ਸਰਬੱਤ ਦਾ ਭਲਾ ਟਰੇਨ ਵਿਵਾਦ ''ਚ ਚੀਫ ਲੋਕੋ ਇੰਸਪੈਕਟਰ ਸਸਪੈਂਡ, 4 ਹੋਰਨਾਂ ''ਤੇ ਡਿੱਗੀ ਗਾਜ

10/09/2019 9:12:34 AM

ਜਲੰਧਰ(ਗੁਲਸ਼ਨ) : ਬੀਤੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਲੋਹੀਆਂ ਖਾਸ ਲਈ ਚਲਾਈ ਗਈ ਟਰੇਨ ਸਰਬੱਤ ਦਾ ਭਲਾ ਐਕਸਪ੍ਰੈੱਸ ਦੇ ਲੋਕੋ ਪਾਇਲਟ ਤੇ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦੇ ਵਿਚਕਾਰ ਜਲੰਧਰ ਰੇਲਵੇ ਸਟੇਸ਼ਨ 'ਤੇ ਹੋਏ ਵਿਵਾਦ ਦਾ ਰੇਲਵੇ ਉੱਚ ਅਧਿਕਾਰੀਆਂ ਨੇ ਸਖ਼ਤ ਨੋਟਿਸ ਲਿਆ ਹੈ।

ਇਸ ਮਾਮਲੇ ਵਿਚ ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਡੀ. ਐੱਮ. ਈ. (ਓ. ਐਂਡ ਐੱਫ.) ਨੇ ਵਿਭਾਗੀ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਉਨ੍ਹਾਂ ਨੇ ਚੀਫ ਲੋਕੋ ਇੰਸਪੈਕਟਰ ਵਰਿੰਦਰ ਨਰਵਾਰੀਆ ਨੂੰ ਤੁਰੰਤ ਸਸਪੈਂਡ ਕਰ ਦਿੱਤਾ। ਇਸ ਤੋਂ ਇਲਾਵਾ ਸੀਨੀਅਰ ਸੈਕਸ਼ਨ ਇੰਜੀਨੀਅਰ ਕਿਰਨਪਾਲ, ਲੋਕੋ ਪਾਇਲਟ ਰਾਜਿੰਦਰ ਯਾਦਵ, ਅਸਿਸਟੈਂਟ ਲੋਕੋ ਪਾਇਲਟ ਆਦਿੱਤਿਆ ਆਨੰਦ ਅਤੇ ਲੋਕੋ ਲਾਬੀ ਦੇ ਕਲਰਕ ਨੂੰ ਬੁੱਕ ਆਫ ਕਰ ਦਿੱਤਾ ਹੈ। ਇਨ੍ਹਾਂ ਸਾਰਿਆਂ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੰਡਲ ਅਧਿਕਾਰੀ ਇਨ੍ਹਾਂ ਸਾਰਿਆਂ ਨਾਲ ਜਵਾਬ-ਤਲਬੀ ਕਰਨਗੇ। ਜਾਂਚ ਚੱਲਣ ਤੱਕ ਉਕਤ ਸਾਰੇ ਰੇਲ ਕਰਮਚਾਰੀ ਡਿਊਟੀ ਜੁਆਇਨ ਨਹੀਂ ਕਰ ਸਕਣਗੇ।

ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਲੈ ਕੇ ਰੇਲ ਮੰਤਰੀ ਪਿਊਸ਼ ਗੋਇਲ, ਨਾਰਦਰਨ ਰੇਲਵੇ ਦੇ ਜੀ. ਐੱਮ. ਟੀ. ਪੀ. ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਹਰੀ ਝੰਡੀ ਦੇ ਕੇ ਟਰੇਨ ਨੂੰ ਰਵਾਨਾ ਕੀਤਾ ਸੀ। ਟਰੇਨ ਦੇ ਜਲੰਧਰ ਸਿਟੀ ਪਹੁੰਚਣ 'ਤੇ ਜਿਥੇ ਇਕ ਪਾਸੇ ਸਿੱਖ ਸੰਗਠਨਾਂ ਵਲੋਂ ਟਰੇਨ ਵਿਚ ਆਏ ਯਾਤਰੀਆਂ ਦਾ ਸਵਾਗਤ ਕੀਤਾ ਜਾ ਰਿਹਾ ਸੀ, ਉਥੇ ਦੂਜੇ ਪਾਸੇ ਰੇਲਵੇ ਕਰਮਚਾਰੀਆਂ ਵਲੋਂ ਟਰੇਨ ਦੇ ਡਰਾਈਵਰ ਨਾਲ ਵਿਵਾਦ ਸ਼ੁਰੂ ਕਰ ਦਿੱਤਾ ਗਿਆ।

ਇਹ ਸੀ ਪੂਰਾ ਮਾਮਲਾ
ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਆਪਣੇ ਨੰਬਰ ਬਣਾਉਣ ਦੇ ਚੱਕਰ ਵਿਚ ਜਲੰਧਰ ਦੇ ਕੁਝ ਲੋਕੋ ਪਾਇਲਟਾਂ ਦੇ ਨਾਲ ਟਰੇਨ ਦੇ ਇੰਜਣ ਕੋਲ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਹ ਟਰੇਨ ਜਲੰਧਰ ਦੇ ਅਧੀਨ ਆਉਂਦੀ ਹੈ ਤਾਂ ਇਸ ਟਰੇਨ ਦਾ ਡਰਾਈਵਰ ਲੋਕੋ ਪਾਇਲਟ ਵੀ ਜਲੰਧਰ ਤੋਂ ਸੁਲਤਾਨਪੁਰ ਤੱਕ ਜਾਣਾ ਚਾਹੀਦਾ ਹੈ। ਇਸ ਗੱਲ ਦਾ ਵਿਰੋਧ ਕਰਨ ਲਈ ਕੁਝ ਰੇਲ ਕਰਮਚਾਰੀਆਂ ਨੇ ਇੰਜਣ 'ਤੇ ਖੜ੍ਹੇ ਹੋ ਕੇ ਰੋਸ ਜਤਾਇਆ। ਇਸ ਦੌਰਾਨ ਲੁਧਿਆਣਾ ਦੇ ਚੀਫ ਲੋਕੋ ਇੰਸਪੈਕਟਰ ਵਿਜੇ ਵਲੋਂ ਇਤਰਾਜ਼ਯੋਗ ਸ਼ਬਦ ਕਹਿਣ ਦੌਰਾਨ ਗੱਲ ਹੱਥੋਪਾਈ ਤਕ ਪਹੁੰਚ ਗਈ। ਇਸ ਚੱਕਰ ਵਿਚ ਟਰੇਨ ਕਰੀਬ 20 ਮਿੰਟ ਸਿਟੀ ਸਟੇਸ਼ਨ 'ਤੇ ਖੜ੍ਹੀ ਰਹੀ।


cherry

Content Editor

Related News