ਨੋ ਐਂਟਰੀ ’ਚ ਦਾਖਲ ਹੋਈ ਟਰਾਲੀ ਇੰਪਾਊਂਡ ਹੋਣ ’ਤੇ ਟ੍ਰੈਫਿਕ ਕਰਮਚਾਰੀ ’ਤੇ ਬਦਸਲੂਕੀ ਦੇ ਦੋਸ਼, ਲਾਇਆ ਧਰਨਾ

02/12/2019 5:09:31 AM

ਜਲੰਧਰ (ਜ.ਬ.)–ਨੋ ਐਂਟਰੀ ਵਿਚ ਦਾਖਲ ਹੋਈ ਟਰਾਲੀ ਨੂੰ ਇੰਪਾਊਂਡ ਕਰਨ ’ਤੇ ਅਕਾਲੀ ਦਲ ਨਾਲ ਜੁੜੇ ਲੋਕਾਂ ਨੇ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ’ਤੇ ਦੋਸ਼ ਲਾ ਕੇ ਧਰਨਾ ਲਾ ਦਿੱਤਾ । ਭਾਵੇਂ ਲੋਕਾਂ ਨੇ ਧਰਨਾ ਸਾਈਡ ’ਤੇ ਲਾਇਆ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ ਪਰ 3 ਘੰਟੇ ਤੱਕ ਟ੍ਰੈਫਿਕ ਪੁਲਸ ’ਤੇ ਦੋਸ਼ ਲਾਉਣ ਵਾਲੇ ਲੋਕ ਧਰਨੇ ’ਤੇ ਬੈਠੇ ਰਹੇ। ਅਕਾਲੀ ਦਲ ਦੇ ਸਾਬਕਾ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਕੋਦਰ ਰੋਡ ’ਤੇ 9 ਵਜੇ ਦੇ ਕਰੀਬ ਨਿਰਵੈਣ ਸਿੰਘ ਸਾਜਨ ਦੀਆਂ 2 ਟਰਾਲੀਆਂ ਰੋਕ ਲਈਆਂ। ਟਰਾਲੀ ਦੇ ਦਸਤਾਵੇਜ਼ ਪੂਰੇ ਸਨ ਪਰ ਦਿਖਾਉਣ ਦੇ ਬਾਵਜੂਦ ਏ. ਐੱਸ. ਆਈ. ਗੁਰਬਖਸ਼ ਸਿੰਘ ਟਰਾਲੀ ਮਾਲਕ ਨਿਰਵੈਣ ਸਿੰਘ ਨੂੰ ਮੌਕੇ ’ਤੇ ਬੁਲਾਉਣ ’ਤੇ ਅੜੇ ਰਹੇ। ਕਰੀਬ 11 ਵਜੇ ਨਿਰਵੈਣ ਸਿੰਘ ਸਾਜਨ ਪਹੁੰਚੇ ਤਾਂ ਵੇਖਿਆ ਸਿਰਫ ਉਨ੍ਹਾਂ ਦੀਆਂ ਟਰਾਲੀਆਂ ਹੀ ਰੋਕੀਆਂ ਸੀ, ਜਦਕਿ ਹੋਰ ਟਰਾਲੀਆਂ ਬਿਨਾਂ ਰੋਕ ਟੋਕ ਦੇ ਜਾ ਰਹੀਆਂ ਸੀ। ਸੁਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਏ. ਐੱਸ. ਆਈ. ਨੇ ਨਿੱਜੀ ਤੌਰ ’ਤੇ ਸਾਜਨ ਨੂੰ ਬੁਲਾਇਆ, ਜਦਕਿ ਉਸ ਦੇ ਨਾਲ ਬਦਸਲੂਕੀ ਵੀ ਕੀਤੀ। ਸੂਚਨਾ ਮਿਲਦੇ ਹੀ ਸੁਖਵਿੰਦਰ ਸਿੰਘ ਸਮੇਤ ਅਕਾਲੀ ਦਲ ਨਾਲ ਜੁੜੇ ਹਰਕੋਮਲਜੀਤ ਸਿੰਘ ਰੋਮੀ, ਰਾਜਵੀਰ ਸਿੰਘ ਸ਼ੰਟੀ, ਇਕਬਾਲ ਢੀਂਡਸਾ, ਗੁਰਸ਼ਰਨ ਸਿੰਘ ਤੇ ਹੋਰ ਲੋਕ ਨਕੋਦਰ ਚੌਕ ਪਹੁੰਚ ਗਏ। ਏ. ਐੱਸ. ਆਈ. ’ਤੇ ਦੋਸ਼ ਲਾਉਂਦੇ ਹੋਏ ਸਾਰੇ ਧਰਨੇ ’ਤੇ ਬੈਠ ਗਏ। ਤਿੰਨ ਘੰਟੇ ਤੋਂ ਬਾਅਦ ਜਾ ਕੇ ਏ. ਸੀ. ਪੀ. ਟ੍ਰੈਫਿਕ ਆਏ ਅਤੇ ਜਾਂਚ ਦਾ ਭਰੋਸਾ ਦੇ ਕੇ ਧਰਨਾ ਚੁਕਵਾ ਦਿੱਤਾ, ਜਦਕਿ ਇੰਪਾਊਂਡ ਕੀਤੀ ਟਰਾਲੀ ਵੀ ਛੱਡ ਦਿੱਤੀ। ਇਸ ਸਬੰਧੀ ਏ. ਸੀ. ਪੀ. ਜੰਗ ਬਹਾਦਰ ਸ਼ਰਮਾ ਦਾ ਕਹਿਣਾ ਹੈ ਕਿ ਏ. ਐੱਸ. ਆਈ. ’ਤੇ ਬਦਸਲੂਕੀ ਦੇ ਦੋਸ਼ ਗਲਤ ਸਾਬਿਤ ਹੋਏ ਹਨ। ਨੋ ਐਂਟਰੀ ਵਿਚ ਜੋ ਵੀ ਟਰਾਲੀ ਦਾਖਲ ਹੋਵੇਗੀ, ਉਸਦਾ ਚਲਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇੰਪਾਊਂਡ ਕੀਤੀ ਗਈ ਟਰਾਲੀ ਦੀ ਆਰ. ਸੀ. ਰੱਖ ਕੇ ਉਸਨੂੰ ਛੱਡ ਦਿੱਤਾ ਗਿਆ ਸੀ। ਕੋਈ ਹਾਦਸੇ ਨਾ ਹੋਵੇ, ਇਸ ਲਈ ਨੋ ਐਂਟਰੀ ਵਿਚ ਹੈਵੀ ਵਾਹਨਾਂ ਦੀ ਐਂਟਰੀ ਬੰਦ ਕੀਤੀ ਗਈ ਹੈ।

Related News