ਈਮਾਨਦਾਰੀ ਤੇ ਯੋਗਤਾ ਨਾਲ ਮੰਜ਼ਿਲ ਜ਼ਰੂਰ ਪ੍ਰਾਪਤ ਹੋਵੇਗੀ : ਟੀ. ਐੱਸ. ਸੋਹਲ
Friday, Mar 08, 2019 - 04:28 AM (IST)
ਜਲੰਧਰ (ਵਰਿਆਣਾ)- ਜਿਸ ਦੇਸ਼ ਦੇ ਨਾਗਰਿਕ ਮਿਲੇ ਅਧਿਕਾਰਾਂ ਦੇ ਨਾਲ-ਨਾਲ ਦੇਸ਼, ਸਮਾਜ ਤੇ ਇਲਾਕੇ ਪ੍ਰਤੀ ਆਪਣੇ ਫਰਜ਼ਾਂ ਦੀ ਵੀ ਪਾਲਣਾ ਕਰਦੇ ਹਨ, ਉਹ ਦੇਸ਼ ਸਦਾ ਤਰੱਕੀ ਕਰਦਾ ਹੈ । ਇਹ ਵਿਚਾਰ ਅਮਰੀਕਾ ’ਚ ਪੁਲਸ ਅਫਸਰ ਵਜੋਂ ਨੌਕਰੀ ਕਰ ਰਹੇ ਟੀ. ਐੱਸ. ਸੋਹਲ ਨੇ ਵਰਿਆਣਾ ਵਿਖੇ ਨੌਜਵਾਨਾਂ, ਪਿੰਡ ’ਚ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਈਵਨਿੰਗ ਸਕੂਲ ’ਚ ਬੱਚਿਆਂ ਦੇ ਰੂ-ਬਰੂ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਕਹੇ। ਉਨ੍ਹਾਂ ਨੇ ਕਿਹਾ ਜੇਕਰ ਤੁਸੀਂ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਆਪਣੇ ਹੌਸਲਿਆਂ ਨੂੰ ਬੁਲੰਦ ਰੱਖੋ ਤੇ ਈਮਾਨਦਾਰੀ ਅਤੇ ਯੋਗਤਾ ਨਾਲ ਉਹ ਮੰਜ਼ਿਲ ਜ਼ਰੂਰ ਪ੍ਰਾਪਤ ਹੋਵੇਗੀ । ਉਨ੍ਹਾਂ ਨੇ ਕਿਹਾ ਮੈਂ ਬੇਸ਼ੱਕ ਵਿਦੇਸ਼ ’ਚ ਨੌਕਰੀ ਕਰ ਰਿਹਾ ਹਾਂ ਪਰ ਮੇਰਾ ਦਿਲ ਆਪਣੇ ਪੰਜਾਬ ਦੇ ਲੋਕਾਂ ਪ੍ਰਤੀ ਹਮੇਸ਼ਾ ਧੜਕਦਾ ਰਹਿੰਦਾ ਹੈ ਅਤੇ ਵਰਿਆਣਾ ਵਿਖੇ ਜੋ ਬਿਨਾ ਕਿਸੇ ਨਿੱਜੀ ਸਵਾਰਥ ਦੇ ਈਵਨਿੰਗ ਸਕੂਲ ਚਲ ਰਿਹਾ ਹੈ ਉਹ ਪ੍ਰਸ਼ੰਸਾਯੋਗ ਹੈ । ਉਨ੍ਹਾਂ ਨੇ ਕਿਹਾ ਜਿਸ ਦੇਸ਼ ਦੇ ਲੋਕ ਸਿਹਤ ਪੱਖੋਂ ਤੰਦਰੁਸਤ ਤੇ ਪੜ੍ਹੇ- ਲਿਖੇ ਹੋਣਗੇ ਉਹ ਦੇਸ਼ ਹਰ ਪੱਖੋਂ ਵਿਸ਼ਵ ’ਚ ਪਹਿਲੇ ਨੰਬਰ ’ਤੇ ਹੁੰਦਾ ਹੈ। ਇਸ ਮੌਕੇ ਬੱਚਿਆਂ ਨੇ ਅਮਰੀਕਾ ਅਤੇ ਪੰਜਾਬ ਦੇ ਸੱਭਿਆਚਾਰ ’ਚ ਫਰਕ, ਪੰਜਾਬੀ ਮਾਂ ਬੋਲੀ ਨੂੰ ਵਿਦੇਸ਼ਾਂ ’ਚ ਕੀ ਜਗ੍ਹਾ ਮਿਲ ਰਹੀ, ਅਮਰੀਕਾ ਅਤੇ ਪੰਜਾਬ ਦੀ ਪੁਲਸ ’ਚ ਕੀ ਫਰਕ, ਚੰਗੀਆਂ ਯੋਗਤਾਵਾਂ ਵਾਲੇ ਅਧਿਆਪਕ ਸਾਨੂੰ ਪੜ੍ਹਾਈ ਪੂਰੀ ਕਰਵਾਉਣ ਵਿਚ ਕਿਉਂ ਨਹੀਂ ਕਾਮਯਾਬ, ਸਰਕਾਰ ਦੀਆਂ ਸਹੂਲਤਾਂ ਵਿਦਿਆਰਥੀਆਂ ਅਤੇ ਖਿਡਾਰੀਆਂ ਤਕ ਪੂਰੀਆਂ ਕਿਉਂ ਨਹੀਂ ਪਹੁੰਚ ਰਹੀਆਂ ਆਦਿ ਸਵਾਲਾਂ ਦੇ ਜਵਾਬ ਟੀ. ਐੱਸ. ਸੋਹਲ ਨੇ ਬੜੇ ਹੀ ਸੁਚੱਜੇ ਢੰਗ ਨਾਲ ਦਿੱਤੇ। ਇਸ ਮੌਕੇ ਮੰਚ ਸੰਚਾਲਨ ਸੰਮੀਮ ਸੰਮੀ ਨੇ ਕੀਤਾ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜੇਸ਼ ਫੌਜੀ, ਕ੍ਰਿਸ਼ਨ ਦੀਵਾਨਾ, ਮਾ. ਹਰਬੰਸ ਸਿੰਘ ਵਿਰਕ, ਸੁਸ਼ਮਾ ਵਰਿਆਣਾ, ਰੋਸ਼ਨ ਲਾਲ, ਹਰਦੀਪ ਕੁਮਾਰ, ਮਦਨ ਲਾਲ, ਪਰਮਜੀਤ, ਰੋਹਿਤ, ਜਤਿੰਦਰ, ਨੇਹਾ, ਮਨਪ੍ਰੀਤ ਬੈਂਸ, ਕਿਰਨ, ਜੋਤੀ, ਦੀਕਸ਼ਾ, ਮੁਸਕਾਨ, ਸਿਮਰਨ, ਆਂਚਲ, ਬਾਬਾ ਨਰੰਜਣ ਸਿੰਘ, ਬੰਦਨਾ, ਰਿੰਪਲ, ਗੌਰਵ ਵਰਿਆਣਾ, ਸੰਦੀਪ ਬੈਂਸ ਤੇ ਅਨੂ ਆਦਿ ਹਾਜ਼ਰ ਸਨ।
