ਕੀ ਨਿਰਪੱਖਤਾ ਨਾਲ ਹੋ ਸਕੇਗੀ ਵਿੰਟੇਜ ਨੰਬਰਾਂ ’ਤੇ ਟਰਾਂਸਪੋਰਟ ਵਿਭਾਗ ਵਿਚ ਹੋਏ ਘਪਲਿਆਂ ਦੀ ਜਾਂਚ

Sunday, Mar 15, 2020 - 11:29 AM (IST)

ਜਲੰਧਰ (ਬੁਲੰਦ) - ਜਲੰਧਰ ਆਰ. ਟੀ. ਏ. ਦਫਤਰ ਵਿਚੋਂ ਵਿੰਟੇਜ ਨੰਬਰਾਂ ਦੇ ਨਾਂ ’ਤੇ ਰੋਜ਼ਾਨਾ ਇਕ ਨਵੇਂ ਨੰਬਰ ਦੀ ਆਰ. ਸੀ. ਦਾ ਪਤਾ ਲੱਗ ਰਿਹਾ ਹੈ। ਇਸ ਦੇ ਤਹਿਤ ਵਿਭਾਗ ਵਿਚ ਸਰਗਰਮ ਏਜੰਟਾਂ ਅਤੇ ਕਰਿੰਦਿਆਂ ਨੇ ਨਾ ਸਿਰਫ ਲੋਕਾਂ ਨੂੰ ਠੱਗਿਆ, ਸਗੋਂ ਉਨ੍ਹਾਂ ਨੰਬਰਾਂ ਦੇ ਅਸਲ ਮਾਲਕਾਂ ਨੂੰ ਬਿਨਾਂ ਦੱਸੇ ਹੀ ਉਨ੍ਹਾਂ ਦੇ ਵਾਹਨਾਂ ਦੇ ਨੰਬਰਾਂ ਨੂੰ ਲਗਜ਼ਰੀ ਗੱਡੀਆਂ ਦੇ ਮਾਲਕਾਂ ਨੂੰ ਵੇਚ ਕੇ ਲੱਖਾਂ ਰੁਪਏ ਕਮਾਏ। ਇਸ ਮਾਮਲੇ ਵਿਚ ਵਿਜੀਲੈਂਸ ਕੋਲ ਕੇਸ ਜਾਂਚ ਲਈ ਪਹੁੰਚ ਚੁੱਕਾ ਹੈ ਪਰ ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਕਿ ਅਜੇ ਤੱਕ ਇਸ ਕੇਸ ਵਿਚ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ।

ਪੀ. ਐੱਨ. ਓ. 6666 ਨੂੰ ਲੈ ਕੇ ਹੰਗਾਮਾ
ਮਾਮਲੇ ਬਾਰੇ ਨਵਾਂ ਕੇਸ ਪੀ. ਐੱਨ. ਓ. 6666 ਨੂੰ ਲੈ ਕੇ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਬੀਤੀ ਸ਼ਾਮ ਵਿੰਟੇਜ ਨੰਬਰਾਂ ਦਾ ਕੰਮ ਕਰਨ ਵਾਲੇ ਇਕ ਵੱਡੇ ਏਜੰਟ ਦੇ ਮਾਡਲ ਟਾਊਨ ਵਾਲੇ ਅੰਡਰਗਾਰਮੈਂਟ ਦੇ ਸ਼ੋਅਰੂਮ ਵਿਚ ਹੰਗਾਮਾ ਹੋਇਆ। ਮਾਮਲੇ ਨੂੰ ਵਧਦਾ ਵੇਖ ਕੇ ਏਜੰਟ ਨੂੰ ਗਾਹਕ ਕੋਲੋਂ ਲਏ ਸਾਰੇ ਪੈਸੇ ਮੋੜਨੇ ਪਏ। ਲੋਕਾਂ ਨੇ ਦੱਸਿਆ ਕਿ ਉਸ ਨੇ ਉਕਤ ਏਜੰਟ ਕੋਲੋਂ ਇਸ ਵਿੰਟੇਜ ਨੰਬਰ ਨੂੰ ਖਰੀਦਿਆ ਸੀ, ਇਸ ਦੇ ਲਈ ਉਸ ਨੇ 3 ਲੱਖ ਰੁਪਏ ਨੰਬਰ ਦੇ ਦਿੱਤੇ ਅਤੇ 80 ਹਜ਼ਾਰ ਰੁਪਏ ਕਾਰ ਦੇ ਟੈਕਸ ਦੇ ਦਿੱਤੇ। ਏਜੰਟ ਨੇ 80 ਹਜ਼ਾਰ ਦੀ ਫਰਜ਼ੀ ਕੰਪਿਊਟਰ ਰਸੀਦ ਉਨ੍ਹਾਂ ਨੂੰ ਦਿੱਤੀ, ਜੋ ਕਿ ਅਗਸਤ 2018 ਦੀ ਗੱਲ ਹੈ। ਇਸ ਤੋਂ ਬਾਅਦ ਅੱਜ 2 ਸਾਲ ਹੋਣ ਨੂੰ ਹਨ ਪਰ ਏਜੰਟ ਨੇ ਉਨ੍ਹਾਂ ਨੂੰ ਆਰ. ਸੀ. ਨਹੀਂ ਦਿੱਤੀ। ਮਾਮਲੇ ਬਾਰੇ ਵਿਭਾਗੀ ਸੂਤਰ ਦੱਸਦੇ ਹਨ ਕਿ ਏਜੰਟਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਸਰਕਾਰੀ ਰਸੀਦਾਂ ਅਤੇ ਚਿਪ ਵਾਲੀ ਆਰ. ਸੀ. ਫਰਜ਼ੀ ਤਰੀਕੇ ਨਾਲ ਤਿਆਰ ਕਰਨ ਲੱਗੇ ਹਨ।

PunjabKesari

ਜਿਸ ਦੀ ਨਾ ਤਾਂ ਸਰਕਾਰੀ ਖਾਤੇ ਵਿਚ ਕੋਈ ਫੀਸ ਜਮ੍ਹਾ ਹੁੰਦੀ ਹੈ ਅਤੇ ਨਾ ਹੀ ਸਰਕਾਰੀ ਚਿਪ ਵਾਲੀ ਕੋਈ ਆਰ. ਸੀ. ਹੀ ਸਰਕਾਰੀ ਰਿਕਾਰਡ ਵਿਚ ਬੋਲਦੀ ਹੈ। ਜਦੋਂ ਇਸ ਨੰਬਰ ਨੂੰ ਸਰਕਾਰ ਦੇ ਟਰਾਂਸਪੋਰਟ ਪੋਰਟਲ ਵਿਚ ਭਰ ਕੇ ਵੇਖਿਆ ਗਿਆ ਤਾਂ ਇਸ ਦਾ ਕੋਈ ਰਿਕਾਰਡ ਹੀ ਆਨਲਾਈਨ ਨਜ਼ਰ ਨਹੀਂ ਆਇਆ। ਕੀ ਇਹ ਸੰਭਵ ਹੈ ਕਿ ਚਿਪ ਵਾਲੀ ਆਰ. ਸੀ. ਵਾਹਨ-4 ਸਾਫਟਵੇਅਰ ਵਿਚ ਬਣੀ ਹੋਵੇ ਅਤੇ ਉਸ ਦਾ ਆਨਲਾਈਨ ਰਿਕਾਰਡ ਨਾ ਹੋਵੇ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਕੀ ਸਰਕਾਰ ਅਤੇ ਪੁਲਸ ਅੱਖਾਂ ਮੀਟ ਕੇ ਬੈਠੀ ਹੈ, ਜਿਸ ਤਰ੍ਹਾਂ ਹੁਣ ਏਜੰਟ ਫਰਜ਼ੀ ਆਰ. ਸੀ. ਅਤੇ ਫਰਜ਼ੀ ਕੰਪਿਊਟਰਾਈਜ਼ਡ ਰਸੀਦਾਂ ਬਣਾ ਰਹੇ ਹਨ, ਇਸ ਨਾਲ ਤਾਂ ਆਉਣ ਵਾਲੇ ਦਿਨਾਂ ਵਿਚ ਕੋਈ ਵੀ ਦੇੇਸ਼ ਵਿਰੋਧੀ ਅਨਸਰ ਆਪਣੀ ਫਰਜ਼ੀ ਆਰ. ਸੀ. ਬਣਾ ਕੇ ਦੇਸ਼ ਵਿਚ ਕਿਸੇ ਅੱਤਵਾਦੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ।

ਤਰਨਤਾਰਨ, ਲੁਧਿਆਣਾ, ਕਪੂਰਥਲਾ ਵਿਚ ਵੀ ਫਰਜ਼ੀ ਆਰ. ਸੀ. ਦੇ ਜ਼ਰੀਏ ਹੋਇਆ ਕਰੋੜਾਂ ਦਾ ਗੋਲਮਾਲ
ਮਾਮਲੇ ਬਾਰੇ ਜਾਣਕਾਰੀ ਅਨੁਸਾਰ ਤਰਨਤਾਰਨ, ਲੁਧਿਆਣਾ, ਕਪੂਰਥਲਾ ਤੇ ਜਲੰਧਰ ਵਿਚ ਸੈਂਕੜੇ ਅਮੀਰਜ਼ਾਦਿਆਂ ਦੀਆਂ ਲਗਜ਼ਰੀ ਗੱਡੀਆਂ ਲਈ ਵਿੰਟੇਜ ਨੰਬਰਾਂ ਨੂੰ ਫਰਜ਼ੀ ਆਰ. ਸੀ. ਬਣਾ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਬਾਵਜੂਦ ਇਹ ਵੱਡੇ ਏਜੰਟ ਸ਼ਰੇਆਮ ਆਪਣੇ ਕੰਮ ਨੂੰ ਅੰਜਾਮ ਦੇ ਰਹੇ ਹਨ। ਨਾ ਤਾਂ ਇਨ੍ਹਾਂ ਨੂੰ ਵਿਜੀਲੈਂਸ ਦਾ ਡਰ ਹੈ, ਨਾ ਪੁਲਸ ਦਾ। ਮਾਮਲੇ ਬਾਰੇ ਟਰਾਂਸਪੋਰਟ ਵਿਭਾਗ ਦੇ ਜਾਣਕਾਰਾਂ ਅਨੁਸਾਰ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ 25 ਮਾਰਚ ਤੋਂ ਬਾਅਦ ਵਾਹਨ-4 ਮਾਡਲ ਗੱਡੀਆਂ ਦੀ ਆਰ. ਸੀ. ਨਹੀਂ ਬਣੇਗੀ। ਇਸ ਤੋਂ ਬਾਅਦ ਵਾਹਨ-6 ਮਾਡਲ ਦੀ ਆਰ. ਸੀਜ਼ ਹੀ ਬਣਨੀ ਹੈ। ਇਸ ਨਾਲ ਉਨ੍ਹਾਂ ਅਮੀਰਜ਼ਾਦਿਆਂ ਦੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ ਦੀ ਆਰ. ਸੀ. ਨਹੀਂ ਬਣ ਸਕੇਗੀ, ਜਿਨ੍ਹਾਂ ਨੇ ਏਜੰਟਾਂ ਦੇ ਫਰਜ਼ੀ ਤੌਰ ’ਤੇ ਨੰਬਰ ਲਾ ਕੇ ਉਨ੍ਹਾਂ ਦੀ ਫਰਜ਼ੀ ਆਰ. ਸੀ. ਲਈ ਹੋਈ ਹੈ ਪਰ ਉਨ੍ਹਾਂ ਦਾ ਆਨਲਾਈਨ ਕੋਈ ਰਿਕਾਰਡ ਨਹੀਂ ਹੈ। ਅਜਿਹੀਆਂ ਗੱਡੀਆਂ ਨੂੰ ਕੋਈ ਕਲੇਮ ਨਹੀਂ ਮਿਲ ਸਕੇਗਾ।


rajwinder kaur

Content Editor

Related News