ਵਿਆਹੁਤਾ ਨੇ ਭੇਤਭਰੇ ਹਾਲਾਤ ’ਚ ਲਿਆ ਫਾਹ
Tuesday, Mar 26, 2019 - 04:36 AM (IST)
ਜਲੰਧਰ (ਤ੍ਰੇਹਨ, ਮਰਵਾਹਾ)–ਇਥੋਂ ਦੇ ਨਜ਼ਦੀਕੀ ਪਿੰਡ ਕੰਨੀਆਂ ਕਲਾਂ ਵਿਖੇ ਇਕ ਵਿਆਹੁਤਾ ਨੇ ਭੇਤਭਰੇ ਹਾਲਾਤ ’ਚ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੇ ਪਿੰਡ ਕੰਨੀਆਂ ਕਲਾਂ ਵਿਖੇ ਪੇਕੇ ਸਨ ਜਦਕਿ ਪਿੰਡ ਨੂਰਪੁਰ ਚੱਠਾ ਵਿਖੇ ਵਿਆਹੀ ਹੋਈ ਸੀ। ਤਫਤੀਸ਼ੀ ਅਧਿਕਾਰੀ ਲਖਵਿੰਦਰ ਸਿੰਘ ਏ. ਐੱਸ. ਆਈ. ਨੇ ਦੱਸਿਆ ਕਿ ਮਮਤਾ (30) ਪੁੱਤਰੀ ਪਰਮਜੀਤ ਵਾਸੀ ਪਿੰਡ ਕੰਨੀਆਂ ਕਲਾਂ ਦਾ ਵਿਆਹ ਕਰੀਬ 5-6 ਸਾਲ ਪਹਿਲਾਂ ਕੁਲਦੀਪ ਵਾਸੀ ਪਿੰਡ ਨੂਰਪੁਰ ਚੱਠਾ ਥਾਣਾ ਨਕੋਦਰ ਨਾਲ ਹੋਇਆ ਸੀ। ਦੋਹਾਂ ਦੇ ਕੋਈ ਵੀ ਸੰਤਾਨ ਨਹੀਂ ਸੀ। ਮਮਤਾ ਦੇ ਪਿਤਾ ਦੇ ਬਿਆਨ ਅਨੁਸਾਰ ਮ੍ਰਿਤਕਾ ਕੁੱਝ ਦੇਰ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਚਲੀ ਆ ਰਹੀ ਸੀ। ਕੁੱਝ ਦਿਨ ਪਹਿਲਾਂ ਮਮਤਾ ਦਾ ਪਤੀ ਉਸ ਨੂੰ ਪੇਕੇ ਘਰ ਛੱਡ ਗਿਆ ਸੀ। ਬੀਤੇ ਕੱਲ ਉਸ ਦਾ ਪਤੀ ਕੁਲਦੀਪ ਉਸ ਨੂੰ ਲੈਣ ਵਾਸਤੇ ਵੀ ਆਇਆ ਸੀ ਪਰ ਮਮਤਾ ਉਸ ਨਾਲ ਨਹੀਂ ਗਈ। ਅੱਜ ਮਮਤਾ ਨੇ ਘਰ ਦੇ ਇਕ ਕਮਰੇ ’ਚ ਪੇਟੀ ’ਤੇ ਚਡ਼੍ਹ ਕੇ ਗਾਡਰ ਨਾਲ ਫਾਹ ਲੈ ਲਿਆ। ਪੁਲਸ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀ ਹੈ। ਮ੍ਰਿਤਕ ਦੇ ਪਿਤਾ ਪਰਮਜੀਤ ਦੇ ਬਿਆਨ ’ਤੇ ਪੁਲਸ ਨੇ ਫਿਲਹਾਲ ਧਾਰਾ 174 ਦੀ ਕਾਰਵਾਈ ਕੀਤੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।