਿਆਨੀ ਬਣ ਨੇ ਚਮਕਾਇਆ ਪੰਜਾਬ ਦਾ ਨਾਂ

ਇਸ ਤੋਂ ਇਲਾਵਾ ਨਾਇਬ ਤਹਿਸੀਲਦਾਰ ਜਲੰਧਰ-2 ਮਨੋਹਰ ਲਾਲ ਦਾ ਤਬਾਦਲਾ ਹੁਸ਼ਿਆਰਪੁਰ ਹੋਣ ਨਾਲ ਇਹ ਅਹੁਦਾ ਖਾਲੀ ਪਿਆ ਹੈ। ਜ਼ਿਲ੍ਹੇ ਵਿਚ ਐਗਜ਼ੈਕਟਿਵ ਮੈਜਿਸਟਰੇਟ ਦਾ ਅਹੁਦਾ ਵੀ ਪਿਛਲੇ ਲੰਮੇ ਸਮੇਂ ਤੋਂ ਖ਼ਾਲੀ ਹੈ, ਜਿਸ ਕਾਰਨ ਇਨ੍ਹਾਂ ਖ਼ਾਲੀ ਅਹੁਦਿਆਂ ਨਾਲ ਸਬੰਧਤ ਕੰਮਾਂ ਨੂੰ ਲੈ ਕੇ ਪਹਿਲੇ ਮੌਜੂਦ ਅਧਿਕਾਰੀਆਂ ਨੂੰ ਵਾਧੂ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਵਿਭਾਗੀ ਕਰਮਚਾਰੀਆਂ, ਪਟਵਾਰੀਆਂ, ਕਾਨੂੰਨਗੋ ਅਤੇ ਹੋਰ ਅਧਿਕਾਰੀਆਂ ਦੀ ਘਾਟ ਕਾਰਨ ਲੋਕਾਂ ਨੂੰ ਕੰਮ ਕਰਵਾਉਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹੇ ਦੀ ਜਨਤਾ ਨਾਲ ਜੁੜੇ ਰੈਵੇਨਿਊ, ਦਿਹਾਤੀ ਇਲਾਕਿਆਂ ਵਿਚ ਚੱਲ ਰਹੇ ਵਿਕਾਸ ਪ੍ਰਾਜੈਕਟ ਸਮੇਤ ਹੋਰ ਪ੍ਰਬੰਧਾਂ ਨੂੰ ਵੇਖਣ ਵਾਲੇ ਅਧਿਕਾਰੀ ਹੀ ਕਈ ਮਹੀਨਿਆਂ ਤੋਂ ਨਹੀਂ ਹਨ। ਉਥੇ ਹੀ, ਅਧਿਕਾਰੀਆਂ ਦੇ ਅਹੁਦੇ ਖ਼ਾਲੀ ਹੋਣ ਨਾਲ ਕੰਮ ਦੀ ਰਫ਼ਤਾਰ ਵੀ ਘਟ ਗਈ ਹੈ। ਦੂਜੇ ਪਾਸੇ ਪੰਜਾਬ ਦੇ ਚੀਫ਼ ਸੈਕਟਰੀ ਨੇ ਜ਼ਿਲ੍ਹਿਆਂ ਦੀ ਰੈਂਕਿੰਗ ਜਾਰੀ ਰੱਖੀ ਹੋਈ ਹੈ। ਅਜਿਹੇ ਵਿਚ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਜ਼ਿਲੇ ਦੀ ਰੈਂਕਿੰਗ ਅੱਵਲ ਬਣਾਈ ਰੱਖਣਾ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਇਸ ਤੋਂ ਇਲਾਵਾ ਅਧਿਕਾਰੀ ਦੇ ਨਾ ਹੋਣ ਕਾਰਨ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਅਧਿਕਾਰੀਆਂ ਦੇ ਤਾਇਨਾਤ ਨਾ ਹੋਣ ਨਾਲ ਰੁਟੀਨ ਦੇ ਕੰਮ ਅਤੇ ਡਾਕ ਤੱਕ ਨਿਪਟਾਉਣ ਵਿਚ ਕਾਫੀ ਪ੍ਰੇਸ਼ਾਨੀ ਆ ਰਹੀ ਹੈ। ਉਥੇ ਹੀ, ਆਪਣੀਆਂ ਜ਼ਿੰਮੇਵਾਰੀਆਂ ਦੇ ਨਾਲ ਵਾਧੂ ਚਾਰਜ ਹੋਣ ਕਾਰਨ ਸਰਕਾਰੀ ਕੰਮ ਦਾ ਬੋਝ ਕਰਮਚਾਰੀਆਂ ’ਤੇ ਲਗਾਤਾਰ ਵਧਦਾ ਜਾ ਰਿਹਾ ਹੈ।

ਆਮ ਆਦਮੀ ਪਾਰਟੀ ਨੇ ਚੋਣਾਂ ’ਚ ਜਨਤਾ ਨਾਲ ਪ੍ਰਸ਼ਾਸਨਿਕ ਸੁਧਾਰ ਕਰਨ ਦੇ ਕੀਤੇ ਸਨ ਵਾਅਦੇ
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2022 ਵਿਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ’ਤੇ ਸੂਬੇ ਦੀ ਜਨਤਾ ਨਾਲ ਵੱਡੇ ਪ੍ਰਸ਼ਾਸਨ ਵਿਚ ਸੁਧਾਰ ਕਰਨ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਜ਼ਿਲਾ ਪ੍ਰਸ਼ਾਸਨ ਦੇ ਮੌਜੂਦਾ ਹਾਲਾਤ ਤੋਂ ਲੱਗਦਾ ਹੈ ਕਿ ਜਿਵੇਂ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਵਾਅਦਿਆਂ/ਦਾਅਵਿਆਂ ਦੀ ਹਵਾ ਨਿਕਲ ਰਹੀ ਹੈ। ਪੰਜਾਬ ਸਰਕਾਰ ਨੇ ਅਧਿਕਾਰੀਆਂ ਦੇ ਤਬਾਦਲੇ ਤਾਂ ਕੀਤੇ ਪਰ ਉਨ੍ਹਾਂ ਦੀ ਥਾਂ ’ਤੇ ਖਾਲੀ ਅਹੁਦਿਆਂ ਨੂੰ ਭਰਨ ਦੀ ਕੋਈ ਖੇਚਲ ਨਹੀਂ ਕੀਤੀ। ਜੇਕਰ ਜ਼ਿਲੇ ਵਿਚ ਅਧਿਕਾਰੀ ਹੀ ਤਾਇਨਾਤ ਨਹੀਂ ਕੀਤੇ ਜਾਣਗੇ ਤਾਂ ਭਲਾ ਲੋਕ ਆਪਣੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਕਿਸ ਕੋਲ ਜਾਣ ਅਤੇ ਆਪਣੀ ਕਹਾਣੀ ਸੁਣਾਉਣ।

ਇਹ ਵੀ ਪੜ੍ਹੋ: ਅਮਰੀਕਾ ਵਿਖੇ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਡੀ. ਸੀ. ਕੋਲ ਵੀ ਹੈ ਇੰਪਰੂਵਮੈਂਟ ਟਰੱਸਟ ਦਾ ਵਾਧੂ ਚਾਰਜ, ਈ. ਓ. ਹੋਏ ਸਸਪੈਂਡ
ਇਹੀ ਨਹੀਂ, ਹੋਰ ਵਿਭਾਗਾਂ ਵਿਚ ਵੀ ਹਾਲਾਤ ਕੁਝ ਅਜਿਹੇ ਹੀ ਬਣੇ ਹੋਏ ਹਨ। ਪੰਜਾਬ ਸਰਕਾਰ ਨੇ ਪਿਛਲੇ ਮਹੀਨਿਆਂ ਦੌਰਾਨ ਸੂਬੇ ਦੇ ਸਾਰੇ ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨਾਂ ਨੂੰ ਅਹੁਦਾ ਮੁਕਤ ਕਰਨ ਦਾ ਫਰਮਾਨ ਜਾਰੀ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਟਰੱਸਟ ਦਾ ਚੇਅਰਮੈਨ ਬਣਾਉਣ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ, ਜਿਸ ਤਹਿਤ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਕੋਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਵੀ ਵਾਧੂ ਕਾਰਜਭਾਰ ਹੈ, ਜਦੋਂ ਕਿ ਡਿਪਟੀ ਕਮਿਸ਼ਨਰ ਦੀ ਸਿਫਾਰਸ਼ ਅਤੇ ਟਰੱਸਟ ਦੇ ਕੰਮਾਂ ਵਿਚ ਕੋਤਾਹੀ ਵਰਤਣ ਨੂੰ ਲੈ ਕੇ ਲੋਕਲ ਬਾਡੀਜ਼ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਨੇ ਪਿਛਲੇ ਦਿਨੀਂ ਟਰੱਸਟ ਦੇ ਈ. ਓ. ਸਮੇਤ ਕੈਸ਼ੀਅਰ ਅਤੇ ਇਕ ਜੂਨੀਅਰ ਸਹਾਇਕ ਨੂੰ ਸਸਪੈਂਡ ਕਰ ਦਿੱਤਾ ਪਰ ਇਨ੍ਹਾਂ ਨੂੰ ਸਸਪੈਂਡ ਕਰਨ ਤੋਂ ਬਾਅਦ ਟਰੱਸਟ ਵਿਚ ਨਵੇਂ ਅਧਿਕਾਰੀਆਂ ਦੀ ਤਾਇਨਾਤੀ ਨਹੀਂ ਕੀਤੀ ਗਈ। ਈ. ਓ., ਕੈਸ਼ੀਅਰ ਅਤੇ ਹੋਰ ਅਹੁਦੇ ਖ਼ਾਲੀ ਹੋਣ ਨਾਲ ਟਰੱਸਟ ਦੇ ਸਾਰੇ ਕੰਮ ਠੱਪ ਹੋ ਕੇ ਰਹਿ ਗਏ ਹਨ।

ਇਹ ਵੀ ਪੜ੍ਹੋ: ਵੱਡਾ ਹਮਲਾ ਬੋਲਣ ਦੀ ਤਿਆਰੀ 'ਚ ਸੁਨੀਲ ਜਾਖੜ, ਚਿੰਤਨ ਕੈਂਪ ’ਚ ਵਧਾਉਣਗੇ ਕਾਂਗਰਸ ਦੀਆਂ ਚਿੰਤਾਵਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News