ਜਲੰਧਰ ਜ਼ਿਲ੍ਹੇ ''ਚ ਜ਼ਿਲ੍ਹਾ ਪ੍ਰੀਸ਼ਦ ਲਈ 114 ਤੇ ਪੰਚਾਇਤ ਸੰਮਤੀਆਂ ਲਈ 745 ਨਾਮਜ਼ਦਗੀਆਂ ਦਾਖ਼ਲ
Friday, Dec 05, 2025 - 04:15 PM (IST)
ਜਲੰਧਰ (ਪੁਨੀਤ)–ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਨੇ ਪ੍ਰੋਗਰਾਮ ਤਹਿਤ ਜਲੰਧਰ ਜ਼ਿਲ੍ਹੇ ਵਿਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ 21 ਵਾਰਡਾਂ ਅਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਕਾਗਜ਼ ਭਰਨ ਦੀ ਪ੍ਰਕਿਰਿਆ ਵੀਰਵਾਰ ਪੂਰੀ ਹੋ ਗਈ। ਆਖਰੀ ਦਿਨ ਤਕ ਜ਼ਿਲ੍ਹਾ ਪ੍ਰੀਸ਼ਦ ਲਈ 114 ਅਤੇ ਪੰਚਾਇਤ ਸੰਮਤੀਆਂ ਲਈ 745 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ।
ਜ਼ਿਲ੍ਹਾ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਪ੍ਰਾਪਤ 114 ਨਾਮਜ਼ਦਗੀਆਂ ਦੇ ਇਲਾਵਾ ਵੱਖ-ਵੱਖ ਪੰਚਾਇਤ ਸੰਮਤੀਆਂ ਲਈ 745 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਇਨ੍ਹਾਂ ਵਿਚ ਪੰਚਾਇਤ ਸੰਮਤੀ ਰੁੜਕਾ ਕਲਾਂ ਦੀਆਂ 56, ਜਲੰਧਰ ਪੂਰਬੀ ਦੀਆਂ 64, ਜਲੰਧਰ ਪੱਛਮੀ ਦੀਆਂ 66, ਨੂਰਮਹਿਲ ਦੀਆਂ 68, ਲੋਹੀਆਂ ਖਾਸ ਦੀਆਂ 46, ਸ਼ਾਹਕੋਟ ਦੀਆਂ 73, ਨਕੋਦਰ ਦੀਆਂ 79, ਮਹਿਤਪੁਰ ਦੀਆਂ 56, ਆਦਮਪੁਰ ਦੀਆਂ 85, ਭੋਗਪੁਰ ਦੀਆਂ 64 ਅਤੇ ਫਿਲੌਰ ਦੀਆਂ 88 ਨਾਮਜ਼ਦਗੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! NRI ਦੇ ਘਰੋਂ 50 ਲੱਖ ਦੀ ਚੋਰੀ
ਨਾਮਜ਼ਦਗੀ ਕਾਗਜ਼ਾਂ ਦੀ ਜਾਂਚ 5 ਦਸੰਬਰ ਨੂੰ ਕੀਤੀ ਜਾਵੇਗੀ। ਇਸ ਦੇ ਬਾਅਦ ਉਮੀਦਵਾਰ ਲੋੜ ਪੈਣ ’ਤੇ 6 ਦਸੰਬਰ ਨੂੰ ਦੁਪਹਿਰ 3 ਵਜੇ ਤਕ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਸਕਣਗੇ। ਜ਼ਿਲ੍ਹਾ ਚੋਣ ਅਧਿਕਾਰੀ ਡਾ. ਅਗਰਵਾਲ ਨੇ ਦੱਸਿਆ ਕਿ ਵੋਟਿੰਗ 14 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤਕ ਬੈਲੇਟ ਪੇਪਰ ਜ਼ਰੀਏ ਕਰਵਾਈ ਜਾਵੇਗੀ। ਵੋਟਿੰਗ ਸਮਾਪਤ ਹੋਣ ਤੋਂ ਬਾਅਦ ਵੋਟ ਪੇਟੀਆਂ ਨੂੰ ਸੁਰੱਖਿਅਤ ਸਥਾਨ ’ਤੇ ਰੱਖਿਆ ਜਾਵੇਗਾ ਅਤੇ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਚੋਣ ਪ੍ਰਕਿਰਿਆ ਨੂੰ ਨਿਰਪੱਖ, ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਪੂਰਾ ਕਰਵਾਉਣ ਲਈ ਸਾਰੀਆਂ ਤਿਆਰੀਆਂ ਕਰ ਚੁੱਕਾ ਹੈ। ਪੋਲਿੰਗ ਕੇਂਦਰਾਂ ’ਤੇ ਸੁਰੱਖਿਆ ਵਿਵਸਥਾ, ਕਰਮਚਾਰੀਆਂ ਦੀ ਤਾਇਨਾਤੀ ਅਤੇ ਚੋਣ ਸਮੱਗਰੀ ਦੀ ਸਪਲਾਈ ਨੂੰ ਲੈ ਕੇ ਵੀ ਵਿਸਤ੍ਰਿਤ ਯੋਜਨਾ ਬਣਾਈ ਗਈ ਹੈ ਤਾਂਕਿ ਵੋਟਰਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ: Punjab: ਫਰਦ ਕੇਂਦਰਾਂ 'ਚ ਜਾਣ ਵਾਲੇ ਦਿਓ ਧਿਆਨ! ਝਲਣੀ ਪਵੇਗੀ ਇਹ ਵੱਡੀ ਮੁਸੀਬਤ
