ਜਲੰਧਰ : ਭਿਆਨਕ ਸੜਕ ਹਾਦਸੇ ''ਚ ਨੂੰਹ-ਪੁੱਤ ਸਮੇਤ ਬਜ਼ੁਰਗ ਮਾਂ ਦੀ ਮੌਤ

Friday, Jul 19, 2019 - 10:31 AM (IST)

ਜਲੰਧਰ : ਭਿਆਨਕ ਸੜਕ ਹਾਦਸੇ ''ਚ ਨੂੰਹ-ਪੁੱਤ ਸਮੇਤ ਬਜ਼ੁਰਗ ਮਾਂ ਦੀ ਮੌਤ

ਜਲੰਧਰ (ਵਰੁਣ) : ਫੋਕਲ ਪੁਆਇੰਟ ਕੋਲ ਵੱਛੇ ਦੇ ਅਚਾਨਕ ਗੱਡੀ ਦੇ ਅੱਗੇ ਆ ਜਾਣ ਕਾਰਨ ਹਾਦਸੇ 'ਚ ਜ਼ਖ਼ਮੀ ਹੋਈ ਬਜ਼ੁਰਗ ਔਰਤ ਨੇ ਦੇਰ ਰਾਤ ਦਮ ਤੋੜ ਦਿੱਤਾ ਹੈ। ਹਾਦਸੇ ਤੋਂ ਬਾਅਦ ਗੱਡੀ ਚਲਾ ਰਹੇ ਲੈਕਚਰਾਰ ਅਤੇ ਉਨ੍ਹਾਂ ਦੀ ਇੰਜੀਨੀਅਰ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਪੁਲਸ ਨੇ ਵੀਰਵਾਰ ਸਵੇਰੇ ਤਿੰਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀਆਂ, ਜਿਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਲੁਧਿਆਣਾ ਲਿਜਾਇਆ ਗਿਆ ਹੈ।

ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਬਜ਼ੁਰਗ ਔਰਤ ਕੁਲਵੰਤ ਕੌਰ ਦੇ ਸਿਰ ਅਤੇ ਛਾਤੀ 'ਤੇ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਦੀ ਹਾਲਤ ਸ਼ੁਰੂ ਤੋਂ ਹੀ ਗੰਭੀਰ ਸੀ ਪਰ ਉਨ੍ਹਾਂ ਨੇ ਦੇਰ ਰਾਤ ਦਮ ਤੋੜ ਦਿੱਤਾ। ਖਰੜ ਵਿਚ ਤਾਇਨਾਤ ਲੈਕਚਰਾਰ ਗਗਨਦੀਪ ਸਿੰਘ ਦੀ ਛਾਤੀ ਪ੍ਰੈੱਸ ਹੋਈ, ਜਦਕਿ ਸਰੀਰ ਦੇ ਹੋਰ ਅੰਗਾਂ 'ਤੇ ਵੀ ਸੱਟਾਂ ਲੱਗੀਆਂ ਸਨ। ਇੰਚਾਰਜ ਸਰਬਜੀਤ ਸਿੰਘ ਨੇ ਕਿਹਾ ਕਿ ਗਗਨਦੀਪ ਸਿੰਘ ਦੇ ਭਰਾ ਦੇ ਹਵਾਲੇ ਤਿੰਨਾਂ ਲਾਸ਼ਾਂ ਕਰ ਦਿੱਤੀਆ ਗਈਆਂ ਸਨ।

ਦੱਸ ਦੇਈਏ ਕਿ ਗਗਨਦੀਪ ਸਿੰਘ ਆਪਣੀ ਪਤਨੀ ਗੁਰਕਿਰਨਦੀਪ ਕੌਰ ਅਤੇ ਮਾਂ ਕੁਲਵੰਤ ਕੌਰ ਨਾਲ ਲੁਧਿਆਣਾ ਤੋਂ ਬਿਧੀਪੁਰ ਸਥਿਤ ਕੁਲਵੰਤ ਕੌਰ ਦਾ ਪਿੰਡ ਦੇਖਣ ਲਈ ਆ ਰਹੇ ਸੀ। ਬੁੱਧਵਾਰ ਰਾਤ ਕਰੀਬ 10 ਵਜੇ ਜਿਉਂ ਹੀ ਉਨ੍ਹਾਂ ਦੀ ਗੱਡੀ ਫੋਕਲ ਪੁਆਇੰਟ ਕੋਲ ਪੁੱਜੀ ਤਾਂ ਅਚਾਨਕ ਗੱਡੀ ਦੇ ਅੱਗੇ ਵੱਛਾ ਆ ਗਿਆ, ਜਿਸ ਨੂੰ ਬਚਾਉਣ ਦੇ ਚੱਕਰ ਵਿਚ ਗਗਨਦੀਪ ਸਿੰਘ ਤੋਂ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਸਟ੍ਰੀਟ ਲਾਈਟਾਂ ਦੇ ਖੰਭੇ ਵਿਚ ਟਕਰਾ ਗਈ। ਗਗਨਦੀਪ ਅਤੇ ਗੁਰਕਿਰਨਦੀਪ ਕੌਰ ਦਾ ਵਿਆਹ ਇਕ ਸਾਲ ਪਹਿਲਾਂ ਹੀ ਹੋਇਆ ਸੀ। ਪਤੀ-ਪਤਨੀ ਦੋਵੇਂ ਚੰਡੀਗੜ੍ਹ 'ਚ ਰਹਿੰਦੇ ਸਨ ਅਤੇ ਹੁਣ ਛੁੱਟੀ ਲੈ ਕੇ ਲੁਧਿਆਣਾ ਸਥਿਤ ਆਪਣੇ ਘਰ ਆਏ ਹੋਏ ਸਨ।


author

Baljeet Kaur

Content Editor

Related News