‘ਟੂਰ ਦਾ ਫਰਾਂਸ’ ਲਈ ਕੁਆਲੀਫਾਈ ਕੀਤਾ ਸਾਈਕਲਿਸਟ ਤਰਲੋਕ ਭਾਟੀਆ ਨੇ

Sunday, Mar 31, 2019 - 04:33 AM (IST)

‘ਟੂਰ ਦਾ ਫਰਾਂਸ’ ਲਈ ਕੁਆਲੀਫਾਈ ਕੀਤਾ ਸਾਈਕਲਿਸਟ ਤਰਲੋਕ ਭਾਟੀਆ ਨੇ
ਜਲੰਧਰ (ਰਾਣਾ)-ਪੰਜਾਬ ਐਂਡ ਸਿੰਧ ਬੈਂਕ ਦੀ ਭੋਗਪੁਰ ਬ੍ਰਾਂਚ ’ਚ ਬਤੌਰ ਮੈਨੇਜਰ ਸੇਵਾ ਨਿਭਾਅ ਰਹੇ ਤਰਲੋਕ ਭਾਟੀਆ ਲਈ ਸਾਈਕਲਿੰਗ ’ਤੇ ਦੌਡ਼ ਕਿਸੇ ਜਨੂੰਨ ਤੋਂ ਘੱਟ ਨਹੀਂ ਹੈ। ਇਸੇ ਜਨੂੰਨ ਦੇ ਚੱਲਦਿਆਂ ਉਹ ਰੋਜ਼ਾਨਾ 30 ਤੋਂ 35 ਕਿਲੋਮੀਟਰ ਸਾਈਕਲ ਚਲਾਉਂਦੇ ਹਨ। ਉਨ੍ਹਾਂ ਅਗਸਤ ਮਹੀਨੇ ਵਿਚ ਫਰਾਂਸ ’ਚ ਹੋਣ ਵਾਲੇ ਈਵੈਂਟ ‘ਟੂਰ ਦਾ ਫਰਾਂਸ’, ਜਿਸ ਵਿਚ 1200 ਕਿਲੋਮੀਟਰ ਰਾਈਡ ਹੈ, ਉਸ ਲਈ ਕੁਆਲੀਫਾਈ ਕਰ ਲਿਆ ਹੈ। ਤਰਲੋਕ ਭਾਟੀਆ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ 5.30 ਵਜੇ ਸਾਈਕਲ ਲੈ ਕੇ ਆਪਣੀ ਕਲੱਬ ਨਾਈਟ ਰਾਈਡਰਜ਼ ਜਲੰਧਰ ਦੇ ਮੈਂਬਰਾਂ ਨਾਲ ਸਾਈਕਲਿੰਗ ਕਰਦੇ ਹਨ। ਪਿਛਲੇ ਤਿੰਨ ਸਾਲਾਂ ਤੋਂ ਉਨ੍ਹਾਂ ਹੁਣ ਤਕ 25000 ਕਿ.ਮੀ. ਸਾਈਕਲ ਚਲਾਇਆ ਹੈ। ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਲੰਬੀ ਰਾਈਡ 1000 ਕਿਲੋਮੀਟਰ ਦੀ ਹੈ, ਜੋ ਉਨ੍ਹਾਂ 66 ਘੰਟਿਆਂ ’ਚ ਪੂਰੀ ਕੀਤੀ ਸੀ। ਔਂਡਸ ਫਰਾਂਸ ਵੱਲੋਂ ਕਰਵਾਏ ਵੱਖ-ਵੱਖ ਈਵੈਂਟਾਂ ’ਚ ਵੀ ਉਨ੍ਹਾਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਰਾਈਡ ਪੂਰੀ ਕਰ ਕੇ ਉਨ੍ਹਾਂ ‘ਸੁਪਰ ਰੈਡੋਨੀਅਰ’ ਦਾ ਖਿਤਾਬ ਹਾਸਲ ਕੀਤਾ ਹੈ । ਸ਼੍ਰੀ ਭਾਟੀਆ ਨੇ ਦੱਸਿਆ ਕਿ ਉਹ ਹੁਣ ਤਕ 10 ਹਾਫ਼ ਮੈਰਾਥਨ ਦੀ ਦੌਡ਼ ਕਰ ਚੁੱਕੇ ਹਨ। ਉਨ੍ਹਾਂ ਦਾ ਅਗਲਾ ਟੀਚਾ ‘ਆਇਰਨ ਮੈਨ’ ਬਣਨ ਦਾ ਹੈ, ਜਿਸ ਵਿਚ 180 ਕਿ.ਮੀ. ਦੌਡ਼ ਅਤੇ ਦੋ ਕਿਲੋਮੀਟਰ ਤੈਰਾਕੀ ਹੁੰਦੀ ਹੈ, ਜੋ ਲਗਾਤਾਰ 8.30 ਘੰਟੇ ਵਿਚ ਪੂਰੇ ਕਰਨੇ ਹਨ। ਉਨ੍ਹਾਂ ਦਾ ਬੇਟਾ ਜਤਿਨ ਭਾਟੀਆ ਬਿਹਤਰੀਨ ਸਾਈਕਲਿਸਟ ਹੈ। ਇਕ ਮਹੀਨੇ ’ਚ 3665 ਕਿ.ਮੀ. ਸਾਈਕਲ ਚਲਾ ਕੇ ਜਤਿਨ ਇੰਡੀਆ ’ਚ ਫਸਟ ਤੇ ਵਰਲਡ ’ਚੋਂ ਤੀਜੇ ਨੰਬਰ ’ਤੇ ਆਇਆ ਹੈ। ਉਨ੍ਹਾਂ ਦੀ ਧਰਮ ਪਤਨੀ ਸੁਸ਼ਮਾ ਰਾਣੀ ਸਰਕਾਰੀ ਅਧਿਆਪਕਾ ਹਨ, ਉਹ ਵੀ ਉਨ੍ਹਾਂ ਦਾ ਭਰਪੂਰ ਸਹਿਯੋਗ ਦਿੰਦੇ ਹਨ। ਅੰਤ ਉਨ੍ਹਾਂ ਨੌਜਵਾਨ ਪੀਡ਼੍ਹੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਅਤੇ ਮੋਬਾਈਲ ਫੋਨਾਂ ਨੂੰ ਤਿਲਾਂਜਲੀ ਦੇ ਕੇ ਸਾਈਕਲਿੰਗ ਜਾਂ ਹੋਰ ਸਰੀਰਕ ਕਸਰਤ ਕਰਨ ਤਾਂ ਜੋ ਮੁਲਕ ਦਾ ਭਵਿੱਖ ਨਰੋਆ ਤੇ ਤੰਦਰੁਸਤ ਬਣ ਸਕੇ।

Related News