ਡੀ. ਸੀ. ਵਲੋਂ ਪੀ. ਏ. ਪੀ. ਫਲਾਈਓਵਰ ਦਾ ਕੰਮ 31 ਤੱਕ ਪੂਰਾ ਕਰਨ ਦੇ ਹੁਕਮ

03/16/2019 5:01:05 AM

ਜਲੰਧਰ (ਅਮਿਤ)-ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਪੀ. ਏ. ਪੀ. ਚੌਕ ਤੋਂ ਫਲਾਈਓਵਰ ਬਣਾਉਣ ਸਬੰਧੀ ਕੰਮਕਾਜ ਦਾ ਜਾਇਜ਼ਾ ਲਿਆ। ਡੀ. ਸੀ. ਨੇ ਇਸ ਮੌਕੇ ਸਬੰਧਿਤ ਏਜੰਸੀ ਨੂੰ ਉਕਤ ਕੰਮ 31 ਮਾਰਚ ਤੋਂ ਪਹਿਲਾਂ-ਪਹਿਲਾਂ ਹਰ ਹਾਲ ਵਿਚ ਪੂਰਾ ਕਰਨ ਦਾ ਨਿਰਦੇਸ਼ ਜਾਰੀ ਕੀਤਾ। ਸ਼ਾਮ ਨੂੰ ਪੀ. ਏ. ਪੀ. ਚੌਕ ਪਹੁੰਚੇ ਡੀ. ਸੀ. ਨੇ ਨਿਰਮਾਣ ਅਧੀਨ ਇਸ ਪ੍ਰਾਜੈਕਟ ਦੇ ਕੰਮ ’ਤੇ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਸਹੂਲਤ ਦੇਣ ਲਈ ਇਸ ਕੰਮ ਨੂੰ ਜਲਦੀ ਪੂਰਾ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਾਜੈਕਟ ਕਾਫੀ ਲੰਮੇ ਸਮੇਂ ਤੱਕ ਲਟਕ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ। ਜਦੋਂ ਇਸ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਲਿਆ ਜਾਵੇ। ਜਿਸ ਨਾਲ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ ਇਸ ਮਹੀਨੇ ਦੇ ਅਖੀਰ ਤੱਕ ਇਹ ਕੰਮ ਪੂਰਾ ਹੋਣ ਨਾਲ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਤੋਂ ਫੌਜ ਦੇ ਅਧਿਕਾਰੀਆਂ ਨੇ ਪਹਿਲਾਂ ਹੀ ਆਪਣੇ ਟੈਂਕ ਹਟਾ ਲਏ ਅਤੇ ਰਾਮਾ ਮੰਡੀ ਤੋਂ ਪੀ. ਏ. ਪੀ. ਚੌਕ ਨੂੰ ਚੌੜਾ ਕਰਨ ਦਾ ਕੰਮ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।ਇਸ ਮੌਕੇ ਕੰਪਨੀ ਦੇ ਅਧਿਕਾਰੀਆਂ ਨੇ ਡੀ. ਸੀ. ਨੂੰ ਦੱਸਿਆ ਗਿਆ ਕਿ ਇਸ ਪ੍ਰਾਜੈਕਟ ਦਾ 90 ਫੀਸਦੀ ਕੰਮ ਪੂਰਾ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦਾ ਕੰਮ ਆਉਣ ਵਾਲੇ ਦਿਨਾਂ ਵਿਚ ਪੂਰਾ ਕਰ ਲਿਆ ਜਾਵੇਗਾ। ਕੰਪਨੀ ਦੇ ਅਧਿਕਾਰੀਆਂ ਨੇ ਡੀ. ਸੀ. ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਦਿਨਾਂ ਵਿਚ ਇਹ ਕੰਮ 31 ਮਾਰਚ ਤੋਂ ਪਹਿਲਾਂ-ਪਹਿਲਾਂ ਹਰ ਹਾਲ ਵਿਚ ਪੂਰਾ ਕਰ ਲਿਆ ਜਾਵੇਗਾ।ਜ਼ਿਕਰਯੋਗ ਹੈ ਕਿ ਰਾਮਾ ਮੰਡੀ ਤੋਂ ਪੀ. ਏ. ਪੀ. ਚੌਕ ਦੀ ਸੜਕ ਵਿਚਕਾਰ ਬਣਾਏ ਜਾਣ ਵਾਲੇ 3.20 ਕਿਲੋਮੀਟਰ ਲੰਮੇ ਫਲਾਈਓਵਰ ਦਾ ਕੰਮ ਬੀਤੇ ਇਕ ਦਹਾਕੇ ਤੋਂ ਰੁਕਿਆ ਪਿਆ ਹੈ। ਇਹ ਪ੍ਰਾਜੈਕਟ ਦਿੱਲੀ ਤੋਂ ਜਲੰਧਰ ਹੁੰਦੇ ਹੋਏ ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਪਠਾਨਕੋਟ ਅਤੇ ਜੰਮੂ ਆਉਣ-ਜਾਣ ਵਾਲੇ ਯਾਤਰੀਆਂ ਲਈ ਇਕ ਵਰਦਾਨ ਸਾਬਤ ਹੋਵੇਗਾ। ਇਸ ਦੇ ਨਾਲ ਹੀ ਇਹ ਪ੍ਰਾਜੈਕਟ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਤੋਂ ਰਾਹਤ ਦਿਵਾਉਣ ’ਚ ਸਹਾਇਕ ਸਾਬਤ ਹੋਵੇਗਾ।

Related News