ਗੁਰਬਤ ਦੀਆਂ ਜ਼ੰਜੀਰਾਂ ਨੇ ਜਕੜ ਲਏ ਭਵਿੱਖ ਵੱਲ ਵਧਦੇ ਪੈਰ

01/18/2020 3:36:24 PM

ਜਲੰਧਰ (ਜੁਗਿੰਦਰ ਸੰਧੂ): ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ ਦੇ ਮੁਕੱਦਰ 'ਚ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਅਤੇ ਅੱਤਵਾਦ ਕਾਰਣ ਅਜਿਹਾ ਗ੍ਰਹਿਣ ਲੱਗਾ ਹੈ ਕਿ ਉਨ੍ਹਾਂ ਦੀਆਂ ਕਿਸਮਤ-ਰੇਖਾਵਾਂ ਹੀ ਬਦਲ ਗਈਆਂ ਹਨ। ਇਸ ਸਭ ਦਾ ਪ੍ਰਭਾਵ ਮੌਜੂਦਾ ਪੀੜ੍ਹੀ 'ਤੇ ਤਾਂ ਪੈ ਹੀ ਰਿਹਾ ਹੈ, ਆਉਣ ਵਾਲੀਆਂ ਪੀੜ੍ਹੀਆਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ। ਜੰਮੂ-ਕਸ਼ਮੀਰ ਦੇ ਹਜ਼ਾਰਾਂ ਬੱਚਿਆਂ ਦੀ ਪੜ੍ਹਾਈ-ਲਿਖਾਈ ਗੋਲੀਆਂ ਦੀ ਦਹਿਸ਼ਤ ਹੇਠ ਜਾਂ ਤਾਂ ਠੱਪ ਹੋ ਗਈ ਹੈ ਜਾਂ ਫਿਰ ਉਹ ਆਪਣੀ ਇੱਛਾ ਅਨੁਸਾਰ ਵਿੱਦਿਅਕ ਖੇਤਰ 'ਚ ਉੱਚੀਆਂ ਉਡਾਰੀਆਂ ਨਹੀਂ ਭਰ ਸਕੇ। ਸਰਹੱਦੀ ਪਰਿਵਾਰਾਂ ਦੀ ਆਰਥਕ ਹਾਲਤ ਬੇਹੱਦ ਖਸਤਾ ਹੋ ਗਈ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਵੱਲ ਵਧਦੇ ਪੈਰ ਗੁਰਬਤ ਦੀਆਂ ਜ਼ੰਜੀਰਾਂ ਨੇ ਜਕੜ ਲਏ। ਬਹੁਤੇ ਵਿਦਿਆਰਥੀ ਮੁਸ਼ਕਲ ਨਾਲ 10ਵੀਂ ਹੀ ਪਾਸ ਕਰ ਸਕੇ, ਬਹੁਤ ਘੱਟ ਕਾਲਜਾਂ ਤੱਕ ਪਹੁੰਚੇ ਅਤੇ ਮਹਿੰਗਾਈ ਦੀ ਮਾਰ ਕਾਰਣ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਸਰ ਕਰਨਾ ਉਨ੍ਹਾਂ ਲਈ ਅਸੰਭਵ ਹੋ ਗਿਆ।

ਪੁੰਛ ਅਤੇ ਰਾਜੌਰੀ ਜ਼ਿਲਿਆਂ ਵਿਚ ਅਜਿਹੇ ਅਨੇਕਾਂ ਪਰਿਵਾਰ ਹਨ ਜਿਹੜੇ ਆਪਣਾ ਗੁਜ਼ਾਰਾ ਚਲਾਉਣ ਲਈ ਭਾਰੀ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੇ ਬੱਚੇ ਉੱਚੀ ਪੜ੍ਹਾਈ ਤੋਂ ਵਾਂਝੇ ਹੋਣ ਕਰ ਕੇ ਬੇਰੋਜ਼ਗਾਰੀ ਦੇ ਆਲਮ 'ਚ ਭਟਕ ਰਹੇ ਹਨ। ਸੁਆਲ ਇਹ ਵੀ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਇਸ ਤੋਂ ਅਗਲੀ ਪੀੜ੍ਹੀ ਦਾ ਕੀ ਬਣੇਗਾ। ਸੁੰਦਰਬਨੀ ਖੇਤਰ ਦੇ ਸਰਹੱਦੀ ਪਿੰਡਾਂ 'ਚ ਰਹਿਣ ਵਾਲੇ ਕੁਝ ਅਜਿਹੇ ਹੀ ਪਰਿਵਾਰਾਂ ਤਕ ਪੰਜਾਬ ਕੇਸਰੀ ਦੀ ਰਾਹਤ ਟੀਮ ਵਲੋਂ 548ਵੇਂ ਟਰੱਕ ਦੀ ਸਮੱਗਰੀ ਭਿਜਵਾਈ ਗਈ ਸੀ, ਜਿਸ ਦਾ ਯੋਗਦਾਨ ਲੁਧਿਆਣਾ ਤੋਂ ਸ਼੍ਰੀ ਰਵਿੰਦਰ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਦਿੱਤਾ ਗਿਆ ਸੀ। ਮਗਵਾਲ 'ਚ ਹੋਏ ਰਾਹਤ ਵੰਡ ਆਯੋਜਨ ਦੌਰਾਨ ਵੱਖ-ਵੱਖ  300 ਪਰਿਵਾਰਾਂ ਨੂੰ ਆਟਾ, ਚਾਵਲ, ਕੰਬਲ ਅਤੇ ਹੋਰ ਸਾਮਾਨ ਮੁਹੱਈਆ ਕਰਵਾਇਆ ਗਿਆ।

ਰਾਹਤ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦੀ ਖੇਤਰਾਂ ਨੂੰ ਅੱਤਵਾਦ ਅਤੇ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਦੀ ਅਜਿਹੀ ਮਾਰ ਪਈ ਹੈ ਕਿ ਲੋਕਾਂ ਦਾ ਜੀਵਨ ਨਰਕ ਵਰਗਾ ਬਣ ਗਿਆ ਹੈ। ਬਹੁਤ ਸਾਰੇ ਲੋਕ ਆਪਣੀ ਮਾਤ-ਭੂਮੀ ਦੀ ਰਾਖੀ ਕਰਦਿਆਂ ਪਾਕਿਸਤਾਨ ਦੇ 'ਹਮਲਿਆਂ' 'ਚ ਸ਼ਹੀਦ ਹੋ ਗਏ ਪਰ ਜਿਹੜੇ ਜ਼ਿੰਦਾ ਹਨ, ਉਨ੍ਹਾਂ ਦੀ ਹਾਲਤ ਬੇਹੱਦ ਤਰਸਯੋਗ ਹੋ ਗਈ ਹੈ। ਉਹ ਆਪਣੀ ਇੱਛਾ ਅਨੁਸਾਰ ਘਰ ਵਿਚ ਰੁੱਖੀ-ਸੁੱਕੀ ਵੀ ਅਮਨ-ਚੈਨ ਨਾਲ ਨਹੀਂ ਖਾ ਸਕਦੇ ਅਤੇ ਨਾ ਬੇਫਿਕਰ ਹੋ ਕੇ ਆਪਣੇ ਕੰਮ-ਧੰਦੇ ਕਰ ਸਕਦੇ ਹਨ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਪਾਕਿਸਤਾਨੀ ਸੈਨਿਕ ਕਿਸੇ ਵੀ ਸਮੇਂ, ਕਿਸੇ ਵੀ ਪਿੰਡ 'ਤੇ ਫਾਇਰਿੰਗ ਕਰ ਦਿੰਦੇ ਹਨ। ਲੋਕਾਂ ਦਾ ਜੀਵਨ ਡਰ ਅਤੇ ਦਹਿਸ਼ਤ ਦੇ ਮਾਹੌਲ 'ਚ ਗੁਜ਼ਰਦਾ ਹੈ। ਇਸ ਖਤਰੇ ਹੇਠ ਕਿਸਾਨ ਖੇਤਾਂ 'ਚ ਕੰਮ ਕਰਦੇ ਹਨ ਅਤੇ ਅਜਿਹੀ ਹਾਲਤ 'ਚ ਹੀ ਘਰੇਲੂ ਔਰਤਾਂ ਆਪਣੇ ਕੰਮਕਾਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰਾਂ ਲਈ ਰਾਹਤ  ਸਮੱਗਰੀ ਭਿਜਵਾਉਣਾ ਇਕ ਮਹਾਨ ਅਤੇ ਪਵਿੱਤਰ ਕਾਰਜ ਹੈ।

ਰਾਹਤ ਭਿਜਵਾਉਣ ਦਾ ਸਿਲਸਿਲਾ ਜਾਰੀ ਰਹੇਗਾ : ਕੁਲਦੀਪ ਭੁੱਲਰ
ਫਿਰੋਜ਼ਪੁਰ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਸ. ਕੁਲਦੀਪ ਸਿੰਘ ਭੁੱਲਰ ਨੇ ਕਿਹਾ ਕਿ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਲੱਖਾਂ ਪਰਿਵਾਰਾਂ ਤੱਕ ਰਾਹਤ ਸਮੱਗਰੀ ਭਿਜਵਾ ਕੇ ਪੰਜਾਬ ਕੇਸਰੀ ਪਰਿਵਾਰ ਨੇ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜਿਸ ਬਾਰੇ ਦੇਸ਼ ਦੀ ਕੋਈ ਹੋਰ ਸੰਸਥਾ ਸੋਚ ਵੀ ਨਹੀਂ ਸਕਦੀ। ਉਨ੍ਹਾਂ ਕਿਹਾ ਕਿ 20 ਸਾਲਾਂ ਤੋਂ ਲਗਾਤਾਰ ਸਮੱਗਰੀ ਦੇ ਟਰੱਕ ਭਿਜਵਾਉਣਾ ਆਸਾਨ ਕਾਰਜ ਨਹੀਂ ਹੈ ਅਤੇ ਇਸ ਦਾ ਸਾਰਾ ਸਿਹਰਾ ਵਿਜੇ ਕੁਮਾਰ ਚੋਪੜਾ ਜੀ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਦੇ ਇਸ ਯੱਗ ਵਿਚ ਫਿਰੋਜ਼ਪੁਰ ਤੋਂ ਵੀ ਰਾਹਤ ਸਮੱਗਰੀ ਭਿਜਵਾਉਣ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ ਤਾਂ ਜੋ ਹੋਰ ਜ਼ਿਆਦਾ ਪੀੜਤ ਪਰਿਵਾਰਾਂ ਦਾ ਦਰਦ ਵੰਡਾਇਆ ਜਾ ਸਕੇ।

ਪਿੰਡ ਮਗਵਾਲ ਦੇ ਸਮਾਜ ਸੇਵੀ ਕੈਪਟਨ ਕਸਤੂਰੀ ਲਾਲ ਨੇ ਇਸ ਮੌਕੇ 'ਤੇ ਕਿਹਾ ਕਿ  ਸਰਹੱਦੀ ਪਿੰਡਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਆਉਣ-ਜਾਣ ਲਈ ਪੱਕੀਆਂ ਸੜਕਾਂ ਵੀ ਨਹੀਂ ਹਨ। ਕੱਚੀਆਂ ਗਲੀਆਂ ਮੀਂਹ-ਕਣੀ 'ਚ  ਚਿੱਕੜ ਨਾਲ ਭਰ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਖੇਤਰਾਂ ਦੇ ਵਿਕਾਸ ਲਈ ਵਿਸ਼ੇਸ਼ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ।

ਲੋਕਾਂ ਕੋਲ ਰੋਗ ਸਮੇਂ ਇਲਾਜ ਦੀ ਸਮਰੱਥਾ ਵੀ ਨਹੀਂ : ਅਰੁਣ ਸ਼ਰਮਾ
ਸੁੰਦਰਬਨੀ ਬਲਾਕ ਸੰਮਤੀ ਦੇ ਚੇਅਰਮੈਨ ਅਰੁਣ ਸ਼ਰਮਾ ਸੂਦਨ ਨੇ ਕਿਹਾ ਕਿ ਕੁਝ ਇਲਾਕੇ ਇੰਨੇ ਪਿਛੜੇ ਹੋਏ ਹਨ ਕਿ ਜਿਥੇ ਸਿੱਖਿਆ ਅਤੇ ਸਿਹਤ ਸਬੰਧੀ ਸਹੂਲਤਾਂ ਵੀ ਨਹੀਂ ਹਨ। ਕਿਸੇ ਰੋਗ ਸਮੇਂ ਇਲਾਜ ਕਰਵਾਉਣ ਦੀ ਸਮਰੱਥਾ ਵੀ ਲੋਕਾਂ ਕੋਲ ਨਹੀਂ ਹੈ। ਇਹੋ ਕਾਰਣ ਹੈ ਕਿ ਸਰਹੱਦੀ ਖੇਤਰਾਂ 'ਚ ਬੀਮਾਰੀ ਕਾਰਣ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਸਰਕਾਰ ਕੋਲ ਉਠਾਇਆ ਜਾਵੇਗਾ ਅਤੇ ਮੰਗ ਕੀਤੀ ਜਾਵੇਗੀ ਕਿ ਸਰਹੱਦੀ ਲੋਕਾਂ ਨੂੰ ਮੋਬਾਇਲ ਐਂਬੂਲੈਂਸ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।

ਸਰਪੰਚ ਅਲੋਕ ਨਾਥ ਸ਼ਰਮਾ ਨੇ ਕਿਹਾ ਕਿ ਸਰਹੱਦੀ ਪਿੰਡਾਂ 'ਚ ਨਾ ਸਰਕਾਰੀ ਸਕੀਮਾਂ ਪਹੁੰਚਦੀਆਂ ਹਨ ਅਤੇ ਨਾ ਹੀ ਅਧਿਕਾਰੀ ਜਾਂ ਨੇਤਾ ਲੋਕਾਂ ਦਾ ਦੁੱਖ-ਸੁੱਖ ਪੁੱਛਣ ਆਉਂਦੇ ਹਨ। ਇਥੋਂ ਦੇ ਪਿੰਡਾਂ ਦੀ ਹਾਲਤ ਅਜਿਹੀ ਹੈ ਕਿ ਰਿਸ਼ਤੇਦਾਰ ਵੀ ਮਿਲਣ ਆਉਣ ਤੋਂ  ਕੰਨੀ ਕਤਰਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਪੰਜਾਬ ਕੇਸਰੀ ਦੀ ਟੀਮ ਮਗਵਾਲ ਪਿੰਡ ਵਿਚ ਰਾਹਤ ਸਮੱਗਰੀ ਲੈ ਕੇ ਪੁੱਜੀ ਹੈ ਅਤੇ ਬਰਸਾਤ ਦੇ ਮੌਸਮ 'ਚ ਵੀ ਲੋਕ ਸਹਾਇਤਾ ਲੈਣ ਲਈ ਪੁੱਜ ਰਹੇ ਹਨ। ਉਨ੍ਹਾਂ ਨੇ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ 'ਤੇ ਪੰਚ ਹਰਮੀਤ ਕੌਰ, ਪੰਚ ਵਿਜੇ ਕੁਮਾਰ, ਸੰਜੇ ਕੁਮਾਰ ਬਰਾਲ, ਬਚਨ ਕੌਰ, ਪੰਚ ਜੋਤੀ ਬਾਲਾ, ਫਿਰੋਜ਼ਪੁਰ ਤੋਂ ਪਰਵਿੰਦਰ ਸਿੰਘ ਖੁੱਲਰ, ਜਸਬੀਰ ਸਿੰਘ ਜੋਸਨ, ਜਗ ਬਾਣੀ ਦੇ ਪ੍ਰਤੀਨਿਧੀ ਸੁਰਿੰਦਰ ਖੁੱਲਰ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਰਾਹਤ ਸਮੱਗਰੀ ਪ੍ਰਾਪਤ ਕਰਨ ਵਾਲੇ ਲੋਕ ਮਗਵਾਲ, ਤਲਾ, ਟਾਂਡਾ, ਕਾਲੀ ਦੇਹ, ਸਾਲਵਾ ਅਤੇ ਘਾਈ ਆਦਿ ਪਿੰਡਾਂ ਨਾਲ ਸਬੰਧਤ ਸਨ।


Shyna

Content Editor

Related News